ਮੁਲਕ ਸਭ ਤੋਂ ਮੁਸ਼ਕਲ ਆਰਥਿਕ ਹਾਲਾਤ ’ਚੋਂ ਗੁਜ਼ਰ ਰਿਹੈ: ਕਾਂਗਰਸ
ਨਵੀਂ ਦਿੱਲੀ, 30 ਅਕਤੂਬਰ
ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਤਨਖ਼ਾਹ ’ਚ ਖੜੋਤ, ਨਾਬਰਾਬਰੀ ਤੇ ਮਹਿੰਗਾਈ ਕਾਰਨ ਮੁਲਕ ’ਚ ਮੰਦੀ ਵਰਗੇ ਹਾਲਾਤ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਕਈ ਸਾਲਾਂ ’ਚ ਆਪਣੇ ਸਭ ਤੋਂ ਮੁਸ਼ਕਲ ਆਰਥਿਕ ਹਾਲਾਤ ’ਚੋਂ ਗੁਜ਼ਰ ਰਿਹਾ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਬਿਆਨ ’ਚ ਕਿਹਾ ਕਿ ਜੇ ਹਾਲਾਤ ਨਾਲ ਹੁਣੇ ਹੀ ਗੰਭੀਰਤਾ ਨਾਲ ਨਹੀਂ ਸਿੱਝਿਆ ਗਿਆ ਤਾਂ ਆਉਂਦੇ ਸਾਲਾਂ ’ਚ ਵਿਕਾਸ ਲੀਹੋਂ ਲੱਥ ਸਕਦਾ ਹੈ। ਉਨ੍ਹਾਂ ਕਿਹਾ, ‘‘ਪਿਛਲੇ ਤਿੰਨ ਦਹਾਕਿਆਂ ਤੋਂ ਭਾਰਤ ਦੀ ਵਿਕਾਸ ਗਾਥਾ ਖਪਤ ’ਚ ਵਾਧੇ ਦੀ ਕਹਾਣੀ ਸੀ। ਕਰੋੜਾਂ ਪਰਿਵਾਰਾਂ ਦੇ ਗਰੀਬੀ ’ਚੋਂ ਨਿਕਲ ਕੇ ਮੱਧ ਵਰਗ ’ਚ ਦਾਖ਼ਲ ਹੋਣ ਦੀ ਕਹਾਣੀ ਸੀ। ਇਹ ਇਕ ਮਜ਼ਬੂਤ ਅਰਥਚਾਰੇ ਦਾ ਸੰਕੇਤ ਸੀ ਜੋ ਤੇਜ਼ ਰਫ਼ਤਾਰ ਨਾਲ ਵਧ ਰਹੀ ਸੀ।’’ ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ ’ਚ ਦੇਸ਼ ’ਚ ਖਪਤ ਦੀ ਕਹਾਣੀ ਪੁੱਠੀ ਘੁੰਮ ਗਈ ਹੈ ਅਤੇ ਭਾਰਤੀ ਅਰਥਚਾਰੇ ਲਈ ਸਭ ਤੋਂ ਵੱਡੀ ਸਮੱਸਿਆ ਬਣ ਕੇ ਉਭਰੀ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਮੁਲਕ ਦੇ ਕਾਰੋਬਾਰੀ ਵੀ ਹੁਣ ਫਿਕਰਮੰਦ ਹਨ ਅਤੇ ਇਕ ਪ੍ਰਮੁੱਖ ਸੀਈਓ ਨੇ ਇਥੋਂ ਤੱਕ ਆਖ ਦਿੱਤਾ ਕਿ ਮੁਲਕ ’ਚ ਮੱਧ ਵਰਗ ਸੁੰਗੜ ਰਿਹਾ ਹੈ। -ਪੀਟੀਆਈ