ਮੁਸਲਿਮ ਰਾਖਵਾਂਕਰਨ ਬਿੱਲ ਪਾਸ ਕਰਨ ’ਤੇ ਭਾਜਪਾ ਨੂੰ ਇਤਰਾਜ਼
ਪੱਤਰ ਪ੍ਰੇਰਕ
ਹੁਸ਼ਿਆਰਪੁਰ, 24 ਮਾਰਚ
ਭਾਜਪਾ ਨੇ ਕਰਨਾਟਕਾ ਦੀ ਕਾਂਗਰਸ ਸਰਕਾਰ ਵੱਲੋਂ ਮੁਸਲਿਮ ਰਾਖਵਾਂਕਰਨ ਬਿੱਲ ਪਾਸ ਕੀਤੇ ਜਾਣ ’ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ, ਭਾਜਪਾ ਆਗੂ ਡਾ. ਪੰਕਜ ਸ਼ਰਮਾ, ਮਨੋਜ ਸ਼ਰਮਾ, ਧੀਰਜ ਐਰੀ, ਸੰਦੀਪ ਸ਼ਰਮਾ, ਮਨਿੰਦਰ ਸਿੰਘ, ਵਰੁਣ ਕਤਿਆਲ ਆਦਿ ਨੇ ਅੱਜ ਇੱਥੇ ਜਾਰੀ ਬਿਆਨ ’ਚ ਕਿਹਾ ਕਿ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਲਈ ਸੰਵਿਧਾਨ ਨੂੰ ਬਦਲਣ ਦੀ ਗੱਲ ਕਰ ਕੇ ਕਾਂਗਰਸ ਪਾਰਟੀ ਦੇਸ਼ ਨੂੰ ਤੋੜਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਜਿਸ ਰਸਤੇ ’ਤੇ ਚੱਲ ਕੇ ਦੇਸ਼ ਦੇ ਦੋ ਟੁਕੜੇ ਕੀਤੇ, ਰਾਹੁਲ ਗਾਂਧੀ ਵੀ ਉਸੇ ਰਸਤੇ ’ਤੇ ਚੱਲ ਕੇ ਦੇਸ਼ ਨੂੰ ਤੋੜ ਕੇ ਨੇਤਾ ਬਣਨਾ ਚਾਹੁੰਦੇ ਹਨ।
ਭਾਜਪਾ ਆਗੂਆਂ ਨੇ ਕਿਹਾ ਕਿ ਕਰਨਾਟਕਾ ਵਿੱਚ ਧਰਮ ਦੇ ਨਾਂਅ ’ਤੇ ਰਾਖਵਾਂਕਰਨ ਦੇ ਕੇ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾ ਡੀ.ਕੇ ਸ਼ਿਵ ਕੁਮਾਰ ਨੇ ਆਪਣੇ ਇਕ ਇੰਟਰਵਿਊ ਵਿਚ ਸਪਸ਼ਟ ਕਿਹਾ ਹੈ ਕਿ ਜੇਕਰ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਲਈ ਸੰਵਿਧਾਨ ਨੂੰ ਵੀ ਬਦਲਣਾ ਪਿਆ ਤਾਂ ਉਹ ਤਿਆਰ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਿਸੇ ਕੀਮਤ ਨਹੀਂ ਹੋਣ ਦਿੱਤਾ ਜਾਵੇਗਾ।