ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਪ੍ਰਧਾਨਗੀ ਦਾ ਰੇੜਕਾ ਹੱਥੋਪਾਈ ਤੱਕ ਪੁੱਜਾ
ਕਰਮਜੀਤ ਸਿੰਘ ਚਿੱਲਾ
ਐੱਸ ਏ ਐੱਸ ਨਗਰ (ਮੁਹਾਲੀ), 27 ਦਸੰਬਰ
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਦੋ ਧੜਿਆਂ ਦੌਰਾਨ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਅੱਜ ਝਗੜੇ ਦਾ ਰੂਪ ਧਾਰ ਗਿਆ। ਐਸੋਸੀਏਸ਼ਨ ਦੇ ਦਫ਼ਤਰ ਵਿਖੇ ਅੱਜ ਸਨਅਤਕਾਰਾਂ ਦੇ ਦੋ ਗਰੁੱਪਾਂ ਦਰਮਿਆਨ ਘਸੁੰਨ ਮੁੱਕੀ ਹੋਈ। ਪ੍ਰਧਾਨਗੀ ਦੇ ਪ੍ਰਮੁੱਖ ਦਾਅਵੇਦਾਰ ਮੁਕੇਸ਼ ਬਾਂਸਲ ਨੇ ਐਸੋਸੀਏਸ਼ਨ ’ਤੇ ਕਾਬਜ਼ ਬਲਜੀਤ ਸਿੰਘ ਬਲੈਕਸਟੋਨ ਦੇ ਧੜੇ ਉੱਤੇ ਬਾਹਰੋਂ ਵਿਅਕਤੀ ਬੁਲਾ ਕੇ ਕੁੱਟਮਾਰ ਕਰਨ ਅਤੇ ਕੱਪੜੇ ਫਾੜਨ ਦੇ ਇਲਜ਼ਾਮ ਲਗਾਏ। ਇਸ ਮੌਕੇ ਕਵਰੇਜ਼ ਕਰ ਰਹੇ ਮੀਡੀਆ ਕਰਮੀਆਂ ਨਾਲ ਨਾਲ ਵੀ ਧੱਕਾ-ਮੁੱਕੀ ਹੋਈ ਤੇ ਉਨ੍ਹਾਂ ਦੇ ਮੋਬਾਈਲ ਖੋਹੇ ਗਏ। ਇੱਕ ਪੱਤਰਕਾਰ ਵੱਲੋਂ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਾਈ ਗਈ ਹੈ। ਮੁਕੇਸ਼ ਬਾਂਸਲ ਵੱਲੋਂ ਮੁਹਾਲੀ ਦੀ ਡਿਪਟੀ ਕਮਿਸ਼ਨਰ ਨੂੰ ਐਸੋਸੀਏਸ਼ਨ ਦੀ ਚੋਣ ਕਰਾਉਣ ਸਬੰਧੀ ਦਰਖ਼ਾਸਤ ਦਿੱਤੀ ਗਈ ਸੀ, ਜਿਸ ਦੀ ਸੁਣਵਾਈ ਕਰਦਿਆਂ ਐੱਸਡੀਐੱਮ ਮੁਹਾਲੀ ਨੇ ਪੰਦਰਾਂ ਦਿਨਾਂ ਦੇ ਅੰਦਰ ਚੋਣ ਕਰਾਉਣ ਦੇ ਨਿਰਦੇਸ਼ ਦਿੱਤੇ ਸਨ। ਇਸੇ ਚੋਣ ਸਬੰਧੀ ਐਲਾਨ ਕਰਨ ਲਈ ਮੁਕੇਸ਼ ਬਾਂਸਲ ਵੱਲੋਂ ਪ੍ਰੈਸ ਕਾਨਫ਼ਰੰਸ ਸੱਦੀ ਗਈ ਸੀ। ਐਮਆਈਏ ਭਵਨ ਦੇ ਮੀਟਿੰਗ ਹਾਲ ਵਿੱਚ ਜਾਣ ਨੂੰ ਲੈ ਕੇ ਪੁਲੀਸ ਦੀ ਮੌਜੂਦਗੀ ਵਿਚ ਦੋਹਾਂ ਧਿਰਾਂ ਦਰਮਿਆਨ ਟਕਰਾਅ ਹੋ ਗਿਆ। ਮੁਕੇਸ਼ ਬਾਂਸਲ ਨੇ ਦੋਸ਼ ਲਗਾਇਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਤੇ ਬਾਅਦ ਵਿੱਚ ਜਬਰੀ ਅੰਦਰ ਘੜੀਸ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਮੁਕੇਸ਼ ਬਾਂਸਲ ਇਸ ਸਮੇਂ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਦੂਜੇ ਪਾਸੇ ਐਸੋਸੀਏਸ਼ਨ ਦੇ ਪ੍ਰਧਾਨ ਚਲੇ ਆ ਰਹੇ ਬਲਜੀਤ ਸਿੰਘ ਬਲੈਕਸਟੋਨ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਇਲਜ਼ਾਮ ਲਾਇਆ ਕਿ ਬਾਂਸਲ ਧੜੇ ਨੇ ਛੁੱਟੀ ਦੇ ਬਾਵਜੂਦ ਕਰਮਚਾਰੀਆਂ ਨੂੰ ਧਮਕਾ ਕੇ ਦਫ਼ਤਰ ਖੁੱਲ੍ਹਵਾਇਆ। ਉਨ੍ਹਾਂ ਕਿਹਾ ਕਿ ਮੁਕੇਸ਼ ਬਾਂਸਲ ਧੜੇ ਵੱਲੋਂ ਉਨ੍ਹਾਂ ਦੇ ਇੱਕ ਮੈਂਬਰ ਦੀ ਕੁੱਟਮਾਰ ਕਰਕੇ ਦਸਤਾਰ ਲਾਹੀ ਗਈ, ਜਿਸ ਮਗਰੋਂ ਮਾਹੌਲ ਖਰਾਬ ਹੋਇਆ। ਘਟਨਾ ਦਾ ਪਤਾ ਲੱਗਦਿਆਂ ਹੀ ਮੁਹਾਲੀ ਪੁਲੀਸ ਦੇ ਏਐਸਪੀ, ਫੇਜ਼ ਪਹਿਲਾ ਦੇ ਥਾਣਾ ਇੰਚਾਰਜ ਤੇ ਵੱਡੀ ਗਿਣਤੀ ਵਿੱਚ ਹੋਰ ਪੁਲੀਸ ਮੌਕੇ ’ਤੇ ਪਹੁੰਚ ਗਈ ਤੇ ਮਾਹੌਲ ਨੂੰ ਸ਼ਾਂਤ ਕੀਤਾ।
ਕਾਰੋਬਾਰੀ ’ਤੇ ਹਮਲੇ ਦੇ ਮਾਮਲੇ ਵਿੱਚ ਇੱਕ ਹੋਰ ਗ੍ਰਿਫ਼ਤਾਰ
ਐੱਸ.ਏ.ਐੱਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਪਿੰਡ ਤਸੌਲੀ ਦੇ ਕਾਰੋਬਾਰੀ ’ਤੇ ਹਮਲੇ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਨੇ ਦੂਜੇ ਮੁਲਜ਼ਮ ਸੁਖਮਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਮੁਲਜ਼ਮ ਰਣਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜੋ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।