ਮਾਲੇਰਕੋਟਲਾ ’ਚ ਤੇਜ਼ ਰਫ਼ਤਾਰ ਟਰੱਕ ਦੁਕਾਨਾਂ ਦੇ ਸ਼ੈੱਡਾਂ ਵੜਿਆ
ਮਾਲੇਰਕੋਟਲਾ, 25 ਦਸੰਬਰ
ਮਾਲੇਰਕੋਟਲਾ-ਲੁਧਿਆਣਾ ਸੜਕ ਸਥਿਤ ਸਥਾਨਕ ਸਰੌਦ ਬਾਈਪਾਸ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਦਰਖ਼ੱਤਾਂ ਅਤੇ ਬਿਜਲੀ ਦੇ ਟਰਾਂਸਫਾਰਮਰ ਨੂੰ ਤੋੜਦਾ ਹੋਇਆ ਦੁਕਾਨਾਂ ਦੇ ਸ਼ੈੱਡਾਂ ’ਚ ਜਾ ਵੜਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੇ ਟਰੱਕ ਚਾਲਕ ਨੂੰ ਜ਼ਖ਼ਮੀ ਹਾਲਤ ’ਚ ਬਾਹਰ ਕੱਢ ਕੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ। ਚਾਲਕ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਮੌਕੇ ’ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਲੁਧਿਆਣਾ ਤੋਂ ਆ ਰਿਹਾ ਇਹ ਤੇਜ਼ ਰਫ਼ਤਾਰ ਟਰੱਕ ਅਚਾਨਕ ਬੇਕਾਬੂ ਹੋ ਕੇ ਸਫੈਦੇ ਦੇ ਰੁੱਖਾਂ ਨੂੰ ਤੋੜਦਾ ਹੋਇਆ ਸੜਕ ਕਿਨਾਰੇ ਬਿਜਲੀ ਦੇ ਟ੍ਰਾਂਸਫਾਰਮਰ ਨਾਲ ਜਾ ਟਕਰਾਇਆ। ਟਰੱਕ ਨੇ ਕਈ ਦੁਕਾਨਾਂ ਦੇ ਸ਼ੈੱਡਾਂ ਨੂੰ ਵੀ ਨੁਕਸਾਨ ਪਹੁੰਚਾਇਆ। ਬਿਜਲੀ ਟ੍ਰਾਂਸਫਾਰਮਰ ਡਿੱਗਣ ਕਾਰਨ ਇਲਾਕੇ ਅੰਦਰ ਬਿਜਲੀ ਸਪਲਾਈ ਠੱਪ ਹੋ ਗਈ। ਸਮਾਜ ਸੇਵੀ ਮਹਿਮੂਦ ਥਿੰਦ ਮੁਤਾਬਿਕ ਬਿਜਲੀ ਬੰਦ ਹੋ ਜਾਣ ਕਾਰਨ ਨੇੜਲੇ ਮੁਹੱਲਿਆਂ ਵਿਚ ਲੋਕਾਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਦੱਸਿਆ ਕਿ ਬੇਸ਼ੱਕ ਬਿਜਲੀ ਅਧਿਕਾਰੀਆਂ ਨੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰ ਅੱਜ ਦੇਰ ਸ਼ਾਮ ਤੱਕ ਇਲਾਕੇ ਅੰਦਰ ਬਿਜਲੀ ਸਪਲਾਈ ਬਹਾਲ ਨਹੀਂ ਕੀਤੀ ਜਾ ਸਕੀ।