ਸਾਬਕਾ ਫੌਜੀ ਨੂੰ ਲੁੱਟਣ ਦੇ ਮਾਮਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 21 ਦਸੰਬਰ
ਮੁਹਾਲੀ ਪੁਲੀਸ ਨੇ ਇੱਕ ਸਾਬਕਾ ਫੌਜੀ ਨੂੰ ਬੰਦੀ ਬਣਾ ਕੇ ਲੁੱਟਣ ਦਾ ਮਾਮਲਾ ਹੱਲ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹੇਮਜਿੰਦਰ ਸਿੰਘ ਵਾਸੀ ਪਿੰਡ ਸੇਕੇ (ਮਲੇਰਕੋਟਲਾ), ਲਵਪ੍ਰੀਤ ਸਿੰਘ ਵਾਸੀ ਪਿੰਡ ਥਾੜਾ (ਫਰੀਦਕੋਟ) ਅਤੇ ਲਵੀ ਵਾਸੀ ਪਿੰਡ ਹਰੀਕੇ ਕਲਾਂ (ਸ੍ਰੀ ਮੁਕਤਸਰ ਸਾਹਿਬ) ਵਜੋਂ ਹੋਈ ਹੈ। ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ’ਚ ਵਰਤੀ ਗਈ ਵਰਨਾ ਕਾਰ, ਸ਼ਿਕਾਇਤਕਰਤਾ ਕੋਲੋਂ ਖੋਹੇ ਗਏ ਦਸਤਾਵੇਜ਼ ਅਤੇ 3 ਦੇਸੀ ਨਾਜਾਇਜ਼ ਪਿਸਤੌਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਸਨੇਟਾ ਪੁਲੀਸ ਚੌਕੀ ਦੀ ਟੀਮ ਵੱਲੋਂ ਮੁਲਜ਼ਮਾਂ ਨੂੰ ਪਿੰਡ ਰਾਏਪੁਰ ਕਲਾਂ ਬੱਸ ਅੱਡੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਡੀਐੱਸਪੀ ਬੱਲ ਮੁਤਾਬਕ ਅਸ਼ਕਰਨਜੀਤ ਸਿੰਘ ਵਾਸੀ ਪਿੰਡ ਕੱਲਾ (ਅੰਬਾਲਾ) ਨੇ ਪੁਲੀਸ ਨੂੰ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਸ਼ੇਰੇ-ਪੰਜਾਬ ਢਾਬਾ ਸੈਕਟਰ-104 ’ਚੋਂ ਖਾਣਾ ਖਾ ਕੇ ਪਰਤ ਰਿਹਾ ਸੀ। ਰਸਤੇ ’ਚ ਮੁਲਜ਼ਮਾਂ ਨੇ ਆਪਣੀ ਵਰਨਾ ਗੱਡੀ ਲਾ ਕੇ ਉਸ ਨੂੰ ਰੋਕ ਲਿਆ। ਇਸ ਦੌਰਾਨ ਮੁਲਜ਼ਮਾਂ ਨੇ ਉਸ ਨੂੰ ਪਿਸਤੌਲ ਨਾਲ ਡਰਾ ਕੇ ਆਪਣੀ ਗੱਡੀ ’ਚ ਬਿਠਾਇਆ ਤੇ ਗੂਗਲ ਪੇਅ ਰਾਹੀਂ ਆਪਣੇ ਖਾਤੇ ਵਿੱਚ 40 ਹਜ਼ਾਰ ਰੁਪਏ ਟਰਾਂਸਫ਼ਰ ਕਰਵਾ ਲਏ। ਮੁਲਜ਼ਮਾਂ ਵੱਲੋਂ ਪੀੜਤ ਨੂੰ ਡਰਾ ਧਮਕਾ ਕੇ ਉਸ ਦੇ ਕਿਸੇ ਰਿਸ਼ਤੇਦਾਰ ਕੋਲੋਂ ਵੀ 50 ਹਜ਼ਾਰ ਰੁਪਏ ਕਿਸੇ ਖਾਤੇ ’ਚ ਪੁਆਏ ਗਏ। ਜਾਂਚ ਅਧਿਕਾਰੀ ਏਐੱਸਆਈ ਬਲਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਸੋਹਾਣਾ ਥਾਣੇ ’ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।