ਮੁਹਾਲੀ ਵਿੱਚ ‘ਸਾਹਿਬਜ਼ਾਦੇ ਯਾਦਗਾਰੀ ਮਾਰਚ’ ਕੱਢਿਆ
ਦਰਸ਼ਨ ਸਿੰਘ ਸੋਢੀ
ਐੱਸ ਏ ਐੱਸ ਨਗਰ (ਮੁਹਾਲੀ), 25 ਦਸੰਬਰ
ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸਿੰਘਾਂ ਤੇ ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹਿਰ ਵਿੱਚ ਨਗਰ ਕੀਰਤਨ ਵਜੋਂ ਸਾਹਿਬਜ਼ਾਦੇ ਯਾਦਗਾਰੀ ਮਾਰਚ ਸਾਡਾ ਵਿਰਸਾ-ਸਾਡਾ ਪਰਿਵਾਰ ਕੱਢਿਆ ਗਿਆ। ਇੱਥੋਂ ਦੇ ਗੁਰਦੁਆਰਾ ਸਾਚਾ ਧਨੁ ਸਾਹਿਬ ਫੇਜ਼-3ਬੀ-1 ਵੱਲੋਂ ਅਰਦਾਸ ਉਪਰੰਤ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸਜਾਇਆ ਗਿਆ ਜੋ ਫੇਜ਼-7 ਦੀ ਮਾਰਕੀਟ, ਗੁਰਦੁਆਰਾ ਅੰਬ ਸਾਹਿਬ ਫੇਜ਼-8, ਫੇਜ਼-9 ਅਤੇ ਫੇਜ਼-10 ਦੀ ਮਾਰਕੀਟ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਸਿੰਘ ਸਭਾ ਫੇਜ਼-11 ਵਿਖੇ ਪਹੁੰਚ ਕੇ ਸਮਾਪਤ ਹੋਇਆ। ਇਸ ਦੌਰਾਨ ਸਾਹਿਬਜ਼ਾਦੇ ਯਾਦਗਾਰੀ ਮਾਰਚ ਦੇ ਸਵਾਗਤ ਲਈ ਸੰਗਤਾਂ ਵੱਲੋਂ ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਲੰਗਰ ਲਾਏ ਗਏ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਮਾਨ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਅਰਦਾਸ ਕੀਤੀ, ਉਪਰੰਤ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੇ ਰੂਪ ਵਿੱਚ ਸਾਹਿਬਜ਼ਾਦੇ ਯਾਦਗਾਰੀ ਮਾਰਚ ਆਰੰਭ ਹੋਇਆ। ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਬਲਾਕ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧ ਆਦਿ ਨੇ ਹਾਜ਼ਰੀ ਭਰੀ।