ਮਿਲਟਰੀ ਲਿਟਰੇਚਰ ਫੈਸਟੀਵਲ: ਘੋੜਿਆਂ ਤੇ ਕੁੱਤਿਆਂ ਦੇ ਕਰਤੱਬਾਂ ਨੇ ਦਰਸ਼ਕ ਕੀਲੇ
ਆਤਿਸ਼ ਗੁਪਤਾ
ਚੰਡੀਗੜ੍ਹ, 30 ਨਵੰਬਰ
ਇੱਥੋਂ ਦੇ ਸੁਖਨਾ ਝੀਲ ’ਤੇ ਅੱਜ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ 8ਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਗਾਜ਼ ਕੀਤਾ ਗਿਆ। ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਹਨ, ਜਿਨ੍ਹਾਂ ਨੇ ਭਾਰਤੀ ਫੌਜ ’ਚ ਭਰਤੀ ਹੋਣ ਬਾਰੇ ਜਾਣਕਾਰੀ ਹਾਸਲ ਕੀਤੀ। ਅੱਜ ਫੈਸਟੀਵਲ ਵਿੱਚ ਫੌਜ ਦੇ ਜਵਾਨਾਂ ਵੱਲੋਂ ਕੁੱਤਿਆਂ ਅਤੇ ਘੋੜਿਆਂ ਨਾਲ ਕੀਤੇ ਪ੍ਰਦਰਸ਼ਨ ਨੇ ਸਾਰਿਆਂ ਦਾ ਧਿਆਨ ਖਿੱਚਿਆ। ਇਸ ਦੇ ਨਾਲ ਹੀ ਟੈਂਕਾਂ ਤੇ ਹਥਿਆਰਾਂ ਦੀ ਪ੍ਰਦਰਸ਼ਨੀ ਦੇਖਣ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚੇ।
ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਫ਼ੌਜ ਦੇ 7 ਜਵਾਨਾਂ ਵੱਲੋਂ 7 ਕੁੱਤਿਆਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਕਰਤੱਬ ਦਿਖਾਏ ਗਏ। ਇਸ ਦੌਰਾਨ ਕੁੱਤਿਆਂ ਨੇ ਵੱਖ-ਵੱਖ ਕਿਸਮ ਦੇ ਪ੍ਰਦਰਸ਼ਨ ਕੀਤੇ। ਫ਼ੌਜ ਦੇ ਜਵਾਨਾਂ ਨੇ ਦੱਸਿਆ ਕਿ ਹੁਣ ਕੁੱਤਿਆਂ ਦੀ ਵੀ ਵੱਖ-ਵੱਖ ਸਮੇਂ ’ਤੇ ਫੌਜ ਦੇ ਜਵਾਨਾਂ ਨਾਲ ਅਪਰੇਸ਼ਨਾਂ ਵਿੱਚ ਸ਼ਮੂਲੀਅਤ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਫ਼ੌਜ ਦੇ ਜਵਾਨਾਂ ਨੇ ਘੁੜਸਵਾਰੀ ਦਾ ਪ੍ਰਦਰਸ਼ਨ ਕੀਤਾ।
ਫੈਸਟੀਵਲ ਵਿੱਚ ਲਗਾਈ ਗਈ ਟੈਂਕ ਤੇ ਹਥਿਆਰਾਂ ਦੀ ਪ੍ਰਦਰਸ਼ਨੀ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੜਕੇ ਤੇ ਲੜਕੀਆਂ ਪਹੁੰਚੀਆਂ। ਇਸ ਮੌਕੇ ਫੌਜ ਨਾਲ ਸਬੰਧਤ ਡਾਕ ਟਿਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਨੌਜਵਾਨਾਂ ਨੇ ਪੇਟਿੰਗ ਕੀਤੀ।
ਫੈਸਟੀਵਲ ਵਿੱਚ ਮਾਹਿਰਾਂ ਵੱਲੋਂ ਕੌਮਾਂਤਰੀ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਵਿੱਚ ਰੂਸ, ਚੀਨ, ਉੱਤਰੀ ਕੋਰੀਆ ਤੇ ਇਰਾਨ ਦੇਸ਼ਾਂ ਦੀ ਭੂਗੋਲਿਕ ਸਥਿਤੀ ਦਾ ਭਾਰਤ ’ਤੇ ਅਸਰ, ਬੰਗਲਾਦੇਸ਼ ਤੇ ਮਨੀਪੁਰ ਵਿੱਚ ਟਕਰਾਅ ਕਰ ਕੇ ਭਾਰਤੀ ਸੁਰੱਖਿਆ ’ਤੇ ਪੈ ਰਹੇ ਅਸਰ ਅਤੇ ਜਮਹੂਰੀ ਦੇਸ਼ਾਂ ਦੀ ਕੌਮੀ ਸੁਰੱਖਿਆ ਨੀਤੀਆਂ ਬਾਰੇ ਵਿਚਾਰ-ਚਰਚਾ ਕਰਵਾਈ ਗਈ।