For the best experience, open
https://m.punjabitribuneonline.com
on your mobile browser.
Advertisement

ਮਿਲਿੰਦ ਦਿਉੜਾ ਕਾਂਗਰਸ ਛੱਡ ਕੇ ਸ਼ਿਵ ਸੈਨਾ ’ਚ ਸ਼ਾਮਲ

07:55 AM Jan 15, 2024 IST
ਮਿਲਿੰਦ ਦਿਉੜਾ ਕਾਂਗਰਸ ਛੱਡ ਕੇ ਸ਼ਿਵ ਸੈਨਾ ’ਚ ਸ਼ਾਮਲ
ਮਿਲਿੰਦ ਦਿਉੜਾ ਦਾ ਪਾਰਟੀ ’ਚ ਸ਼ਾਮਲ ਹੋਣ ’ਤੇ ਸਵਾਗਤ ਕਰਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ। -ਫੋਟੋ: ਪੀਟੀਆਈ
Advertisement

ਮੁੰਬਈ, 14 ਜਨਵਰੀ
ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦਿਉੜਾ ਅੱਜ ਕਾਂਗਰਸ ਛੱਡ ਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਵਿੱਚ ਸ਼ਾਮਲ ਹੋ ਗਏ। ਦਿਉੜਾ ਨੇ ਦੋਸ਼ ਲਾਇਆ ਕਿ ਕਾਂਗਰਸ ਹੁਣ ਪਹਿਲਾਂ ਵਾਲੀ ਪਾਰਟੀ ਨਹੀਂ ਰਹੀ। ਇਕ ਸਮਾਂ ਸੀ ਜਦੋਂ (ਸਾਬਕਾ ਪ੍ਰਧਾਨ ਮੰਤਰੀ) ਮਨਮੋਹਨ ਸਿੰਘ ਨੇ ਆਰਥਿਕ ਸੁਧਾਰ ਲਾਗੂ ਕੀਤੇ ਸਨ, ਪਰ ਹੁਣ ਪਾਰਟੀ (ਕਾਂਗਰਸ) ਕਾਰੋਬਾਰੀਆਂ ਤੇ ਸਨਅਤਕਾਰਾਂ ਨੂੰ ਦੇਸ਼-ਵਿਰੋਧੀ ਦੱਸ ਕੇ ਭੰਡ ਰਹੀ ਹੈ। ਦਿਉੜਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਰਕਾਰੀ ਰਿਹਾਇਸ਼ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਸ਼ ਦੇ ਵਿਕਾਸ ਦਾ ਦ੍ਰਿਸ਼ਟੀਕੋਣ ਰੱਖਦੇ ਹਨ। ਦਿਉੜਾ ਪਰਿਵਾਰ ਪਿਛਲੇ 55 ਸਾਲਾਂ ਤੋਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨਾਲ ਜੁੜਿਆ ਹੋਇਆ ਸੀ ਤੇ ਮਿਲਿੰਦ ਦਿਉੜਾ ਦਾ ਇਹ ਫੈਸਲਾ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਮੁੰਬਈ ਵਿੱਚ ਵੱਡਾ ਝਟਕਾ ਹੈ।
ਮੁੰਬਈ ਦੱਖਣੀ ਤੋਂ ਸਾਬਕਾ ਸੰਸਦ ਮੈਂਬਰ ਮਿਲਿੰਦ ਦਿਉੜਾ ਨੇ ਅੱਜ ਸਵੇਰੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਦਿਉੜਾ ਨੇ ਪੋਸਟ ਵਿੱਚ ਲਿਖਿਆ, ‘‘ਅੱਜ ਮੇਰੇ ਸਿਆਸੀ ਸਫ਼ਰ ਦਾ ਇਕ ਅਹਿਮ ਅਧਿਆਏ ਖ਼ਤਮ ਹੋ ਗਿਆ ਹੈ। ਮੈਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਪਾਰਟੀ ਨਾਲ ਆਪਣੇ ਪਰਿਵਾਰ ਦੀ 55 ਸਾਲ ਪੁਰਾਣੀ ਸਾਂਝ ਖ਼ਤਮ ਕਰ ਰਿਹਾ ਹਾਂ। ਮੈਂ ਇੰਨੇ ਸਾਲਾਂ ਤੱਕ ਮਿਲੇ ਸਾਥ ਲਈ ਆਪਣੇ ਸਾਰੇ ਆਗੂਆਂ, ਸਾਥੀਆਂ ਤੇ ਵਰਕਰਾਂ ਦਾ ਧੰਨਵਾਦੀ ਹਾਂ।’’ ਦਿਉੜਾ ਮਗਰੋਂ ਪ੍ਰਭਾਦੇਵੀ ਵਿੱਚ ਸਿੱਧੀਵਿਨਾਇਕ ਮੰਦਰ ਗਏ ਤੇ ਮੱਥਾ ਟੇਕਿਆ। ਬਾਅਦ ਦੁਪਹਿਰ ਮੁੱਖ ਮੰਤਰੀ ਦੀ ਅਧਿਕਾਰਤ ਰਿਹਾਇਸ਼ ‘ਵਰਸ਼ਾ’ ਵਿਚ ਏਕਨਾਥ ਸ਼ਿੰਦੇ ਦੀ ਮੌਜੂਦਗੀ ਵਿੱਚ ਸ਼ਿਵ ਸੈਨਾ ’ਚ ਸ਼ਾਮਲ ਹੋ ਗਏ। ਦਿਉੜਾ ਨੇ ਕਿਹਾ, ‘‘ਕਾਂਗਰਸ ਛੱਡਣ ਦਾ ਫੈਸਲਾ ਸੌਖਾ ਨਹੀਂ ਸੀ ਕਿਉਂਕਿ ਦਿਉੜਾ ਪਰਿਵਾਰ ਦੀ ਇਸ ਨਾਲ 55 ਸਾਲ ਪੁਰਾਣੀ ਸਾਂਝ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਚੰਗੇ ਲੋਕਾਂ ਦੀ ਲੋੜ ਹੈ। ਇਹ ਸ਼ਿੰਦੇ ਤੇ ਲੋਕ ਸਭਾ ਮੈਂਬਰ ਸ੍ਰੀਕਾਂਤ ਸ਼ਿੰਦੇ ਦਾ ਵਿਚਾਰ ਸੀ ਕਿ ਮੈਂ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਪ੍ਰਤੀਨਿਧਤਾ ਕਰਾਂ ਤੇ ਮੈਂ ਉਨ੍ਹਾਂ ਵੱਲੋਂ ਮੇਰੇ ’ਚ ਦਿਖਾਏ ਵਿਸ਼ਵਾਸ ਲਈ ਧੰਨਵਾਦੀ ਹਾਂ।’’ ਦਿਉੜਾ ਨੇ ਕਿਹਾ, ‘‘ਜਦੋਂ ਪਾਰਟੀ ਔਖੇ ਸਮੇਂ ’ਚੋਂ ਲੰਘ ਰਹੀ ਸੀ ਮੈਂ ਉਦੋਂ ਵੀ ਕਾਂਗਰਸ ਦਾ ਵਫ਼ਾਦਾਰ ਰਿਹਾ । ਮੈਂ 2004 ’ਚ ਕਾਂਗਰਸ ਵਿੱਚ ਸ਼ਾਮਲ ਹੋਇਆ। ਜੇਕਰ ਕਾਂਗਰਸ ਤੇ ਸ਼ਿਵ ਸੈਨਾ (ਯੂਬੀਟੀ) ਨੇ ਉਸਾਰੂ ਸੁਝਾਵਾਂ ਤੇ ਮੈਰਿਟ ਵੱਲ ਧਿਆਨ ਦਿੱਤਾ ਹੁੰਦਾ ਤਾਂ ਅਸੀਂ ਇਥੇ ਨਾ ਬੈਠੇ ਹੁੰਦੇ।’’ ਦਿਉੜਾ ਨੇ ਕਿਹਾ ਕਿ ਉਹ ‘ਪੇਨ’(ਨਿੱਜੀ ਹਮਲੇ, ਅਨਿਆਂ ਤੇ ਨਕਾਰਾਤਮਕਤਾ) ਦੀ ਥਾਂ ‘ਗੇਨ’ (ਵਿਕਾਸ, ਇੱਛਾ ਤੇ ਰਾਸ਼ਟਰਵਾਦ) ਦੀ ਸਿਆਸਤ ਵਿੱਚ ਯਕੀਨ ਰੱਖਦੇ ਹਨ।
ਮੁੱਖ ਮੰਤਰੀ ਸ਼ਿੰਦੇ ਨੇ ਦਿਉੜਾ ਦਾ ਸ਼ਿਵ ਸੈਨਾ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਡੇਢ ਸਾਲ ਪਹਿਲਾਂ ਉਨ੍ਹਾਂ ਦੇ ਮਨ ਵਿਚ ਵੀ ਇਹੀ ਖਿਆਲ ਆ ਰਹੇ ਸਨ, ਜੋ ਦਿਉੜਾ ਨੇ ਜ਼ਾਹਿਰ ਕੀਤੇ ਹਨ। ਉਨ੍ਹਾਂ ਕਿਹਾ, ‘‘ਕੋਈ ਵੀ ਫ਼ੈਸਲਾ ਲੈਣ ਮੌਕੇ ਇਸ ਦੇ ਚੰਗੇ ਜਾਂ ਮਾੜੇ ਨਤੀਜੇ ਹੁੰਦੇ ਹਨ। ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਤੇ ਲੋਕਾਂ ਦੀ ਮਦਦ ਕਰਨੀ ਹੈ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਨੂੰ ਮਜ਼ਬੂਤ ਕਰਨਾ ਹੈ।’’
ਇਸ ਤੋਂ ਪਹਿਲਾਂ ਅੱਜ ਦਿਨੇਂ ਮਿਲਿੰਦ ਦਿਓੜਾ ਦੱਖਣੀ ਮੁੰਬਈ ਸਥਿਤ ਆਪਣੀ ਰਿਹਾਇਸ਼ ‘ਰਾਮਲਿਆਲਮ’ ਵਿਚੋਂ ਬਾਹਰ ਆਏ ਤਾਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਹ ‘ਵਿਕਾਸ ਦੇ ਰਾਹ ’ਤੇ ਤੁਰਨਗੇ।’
ਦਿਉੜਾ, ਜਿਨ੍ਹਾਂ ਨੂੰ ਅਜੇ ਪਿੱਛੇ ਜਿਹੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਸੰਯੁਕਤ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਸੀ, ਨੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) ਵੱਲੋਂ ਮੁੰਬਈ ਦੱਖਣੀ ਲੋਕ ਸਭਾ ਹਲਕੇ ’ਤੇ ਜਤਾਏ ਦਾਅਵੇ ਨੂੰ ਲੈ ਕੇ ਇਤਰਾਜ਼ ਜਤਾਇਆ ਸੀ।
ਦਿਉੜਾ ਬੀਤੇ ’ਚ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਹਨ। ਅਣਵੰਡੀ ਸ਼ਿਵ ਸੈਨਾ ਦੇ ਅਰਵਿੰਦ ਸਾਵੰਤ, ਜੋ ਹੁਣ ਠਾਕਰੇ ਧੜੇ ਨਾਲ ਹਨ, ਨੇ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਦਿਉੜਾ ਨੂੰ ਹਰਾਇਆ ਸੀ। ਦਿਉੜਾ ਕਿਸੇ ਵੇਲੇ ਮੁੰਬਈ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ। ਉਹ ਸੀਨੀਅਰ ਕਾਂਗਰਸੀ ਆਗੂ ਮੁਰਲੀ ਦਿਉੜਾ ਦੇ ਪੁੱਤਰ ਹਨ। -ਪੀਟੀਆਈ

Advertisement

‘ਭਾਰਤ ਜੋੜੋ ਨਿਆਏ ਯਾਤਰਾ’ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼: ਕਾਂਗਰਸ

ਦਿਉੜਾ ਵੱਲੋਂ ਐਕਸ ’ਤੇ ਆਪਣੇ ਅਸਤੀਫ਼ੇ ਦੇ ਕੀਤੇ ਐਲਾਨ ਮਗਰੋਂ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਇਹ ‘ਭਾਰਤ ਜੋੜੋ ਨਿਆਏ ਯਾਤਰਾ’ ਤੋਂ ਧਿਆਨ ਹਟਾਉਣ ਦੀ ਭਾਜਪਾ ਦੀ ਸਾਜ਼ਿਸ਼ ਹੈ। ਉਨ੍ਹਾਂ ‘ਦੋਹਰੀ ਵਾਰ ਹਾਰਿਆ ਹੋਇਆ ਉਮੀਦਵਾਰ’ ਦੱਸ ਕੇ ਦਿਉੜਾ ਦਾ ਮਜ਼ਾਕ ਉਡਾਇਆ। ਪਟੋਲੇ ਨੇ ਕਿਹਾ, ‘‘ਭਾਜਪਾ ਅਫ਼ਵਾਹਾਂ ਫੈਲਾ ਰਹੀ ਹੈ ਕਿ ਕਾਂਗਰਸ ਦੁਫਾੜ ਹੋ ਜਾਵੇਗੀ। ਭਾਜਪਾ ਤੇ ਇਸ ਦੇ ਭਾਈਵਾਲ ‘ਭਾਰਤ ਜੋੜੋ ਨਿਆਏ ਯਾਤਰਾ’ ਤੋਂ ਧਿਆਨ ਵੰਡਾਉਣ ਲਈ ਦੋ ਵਾਰ ਹਾਰੇ ਉਮੀਦਵਾਰ ਨੂੰ ਆਪਣੇ ਨਾਲ ਤੋਰ ਲਿਆ ਹੈ। ਇਹ ਕੋਸ਼ਿਸ਼ ਸਫ਼ਲ ਨਹੀਂ ਹੋਵੇਗੀ।’’ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਕਿਹਾ ਕਿ ਦਿਉੜਾ ਮੁੰਬਈ ਦੱਖਣੀ ਹਲਕੇ ਤੋਂ ਚੋਣ ਲੜਨਾ ਚਾਹੁੰਦਾ ਸੀ, ਪਰ (ਮਹਾ ਵਿਕਾਸ ਅਗਾੜੀ) ਗੱਠਜੋੜ ਦੀ ਰਾਇ ਸੀ ਕਿ ਇਸ ਸੀਟ ਤੋਂ ਮੌਜੂਦਾ ਐੱਮਪੀ ਨੂੰ ਨਹੀਂ ਛੇੜਿਆ ਜਾਣਾ ਚਾਹੀਦਾ। ਮੁੰਬਈ ਕਾਂਗਰਸ ਦੇ ਪ੍ਰਧਾਨ ਵਰਸ਼ਾ ਗਾਇਕਵਾੜ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਮਿਲਿੰਦ ਨੇ ਪਾਰਟੀ ਛੱਡਣ ਲਈ ਉਹ ਦਿਨ ਚੁਣਿਆ ਜਦੋਂਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਮਨੀਪੁਰ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਹੋਈ ਹੈ। -ਪੀਟੀਆਈ

ਮੁੰਬਈ ਦੱਖਣੀ ਸੰਸਦੀ ਸੀਟ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਾਂਗੇ: ਰਾਊਤ


ਸ਼ਿਵ ਸੈਨਾ(ਯੂਬੀਟੀ) ਆਗੂ ਸੰਜੈ ਰਾਊਤ ਨੇ ਕਿਹਾ ਕਿ ਮੁੰਬਈ ਦੱਖਣੀ ਲੋਕ ਸਭਾ ਸੀਟ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਰਾਊਤ ਨੇ ਜ਼ੋਰ ਦੇ ਕੇ ਆਖਿਆ, ‘‘ਅਰਵਿੰਦ ਸਾਵੰਤ (ਸ਼ਿਵ ਸੈਨਾ-ਯੂਬੀਟੀ) ਦੋ ਵਾਰ ਸੰਸਦ ਮੈਂਬਰ ਰਹੇ ਹਨ। ਉਨ੍ਹਾਂ ਨੂੰ ਮੁੜ ਚੋਣ ਲੜਾਉਣ ਵਿੱਚ ਕੀ ਗ਼ਲਤ ਹੈ? ਇਸ ਮਾਮਲੇ ’ਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।’’ ਐੱਨਸੀਪੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇੇ ਭਾਜਪਾ ’ਤੇ ਤਨਜ਼ ਕਸਦਿਆਂ ਕਿਹਾ ਕਿ ਕੀ ਭਗਵਾ ਪਾਰਟੀ ਕੋਲ ਆਪਣੀ ਕੋਈ ਪ੍ਰਤਿਭਾ ਨਹੀਂ ਬਚੀ। ਦਿਉੜਾ ਦੇ ਅਸਤੀਫ਼ੇ ਬਾਰੇ ਪੁੱਛਣ ’ਤੇ ਸੂਲੇ ਨੇ ਕਿਹਾ ਕਿ ਭਾਜਪਾ ਤੇ ਇਸ ਦੇ ਭਾਈਵਾਲ ਕਾਂਗਰਸ ਬਣਦੇ ਜਾ ਰਹੇ ਹਨ। -ਪੀਟੀਆਈ

Advertisement
Author Image

Advertisement
Advertisement
×