ਮੀਂਹ ਨੇ ਠਾਰਿਆ ਲੁਧਿਆਣਾ ਸ਼ਹਿਰ
ਲੁਧਿਆਣਾ, 27 ਦਸੰਬਰ
ਸੂਬੇ ਦੇ ਹੋਰਨਾਂ ਸ਼ਹਿਰਾਂ ਨਾਲੋਂ ਅਕਸਰ ਗਰਮ ਰਹਿਣ ਵਾਲੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਸਾਰਾ ਦਿਨ ਰੁਕ-ਰੁਕ ਕੇ ਮੀਂਹ ਪਿਆ ਜਿਸ ਨਾਲ ਠੰਢ ਦੀ ਜਕੜ ਵੱਧ ਗਈ ਹੈ। ਅੱਜ ਸਾਰਾ ਦਿਨ ਪਏ ਮੀਂਹ ਮਗਰੋਂ ਤਾਪਮਾਨ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਇਸ ਵਾਰ ਦਸੰਬਰ ਮਹੀਨੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਔਸਤਨ ਘੱਟ ਮੀਂਹ ਦਰਜ ਕੀਤਾ ਗਿਆ ਹੈ।
ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ। ਸਾਰਾ ਦਿਨ ਅੰਬਰ ’ਤੇ ਕਾਲੀਆਂ ਘਟਾਵਾਂ ਛਾਈਆਂ ਰਹੀਆਂ ਅਤੇ ਕਈ ਵਾਰ ਬੱਦਲ ਗਰਜੇ ਅਤੇ ਹਲਕੀ ਬਿਜਲੀ ਵੀ ਚਮਕਦੀ ਰਹੀ। ਇਸ ਮੀਂਹ ਨੇ ਤਾਪਮਾਨ ਵਿੱਚ ਭਾਰੀ ਕਮੀ ਲਿਆਂਦੀ ਹੈ। ਠੁਰ-ਠੁਰ ਕਰਦੇ ਲੋਕ ਸੜਕਾਂ ਕੰਢੇ ਧੂਣੀਆਂ ਬਾਲ ਕੇ ਬੈਠੇ ਆਮ ਦੇਖੇ ਗਏ। ਮੀਂਹ ਦੇ ਨਾਲ ਹੀ ਹਲਕੀ ਤੇ ਕਦੇ ਕਦੇ ਤੇਜ਼ ਹਵਾ ਵੀ ਚੱਲ ਰਹੀ ਹੈ ਜਿਸ ਨਾਲ ਠੰਢ ਵਿੱਚ ਹੋਰ ਵਾਧਾ ਹੋਇਆ ਹੈ। ਜੇਕਰ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਦਸੰਬਰ ਮਹੀਨੇ ਔਸਤਨ 15.5 ਐੱਮਐੱਮ ਮੀਂਹ ਦਰਜ ਕੀਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਪਿਛਲੇ ਦਿਨ ਪਏ 2.6 ਐੱਮਐੱਮ ਮੀਂਹ ਤੋਂ ਬਿਨਾਂ ਅੱਜ ਹੀ ਮੀਂਹ ਪਿਆ ਹੈ। ਪੀਏਯੂ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਦੇ ਦਸੰਬਰ ਮਹੀਨੇ ਵਿੱਚ ਮੀਂਹ ਘੱਟ ਪਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਵੇਂ ਮੀਂਹ ਦੀ ਸੰਭਾਵਨਾ ਤਾਂ ਘੱਟ ਹੈ ਪਰ 28, 29 ਅਤੇ 30 ਦਸੰਬਰ ਤੱਕ ਸੰਘਣੀ ਧੁੱਦ ਪੈਣ ਦੀ ਪੇਸ਼ੀਨਗੋਈ ਜ਼ਰੂਰ ਕੀਤੀ ਗਈ ਹੈ। ਅੱਜ ਦੇ ਮੀਂਹ ਨਾਲ ਖੁਸ਼ਕ ਠੰਢ ਨਾਲ ਬਿਮਾਰ ਹੋਏ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਹੌਜ਼ਰੀ ਦਾ ਸਾਮਾਨ ਜਿਹੜਾ ਪਿਛਲੇ ਦਿਨਾਂ ਦੌਰਾਨ ਗਰਮ ਰਹੇ ਮੌਸਮ ਕਰਕੇ ਦੁਕਾਨਾਂ ਅਤੇ ਗੁਦਾਮਾਂ ਵਿੱਚ ਜਮ੍ਹਾਂ ਹੋ ਗਿਆ ਸੀ ਹੁਣ ਵਿਕਣ ਦੇ ਆਸਾਰ ਬਣਦੇ ਜਾ ਰਹੇ ਹਨ। ਅੱਜ ਵੀ ਲੁਧਿਆਣਾਂ ਦੇ ਚੌੜਾ ਬਾਜ਼ਾਰ, ਘੁਮਾਰ ਮੰਡੀ ਅਤੇ ਹੋਰ ਬਾਜ਼ਾਰਾਂ ਵਿੱਚੋਂ ਲੋਕ ਠੰਢ ਤੋਂ ਬਚਣ ਲਈ ਗਰਮ ਕੱਪੜੇ ਖ੍ਰੀਦਣ ਵਿੱਚ ਰੁੱਝੇ ਰਹੇ।
ਦੇਹੜਕੇ ਪਿੰਡ ’ਚ ਤਿੰਨ ਥਾਂ ਡਿੱਗੀ ਅਸਮਾਨੀ ਬਿਜਲੀ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਸਰਦੀ ਦੀ ਰੁੱਤ ਦੌਰਾਨ ਇਲਾਕੇ ਵਿੱਚ ਪਏ ਪਹਿਲੇ ਭਰਵੇਂ ਮੀਂਹ ਦੌਰਾਨ ਅੱਜ ਪਿੰਡ ਦੇਹੜਕਾ ਵਿੱਚ ਤਿੰਨ-ਚਾਰ ਘਰਾਂ ਅਤੇ ਇੱਕ ਟਾਵਰ ਉੱਪਰ ਅਸਮਾਨੀ ਬਿਜਲੀ ਡਿੱਗੀ। ਅਸਮਾਨੀ ਬਿਜਲੀ ਡਿੱਗਣ ਨਾਲ ਘਰਾਂ ਵਿੱਚ ਚੱਲ ਰਹੇ ਬਿਜਲੀ ਦੇ ਉਪਕਰਨ ਸੜ ਗਏ ਤੇ ਬਿਜਲੀ ਦੀ ਫਿਟਿੰਗ ਵੀ ਨੁਕਸਾਨੀ ਗਈ ਹੈ। ਪਿੰਡ ਦੇ ਵਸਨੀਕ ਜੱਸੀ ਸਿੱਧੂ ਨੇ ਦੱਸਿਆ ਕਿ ਉਸ ਦੇ ਘਰ ’ਤੇ ਅੱਜ ਅਸਮਾਨੀ ਬਿਜਲੀ ਡਿੱਗੀ ਜਿਸ ਕਾਰਨ ਘਰ ਵਿੱਚ ਬਿਜਲੀ ’ਤੇ ਲੱਗਿਆ ਇਨਵਰਟਰ, ਫਰਿੱਜ਼, ਟੀਵੀ, ਪਾਣੀ ਵਾਲੀਆਂ ਮੋਟਰਾਂ ਆਦਿ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਘਰ ਵਿੱਚ ਲੱਗੀਆਂ ਬਿਜਲੀ ਦੀਆਂ ਸਵਿੱਚਾਂ ਵਾਲੇ ਬੋਰਡ ਵੀ ਅਸਮਾਨੀ ਬਿਜਲੀ ਦੇ ਕਹਿਰ ਨਾਲ ਉੱਖੜ ਗਏ ਤੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਜੱਸੀ ਨੇ ਦੱਸਿਆ ਕਿ ਬਿਜਲੀ ਡਿੱਗਣ ਮਗਰੋਂ ਚਾਰੇ ਪਾਸੇ ਧੂੰਆ ਫੈਲ ਗਿਆ ਤੇ ਲੋਕ ਇਕੱਠੇ ਹੋ ਗਏ, ਇਸ ਮਗਰੋਂ ਥੋੜੀ ਦੇਰ ਬਾਅਦ ਮੁੜ ਬਿਜਲੀ ਕੜਕੀ ਤੇ ਨੇੜੇ ਡਿੱਗੀ ਜਿਸ ਮਗਰੋਂ ਲੋਕ ਸਹਿਮ ਕੇ ਘਰਾਂ ਅੰਦਰ ਵੜ ਗਏ।