ਮੁਹੱਲਾ ਅਬਾਸਪੁਰਾ ’ਚ ਅਧੂਰੇ ਵਿਕਾਸ ਕਾਰਜਾਂ ਕਾਰਨ ਲੋਕ ਪ੍ਰੇਸ਼ਾਨ
ਮਾਲੇਰਕੋਟਲਾ, 9 ਅਪਰੈਲ
ਨਗਰ ਕੌਂਸਲ ਮਾਲੇਰਕੋਟਲਾ ਦੇ ਵਾਰਡ ਨੰਬਰ ਸੱਤ ਵਿੱਚ ਪੈਂਦੇ ਮੁਹੱਲਾ ਅਬਾਸਪੁਰਾ ਵਾਸੀਆਂ ਦੇ ਇੱਕ ਵਫ਼ਦ ਨੇ ਕਾਮਰੇਡ ਅਬਦੁਲ ਸਤਾਰ ਦੀ ਅਗਵਾਈ ਹੇਠ ਵਾਰਡ ’ਚ ਸਟਰੀਟ ਲਾਈਟਾਂ ਅਤੇ ਸੀਵਰੇਜ ਦੇ ਅਧੂਰੇ ਪਏ ਕੰਮ ਪੂਰੇ ਕਰਵਾਉਣ ਲਈ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਸਹਾਇਕ ਕਮਿਸ਼ਨਰ ਗੁਰਮੀਤ ਰਾਮ ਬਾਂਸਲ ਨੂੰ ਸੌਂਪਿਆ। ਮੰਗ ਪੱਤਰ ਦੇਣ ਮੌਕੇ ਵਫ਼ਦ ਨੇ ਕਿਹਾ ਕਿ ਅਬਾਸਪੁਰਾ ’ਚ ਸਥਿਤ ਮਸਜਿਦ ਤੋਂ ਲੈ ਕੇ ਨਰਸਰੀ ਦੇ ਨਾਲ ਕਰੀਬ 150 ਘਰ ਹਨ। ਇਨ੍ਹਾਂ ਘਰਾਂ ਤੱਕ ਨਾ ਸਟਰੀਟ ਲਾਈਟਾਂ ਹਨ ਤੇ ਨਾ ਹੀ ਸੀਵਰੇਜ ਲਾਈਨ ਪਾਈ ਗਈ ਹੈ ਜਦ ਕਿ ਮਸਜਿਦ ਤੱਕ ਸੀਵਰੇਜ ਅਤੇ ਸਟਰੀਟ ਲਾਈਟਾਂ ਦਾ ਕੰਮ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਸਜਿਦ ਤੋਂ ਅੱਗੇ ਸਟਰੀਟ ਲਾਈਟਾਂ ਨਾ ਹੋਣ ਕਾਰਨ ਰਾਤ ਨੂੰ ਇਸ ਖੇਤਰ ਵਿੱਚ ਲੁੱਟਾਂ ਖੋਹਾਂ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਇਸ ਖੇਤਰ ਦੇ ਵਾਸੀਆਂ ਲਈ ਰਾਤ ਨੂੰ ਮਸਜਿਦ ਜਾ ਕੇ ਨਮਾਜ਼ ਪੜ੍ਹਨ ਅਤੇ ਔਰਤਾਂ ਦਾ ਘਰੋਂ ਨਿਕਲਣਾ ਬੜਾ ਔਖਾ ਹੋ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਹੱਲੇ ਵਿੱਚ ਸੀਵਰੇਜ ਦਾ ਕੰਮ ਛੇਤੀ ਤੋਂ ਛੇਤੀ ਕਰਵਾਇਆ ਜਾਵੇ ਅਤੇ ਸਟਰੀਟ ਲਾਈਟਾਂ ਵੀ ਜਲਦੀ ਲਾਈਆਂ ਜਾਣ। ਵਫ਼ਦ ਵਿੱਚ ਮੁਹੰਮਦ ਹਲੀਮ, ਮੁਹੰਮਦ ਸਦੀਕ, ਮੁਹੰਮਦ ਸ਼ਫੀਕ, ਮੁਹੰਮਦ ਆਬਾਦ, ਮੁਹੰਮਦ ਜਮੀਲ, ਮੁਹੰਮਦ ਅਬਦੁਲ, ਮੁਹੰਮਦ ਇਕਬਾਲ, ਮੁਹੰਮਦ ਰਮਜ਼ਾਨ ਤੇ ਮੁਹੰਮਦ ਸਾਬਰ ਆਦਿ ਹਾਜ਼ਰ ਸਨ।