ਮਿਉਂਸਿਪਲ ਚੋਣਾਂ: ਮੁਹਾਲੀ ਜ਼ਿਲ੍ਹੇ ’ਚ ਭਾਜਪਾ ਨੇ ਖਾਤਾ ਖੋਲ੍ਹਿਆ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 21 ਦਸੰਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਅੱਜ ਹੋਈਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦਾ ਅਮਲ ਪੁਰਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਵੱਲੋਂ ਪੂਰੀ ਤਰ੍ਹਾਂ ਨਕਾਰੀ ਗਈ ਭਾਜਪਾ ਨੇ ਨਗਰ ਕੌਂਸਲ ਦੀ ਜ਼ਿਮਨੀ ਚੋਣ ਜਿੱਤ ਕੇ ਮੁਹਾਲੀ ਜ਼ਿਲ੍ਹੇ ਵਿੱਚ ਆਪਣਾ ਖਾਤਾ ਖੋਲ੍ਹ ਲਿਆ ਹੈ। ਨਵਾਂ ਗਰਾਓਂ ਦੇ ਵਾਰਡ ਨੰਬਰ-16 ਦੀ ਜ਼ਿਮਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਵਿਸ਼ਾਲ ਨੂੰ ਜੇਤੂ ਐਲਾਨਿਆ ਗਿਆ ਹੈ। ਕਾਬਿਲੇਗੌਰ ਹੈ ਕਿ ਤਿੰਨ ਖੇਤੀ ਕਾਲੇ ਕਾਨੂੰਨ ਅਤੇ ਕਿਸਾਨਾਂ ’ਤੇ ਅੱਤਿਆਚਾਰ ਹੋਣ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਦੀ ਗੱਡੀ ਪੂਰੀ ਤਰ੍ਹਾਂ ਲੀਹ ਤੋਂ ਲੱਥ ਗਈ ਸੀ। ਭਾਜਪਾ ਦੇ ਜ਼ਿਲ੍ਹਾ ਸੰਜੀਵ ਵਸ਼ਿਸ਼ਟ ਨੇ ਦਾਅਵਾ ਕੀਤਾ ਕਿ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਭਾਜਪਾ ਦਾ ਵੋਟ ਬੈਂਕ ਵਧਿਆ ਹੈ ਅਤੇ ਲੋਕ ਹੁਣ ਆਪ ਮੁਹਾਰੇ ਭਾਜਪਾ ਨਾਲ ਜੁੜਨੇ ਸ਼ੁਰੂ ਹੋ ਗਏ ਹਨ।
ਖਰੜ (ਸ਼ਸ਼ੀ ਪਾਲ ਜੈਨ): ਖਰੜ ਤਹਿਸੀਲ ਅਧੀਨ ਪੈਂਦੇ ਪਿੰਡ ਘੜੂੰਆਂ ਵਿੱਚ ਨਵੀਂ ਬਣੀ ਨਗਰ ਪੰਚਾਇਤ ਦੀ ਹੋਈ ਚੋਣ ਵਿਚ ਆਮ ਆਦਮੀ ਪਾਰਟੀ ਨੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ ਹੈ। ਇਥੇ ਹੋਈ ਚੋਣ ਵਿਚ ਕੁੱਲ 11 ਵਾਰਡਾਂ ਵਿਚੋਂ ‘ਆਪ’ ਦੇ 10 ਉਮੀਦਵਾਰ ਅਤੇ ਇੱਕ ਉਮੀਦਵਾਰ ਆਜ਼ਾਦ ਜਿੱਤਿਆ ਹੈ। ਕਾਂਗਰਸ ਦੇ ਸਾਰੇ 11 ਉਮੀਦਵਾਰਾਂ ਹੀ ਹਾਰ ਨਸੀਬ ਹੋਈ। ਚਮਕੌਰ ਸਾਹਿਬ ਹਲਕੇ ਤੋਂ ‘ਆਪ’ ਵਿਧਾਇਕ ਡਾ. ਚਰਨਜੀਤ ਸਿੰਘ ਦੇ ਸਿਆਸੀ ਸਕੱਤਰ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਆਜ਼ਾਦ ਉਮੀਦਵਾਰ ਵੀ ਉਨ੍ਹਾਂ ਦਾ ਹੀ ਸਮਰਥਕ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਵਾਰਡ-1 ਤੋਂ ਮਨਦੀਪ ਕੌਰ, ਵਾਰਡ-2 ਤੋਂ ਅੰਮ੍ਰਿਤਪਾਲ ਸਿੰਘ, ਵਾਰਡ-3 ਤੋਂ ਜਸਵਿੰਦਰ ਕੌਰ, ਵਾਰਡ-4 ਤੋਂ ਹਰਪ੍ਰੀਤ ਕੌਰ, ਵਾਰਡ-5 ਤੋਂ ਰਿਆ, ਵਾਰਡ-6 ਤੋਂ ਮਨਪ੍ਰੀਤ ਸਿੰਘ, ਵਾਰਡ-7 ਤੋਂ ਜਸਵਿੰਦਰ ਕੌਰ, ਵਾਰਡ-8 ਤੋਂ ਨਰਿੰਦਰ ਸਿੰਘ ਅਤੇ ਵਾਰਡ-9 ਤੋਂ ਸੁਖਜੀਤ ਕੌਰ, ਵਾਰਡ-10 ਤੋਂ ਗਗਨਦੀਪ ਸਿੰਘ ਆਜਾਦ, ਵਾਰਡ-11 ਤੋਂ ਇੰਦਰਜੀਤ ਸਿੰਘ ਜੇਤੂ ਰਹੇ ਹਨ। ਇਸੇ ਦੌਰਾਨ ਖਰੜ ਨਗਰ ਕੌਂਸਲ ਦੇ ਵਾਰਡ-16 ਦੀ ਜ਼ਿਮਨੀ ਚੋਣ ’ਚ ‘ਆਪ’ ਉਮੀਦਵਾਰ ਅੰਜੂ ਚੰਦਰ ਜੇਤੂ ਰਹੀ। ਨਤੀਜਿਆਂ ਮੁਤਾਬਕ ਅੰਜੂ ਚੰਦਰ ਨੂੰ 738 ਵੋਟਾਂ ਹਾਸਲ ਕੀਤੀਆਂ ਜਦਕਿ ਵਿਰੋਧੀ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੂੰ 645 ਵੋਟਾਂ, ਕਾਂਗਰਸੀ ਉਮੀਦਵਾਰ ਸ਼ਸ਼ੀ ਅਗਨੀਹੋਤਰੀ ਨੂੰ 103 ਵੋਟਾਂ ਤੇ ਭਾਜਪਾ ਉਮੀਦਵਾਰ ਪਵਨ ਕੁਮਾਰ ਨੂੰ 81 ਵੋਟਾਂ ਮਿਲੀਆਂ।
ਬਨੂੜ ਕੌਂਸਲ ਦੇ ਵਾਰਡ-6 ’ਚ ਕਾਂਗਰਸ ਦੀ ਸਰਦਾਰੀ ਕਾਇਮ
ਬਨੂੜ (ਕਰਮਜੀਤ ਸਿੰਘ ਚਿੱਲਾ): ਨਗਰ ਕੌਂਸਲ ਬਨੂੜ ਦੇ ਵਾਰਡ ਨੰਬਰ ਛੇ ਦੀ ਜ਼ਿਮਨੀ ਚੋਣ ’ਚ ਕਾਂਗਰਸ ਦੀ ਸਰਦਾਰੀ ਕਾਇਮ ਰਹੀ। ਪਾਰਟੀ ਦੇ ਕੌਂਸਲਰ ਜਗਦੀਸ਼ ਚੰਦ ਕਾਲਾ ਦੀ ਮੌਤ ਕਾਰਨ ਖਾਲੀ ਹੋਈ ਸੀਟ ’ਤੇ ਅੱਜ ਹੋਈ ਚੋਣ ’ਚ ਮਰਹੂਮ ਕੌਂਸਲਰ ਦੀ ਪਤਨੀ ਤੇ ਕਾਂਗਰਸੀ ਉਮੀਦਵਾਰ ਨੀਲਮ
ਰਾਣੀ ਨੇ ਸਿੱਧੇ ਮੁਕਾਬਲੇ ’ਚ ‘ਆਪ’ ਉਮੀਦਵਾਰ ਬਲਬੀਰ ਸਿੰਘ ਛੋਟਾ ਨੂੰ 190 ਵੋਟਾਂ ਨਾਲ ਹਰਾਇਆ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਨੀਲਮ ਰਾਣੀ ਦੀ ਵੱਡੀ ਜਿੱਤ ਨੂੰ ‘ਆਪ’ ਸਰਕਾਰ ਵਿਰੁੱਧ ਫ਼ਤਵਾ ਕਰਾਰ ਦਿੱਤਾ ਤੇ ਕਿਹਾ ਇਹ ਸਾਰੇ ਸ਼ਹਿਰ ਵਾਸੀਆਂ ਦੀ ਜਿੱਤ ਹੈ। ਪ੍ਰੀਜ਼ਾਈਡਿੰਗ ਅਫ਼ਸਰ ਨੇ ਦੱਸਿਆ ਕਿ ਕਾਂਗਰਸ ਦੀ ਨੀਲਮ ਰਾਣੀ ਨੂੰ 437 ਵੋਟਾਂ ਤੇ ‘ਆਪ’ ਦੇ ਬਲਬੀਰ ਸਿੰਘ ਛੋਟਾ ਨੂੰ 247 ਵੋਟਾਂ ਪਈਆਂ। ਛੇ ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। ਪੁਲੀਸ ਵੱਲੋਂ ਸਮੁੱਚੇ ਅਮਲ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਨਤੀਜੇ ਦੇ ਐਲਾਨ ਮਗਰੋਂ ਨੀਲਮ ਰਾਣੀ ਨੇ ਸ਼ਹਿਰ ਵਿਚ ਜੇਤੂ ਮਾਰਚ ਕੀਤਾ। ਇਸ ਦੇ ਨਾਲ ਬਨੂੜ ਦੀ 13 ਮੈਂਬਰੀ ਕੌਂਸਲ ਵਿਚ ਕਾਂਗਰਸ ਦੇ ਕੌਂਸਲਰਾਂ ਦੀ ਗਿਣਤੀ 9 ਹੋ ਗਈ ਹੈ। ਦੋ ਕੌਂਸਲਰ ਆਮ ਆਦਮੀ ਪਾਰਟੀ ਦੇ ਹਨ। ਇੱਕ ਕੌਂਸਲਰ ਅਕਾਲੀ ਦਲ ਦਾ ਹੈ। ਵਾਰਡ ਨੰਬਰ ਇੱਕ ਦੀ ਕੌਂਸਲਰ ਬਲਵਿੰਦਰ ਕੌਰ ਦੀ ਮੌਤ ਕਾਰਨ ਇੱਕ ਸੀਟ ਹਾਲੇ ਵੀ ਖਾਲੀ ਹੈ।
ਨਗਰ ਕੌਂਸਲ ਅਮਲੋਹ ’ਚ ‘ਆਪ’ ਨੇ ਸੱਤ ਸੀਟਾਂ ਜਿੱਤੀਆਂ
ਅਮਲੋਹ (ਰਾਮ ਸਰਨ ਸੂਦ): ਨਗਰ ਕੌਂਸਲ ਅਮਲੋਹ ਦੀਆਂ ਚੋਣਾਂ ਦੌਰਾਨ 13 ਸੀਟਾਂ ਵਿਚੋਂ 7 ਸੀਟਾਂ ’ਤੇ ਆਮ ਆਦਮੀ ਪਾਰਟੀ, ਤਿੰਨ ’ਤੇ ਕਾਂਗਰਸ, ਦੋ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ 1 ਸੀਟ ’ਤੇ ਭਾਜਪਾ ਜੇਤੂ ਰਹੀ।
ਇਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ਦੇ ਵਾਰਡ-26 ਦੀ ਜ਼ਿਮਨੀ ਚੋਣ ’ਚ ‘ਆਪ’ ਉਮੀਦਵਾਰ ਸੁਖਵਿੰਦਰ ਕੌਰ ਜੇਤੂ ਰਹੀ। ਨਤੀਜਿਆਂ ਮੁਤਾਬਕ ਅਮਲੋਹ ਦੇ ਵਾਰਡ-1 ਤੋਂ ‘ਆਪ’ ਉਮੀਦਵਾਰ ਹਰਿੰਦਰ ਕੌਰ ਚੀਮਾ, ਵਾਰਡ-2 ਤੋਂ ਕਾਂਗਰਸ ਦਾ ਕੁਲਵਿੰਦਰ ਸਿੰਘ, ਵਾਰਡ-3 ਤੋਂ ‘ਆਪ’ ਦੀ ਜਾਨਵੀ ਸ਼ਰਮਾ, ਵਾਰਡ-4 ਤੋਂ ‘ਆਪ’ ਦੇ ਅੰਤੁਲ ਲੁਟਾਵਾ, ਵਾਰਡ-5 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਗੁਰਮੀਤ ਕੌਰ, ਵਾਰਡ-6 ਤੋਂ ‘ਆਪ’ ਦੇ ਜਗਤਾਰ ਸਿੰਘ, ਵਾਰਡ-7 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨੀਨਾ ਸ਼ਾਹੀ, ਵਾਰਡ-8 ਤੋਂ ‘ਆਪ’ ਦੇ ਲਵਪ੍ਰੀਤ ਸਿੰਘ, ਵਾਰਡ-9 ਤੋਂ ਕਾਂਗਰਸ ਦੀ ਕਮਲਜੀਤ ਕੌਰ, ਵਾਰਡ-10 ਤੋਂ ‘ਆਪ’ ਦਾ ਵਿੱਕੀ ਮਿੱਤਲ, ਵਾਰਡ-11 ਤੋਂ ਭਾਜਪਾ ਦੀ ਪੂਨਮ ਜਿੰਦਲ, ਵਾਰਡ-12 ਤੋਂ ‘ਆਪ’ ਦੇ ਸਿਕੰਦਰ ਸਿੰਘ ਗੋਗੀ ਅਤੇ ਵਾਰਡ-13 ਤੋਂ ਕਾਂਗਰਸ ਦੇ ਬਿੰਦਰ ਸਿੰਘ ਜੇਤੂ ਰਹੇ।
ਨਵਾਂ ਗਰਾਉਂ ’ਚ ਭਾਜਪਾ ਉਮੀਦਵਾਰ ਜਿੱਤਿਆ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਗਰ ਕੌਂਸਲ ਨਵਾਂ ਗਰਾਉਂ ਵਿੱਚਜਨਤਾ ਕਲੋਨੀ ਤੋਂ ਇੱਕ ਕੌਂਸਲਰ ਦੀ ਚੋਣ ਭਾਜਪਾ ਉਮੀਦਵਾਰ ਵਿਸ਼ਾਲ ਨੇ ਆਪਣੇ ਤਿੰਨ ਵਿਰੋਧੀਆਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਜੇਤੂ ਉਮੀਦਵਾਰ ਵਿਸ਼ਾਲ ਦਾ ਲੋਕਾਂ ਨੇ ਹਾਰ ਪਾ ਕੇ ਸਨਮਾਨ ਕੀਤਾ। ਰਿਟਰਨਿੰਗ ਅਫਸਰ ਤਰੁਨ ਗੁਪਤਾ ਨੇ ਦੱਸਿਆ ਕਿ ਨਗਰ ਕੌਂਸਲ ਨਵਾਂ ਗਰਾਉਂ ਵਿੱਚ ਕੁੱਲ ਇੱਕੀ ਵਾਰਡ ਹਨ। ਜਨਤਾ ਕਲੋਨੀ ਦੇ ਵਾਰਡ-16 ’ਚ ਭਾਜਪਾ ਉਮੀਦਵਾਰ ਵਿਸ਼ਾਲ ਨੇ 480 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਕਾਂਗਰਸੀ ਉਮੀਦਵਾਰ ਨਿਰਮਲਾ ਨੂੰ 155 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੁਕੇਸ਼ ਚਨਾਲੀਆਂ ਨੂੰ 283, ‘ਆਪ’ ਉਮੀਦਵਾਰ ਸੰਤੋਸ਼ ਕੁਮਾਰੀ ਨੂੰ 169 ਵੋਟਾਂ ਮਿਲੀਆਂ। ਨੋਟਾ ਨੂੰ 7 ਵੋਟਾਂ ਪਈਆਂ। ਜੇਤੂ ਉਮੀਦਵਾਰ ਵਿਸ਼ਾਲ ਨੇ ਜਨਤਾ ਕਲੋਨੀ ਵਾਸੀਆਂ ਦਾ ਧੰਨਵਾਦ ਕੀਤਾ।
ਮੋਰਿੰਡਾ ਦੇ ਵਾਰਡ-9 ’ਚ ਕਾਂਗਰਸੀ ਉਮੀਦਵਾਰ ਪਿੰਕੀ ਜੇਤੂ
ਮੋਰਿੰਡਾ (ਸੰਜੀਵ ਤੇਜਪਾਲ): ਨਗਰ ਕੌਂਸਲ ਮੋਰਿੰਡਾ ਦੇ ਵਾਰਡ ਨੰਬਰ 9 (ਮਹਿਲਾ) ਦੀ ਅੱਜ ਹੋਈ ਉਪ ਚੋਣ ਵਿੱਚ ਕਾਂਗਰਸ ਦੀ ਪਿੰਕੀ ਕੌਰ ਨੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਤੋਂ 368 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਪਿੰਕੀ ਕੌਰ ਨੂੰ 552 ਵੋਟਾਂ ਮਿਲੀਆਂ। ਇਹ ਸੀਟ ਕੌਂਸਲਰ ਜਰਨੈਲ ਕੌਰ ਦੀ ਜੁਲਾਈ ਮਹੀਨੇ ਮੌਤ ਹੋਣ ਕਾਰਨ ਖਾਲੀ ਸੀ। ਐੱਸਡੀਐੱਮ ਮੋਰਿੰਡਾ-ਕਮ-ਰਿਟਰਨਿੰਗ ਅਫਸਰ ਸੁਖਪਾਲ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 9 ਤੋਂ ਕੁੱਲ 5 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਨਤੀਜਿਆਂ ਮੁਤਾਬਕ ਕਾਂਗਰਸ ਪਾਰਟੀ ਦੀ ਉਮੀਦਵਾਰ ਪਿੰਕੀ ਕੌਰ ਨੂੰ 552 ਵੋਟਾਂ, ਆਜ਼ਾਦ ਉਮੀਦਵਾਰ ਜਗਜੀਤ ਕੌਰ ਨੂੰ 184, ‘ਆਪ’ ਉਮੀਦਵਾਰ ਮਨਿੰਦਰ ਕੌਰ ਨੂੰ 131, ਆਜ਼ਾਦ ਉਮੀਦਵਾਰ ਸੁਖਵਿੰਦਰ ਕੌਰ ਨੂੰ 63 ਤੇ ਭਾਜਪਾ ਦੀ ਬਲਜੀਤ ਕੌਰ ਨੂੰ 15 ਵੋਟਾਂ ਜਦਕਿ ਨੋਟਾ ਨੂੰ 4 ਵੋਟਾਂ ਪਈਆਂ। ਜਿੱਤ ਮਗਰੋਂ ਪਿੰਕੀ ਕੌਰ ਨੇ ਆਪਣੇ ਸਮਰਥਕਾਂ ਨਾਲ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਤੇ ਗੁਰਦੁਆਰਾ ਰਵਿਦਾਸ ਭਗਤ ਮੋਰਿੰਡਾ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।
ਬਸੀ ਪਠਾਣਾਂ ’ਚ ਆਜ਼ਾਦ ਉਮੀਦਵਾਰ ਨੇ ਬਾਜ਼ੀ ਮਾਰੀ
ਬਸੀ ਪਠਾਣਾਂ (ਅਜੇ ਮਲਹੋਤਰਾ): ਅੱਜ ਨਗਰ ਕੌਂਸਲ, ਬਸੀ ਪਠਾਣਾਂ ਦੇ ਵਾਰਡ ਨੰਬਰ 6 ਦੀ ਹੋਈ ਉਪ ਚੋਣ ਵਿੱਚ ਆਜ਼ਾਦ ਉਮੀਦਵਾਰ ਕਰਮਜੀਤ ਸਿੰਘ ਢੀਂਡਸਾ ਨੇ ਆਪਣੇ ਵਿਰੋਧੀਆਂ ਨੂੰ ਮਾਤ ਦਿੰਦੇ ਹੋਏ ਜਿੱਤ ਹਾਸਲ ਕੀਤੀ। ਨਤੀਜਿਆਂ ਮੁਤਾਬਕ ਕੁੱਲ 1062 ਵੋਟਾਂ ਵਾਲੇ ਵਾਰਡ ’ਚ ਅੱਜ 725 ਵੋਟਾਂ ਪੋਲ ਹੋਈਆਂ ਜਿਸ ਵਿੱਚੋਂ ਕਰਮਜੀਤ ਸਿੰਘ ਢੀਂਡਸਾ ਨੂੰ 313, ‘ਆਪ’ ਦੇ ਅਜੀਤ ਪਾਲ ਸਿੰਘ ਨੂੰ 177, ਸ਼੍ਰੋੋਮਣੀ ਅਕਾਲੀ ਦਲ ਦੇ ਹਰਨੇਕ ਸਿੰਘ ਨੂੰ 108, ਕਾਂਗਰਸ ਪਾਰਟੀ ਦੇ ਜਤਿਨ ਕੁਮਾਰ ਨੂੰ 106 ਅਤੇ ਭਾਜਪਾ ਦੇ ਉਮੀਦਵਾਰ ਨੂੰ 18 ਵੋਟਾਂ ਪਈਆਂ| ਨੋਟਾ ਨੂੰ 3 ਵੋਟਰਾਂ ਨੇ ਪਸੰਦ ਕੀਤਾ। ਢੀਂਡਸਾ ਦੀ ਪਤਨੀ ਬਲਜੀਤ ਕੌਰ ਵੀ ਵਾਰਡ-5 ਤੋਂ ਕੌਂਸਲਰ ਹਨ।