ਪੰਜਾਬ ਯੂਨੀਵਰਸਿਟੀ ਵਿੱਚ ਮਨਮੋਹਨ ਸਿੰਘ ਨਮਿੱਤ ਸ਼ੋਕ ਸਭਾ ਕਰਵਾਈ
ਕੁਲਦੀਪ ਿਸੰਘ
ਚੰਡੀਗੜ੍ਹ, 27 ਦਸੰਬਰ
ਸਾਬਕਾ ਪ੍ਰਧਾਨ ਮੰਤਰੀ ਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਡਾ. ਮਨਮੋਹਨ ਸਿੰਘ ਨੂੰ ਅੱਜ ਸ਼ਰਧਾਂਜਲੀ ਦੇਣ ਲਈ ਸੈਨੇਟ ਹਾਲ ਵਿੱਚ ਇੱਕ ਸ਼ੋਕ ਸਭਾ ਕਰਵਾਈ ਗਈ। ਇਸ ਸ਼ੋਕ ਸਮਾਗਮ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰੇਨੂੰ ਵਿੱਗ, ਰਜਿਸਟਰਾਰ ਪ੍ਰੋ. ਵਾਈਪੀ ਵਰਮਾ ਤੇ ਵੱਡੀ ਗਿਣਤੀ ਵਿੱਚ ਫੈਕਲਟੀ ਤੇ ਸਟਾਫ਼ ਮੈਂਬਰ ਸ਼ਾਮਲ ਹੋਏ। ਮੀਟਿੰਗ ਦੌਰਾਨ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਡਾ. ਮਨਮੋਹਨ ਸਿੰਘ ਵੱਲੋਂ ਦੇਸ਼ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ।
ਇਸ ਦੌਰਾਨ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੂਟਾ ਪ੍ਰਧਾਨ ਪ੍ਰੋ. ਅਮਰਜੀਤ ਸਿੰਘ ਨੌਰਾ, ਜਨਰਲ ਸਕੱਤਰ ਡਾ. ਮ੍ਰਿਤੁੰਜੈ ਕੁਮਾਰ ਨੇ ਕਿਹਾ ਕਿ ਪੀਯੂ ਦੇ ਸਾਬਕਾ ਵਿਦਿਆਰਥੀ ਤੇ ਪ੍ਰੋਫੈਸਰ ਮਨਮੋਹਨ ਸਿੰਘ ਨੇ ਅਕਾਦਮਿਕ ਉੱਤਮਤਾ, ਇਮਾਨਦਾਰੀ ਅਤੇ ਜਨਤਕ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਮੂਰਤੀਮਾਨ ਕੀਤਾ।