ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੈਦਲ ਮਾਰਚ
ਐੱਨਪੀ.ਧਵਨ
ਪਠਾਨਕੋਟ, 26 ਦਸੰਬਰ
ਇਥੇ ਸੰਗਤ ਵੱਲੋਂ ਮਾਤਾ ਗੁਜਰ ਕੌਰ ਅਤੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੈਦਲ ਮਾਰਚ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਪਰਿਵਾਰ ਸਣੇ ਸ਼ਿਰਕਤੀ ਕੀਤੀ। ਸ਼ਰਧਾਲੂ ਇਤਿਹਾਸਕ ਗੁਰਦੁਆਰਾ ਬਾਰਠ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਿੰਡ ਕਟਾਰੂਚੱਕ ਤੋਂ ਪੈਦਲ ਰਵਾਨਾ ਹੋਏ। ਇਸ ਪੈਦਲ ਮਾਰਚ ਵਿੱਚ ਕੈਬਨਿਟ ਮੰਤਰੀ ਦੀ ਪਤਨੀ ਉਰਮਿਲਾ ਦੇਵੀ, ਪੁੱਤਰਾਂ ਰੋਬਿਨ ਸਿੰਘ ਤੇ ਰੋਹਿਤ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਅਤੇ ਪਾਰਟੀ ਆਗੂ ਵੀ ਹਾਜ਼ਰ ਸਨ। ਇਹ ਪੈਦਲ ਮਾਰਚ ਪਿੰਡ ਕਟਾਰੂਚੱਕ ਤੋਂ ਸ਼ੁਰੂ ਹੋ ਕੇ ਪਿੰਡ ਡਿਬਕੂ ਧਲੌਰੀਆਂ, ਕੋਟਲੀ, ਜਸਵਾਲੀ, ਬਾਰਠ ਸਾਹਿਬ, ਸਮਰਾਲਾ ਤੋਂ ਹੁੰਦੇ ਹੋਏ ਬਾਰਠ ਸਾਹਿਬ ਵਿੱਚ ਪੁੱਜਿਆ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਬਾਬਾ ਸ੍ਰੀ ਚੰਦ ਤਪਅਸਥਾਨ ਬਾਰਠ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਵਿਖੇ ਮੈਨੇਜਰ ਨੇ ਅੱਜ ਦੇ ਦਿਨ ਦੀ ਮਹੱਤਤਾ ’ਤੇ ਚਾਨਣਾ ਪਾਇਆ। ਇਸ ਮੌਕੇ ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਸੈਣੀ, ਵਿਜੈ ਕਟਾਰੂਚੱਕ, ਬਲਜਿੰਦਰ ਕੌਰ ਆਦਿ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਹ ਗੁਰੂ ਗੋਬਿੰਗ ਸਿੰਘ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਨਮਨ ਕਰਦੇ ਹਨ।
ਮੁਲਾਜ਼ਮਾਂ ਨੇ ਦੁੱਧ ਦਾ ਲੰਗਰ ਲਾਇਆ
ਹੁਸ਼ਿਆਰਪੁਰ (ਹਰਪ੍ਰੀਤ ਕੌਰ):
ਇਥੇ ਕੇਂਦਰੀ ਸਹਿਕਾਰੀ ਬੈਂਕ ਦੀ ਮੁੱਖ ਸ਼ਾਖਾ ਰੇਲਵੇ ਰੋਡ ਦੇ ਬੋਰਡ ਆਫ਼ ਡਾਇਰੈਕਟਰਜ਼, ਮੈਨੇਜਮੈਂਟ ਅਤੇ ਸਮੂਹ ਮੁਲਾਜ਼ਮਾਂ ਤੇ ਸਹਿਕਾਰਤਾ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਹੋਰ ਸਿੰਘਾਂ, ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਡਾਇਰੈਕਟਰ ਪਰਮਿੰਦਰ ਸਿੰਘ ਪੰਨੂ, ਐਗਜ਼ੈਕਟਿਵ ਡਾਇਰੈਕਟਰ ਅਮਰਜੀਤ ਸਿੰਘ ਪਰਖੋਵਾਲ, ਲਖਨਬੀਰ ਸਿੰਘ, ਜ਼ਿਲ੍ਹਾ ਮੈਨੇਜਰ ਲਖਬੀਰ ਸਿੰਘ, ਸਾਬਕਾ ਮੈਨੇਜਰ ਵੀ.ਕੇ ਯਾਦਵ, ਆਡਿਟ ਇੰਸਪੈਕਟਰ ਸੰਜੀਵ ਕੁਮਾਰ, ਪੀ.ਏ.ਡੀ.ਬੀ ਮੈਨੇਜਰ ਤੇਜਵੀਰ ਸਿੰਘ, ਸਹਾਇਕ ਮੈਨੇਜਰ ਤਲਵਿੰਦਰ ਸਿੰਘ, ਐਡਵੋਕੇਟ ਅੰਕਿਤ ਸ਼ਰਮਾ, ਅਮਲਾ ਅਫ਼ਸਰ ਅਸ਼ੋਕ ਕੁਮਾਰ ਆਦਿ ਮੌਜੂਦ ਸਨ।
Advertisementਮਿਹਰਬਾਨਪੁਰਾ ਦੇ ਨੌਜਵਾਨਾਂ ਨੇ ਦੁੱਧ ਦਾ ਲੰਗਰ ਲਗਾਇਆ
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ):
ਇਥੋਂ ਨਜ਼ਦੀਕੀ ਪਿੰਡ ਮਿਹਰਬਾਨਪੁਰਾ ਦੇ ਨੌਜਵਾਨਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ। ਇਸ ਬਾਬਤ ਗੱਲ ਕਰਦਿਆਂ ਨੌਜਵਾਨਾਂ ਨੇ ਦੱਸਿਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਪਿੰਡ ਮਿਹਰਬਾਨੀਪੁਰਾ ਦੇ ਨੌਜਵਾਨਾਂ ਵੱਲੋਂ ਸੰਗਤਾਂ ਨੂੰ ਦੁੱਧ ਦਾ ਲੰਗਰ ਛਕਾਇਆ ਗਿਆ। ਨੌਜਵਾਨਾਂ ਕਿਹਾ ਕਿ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਨੀਂਹਾਂ ’ਚ ਚਿਣਿਆ ਗਿਆ ਸੀ, ਉਨ੍ਹਾਂ ਜਾਬਰ ਦੇ ਜ਼ੁਲਮ ਅੱਗੇ ਹਾਰ ਨਹੀਂ ਮੰਨੀ ਸੀ। ਉਨ੍ਹਾਂ ਦੀ ਯਾਦ ਦੇ ਵਿੱਚ ਅੱਜ ਪਿੰਡ ਮਿਹਰਬਾਨਪੁਰਾ ਦੇ ਨੌਜਵਾਨਾਂ ਵੱਲੋਂ ਤੇ ਸਮੂਹ ਸੰਗਤ ਵੱਲੋਂ ਦੁੱਧ ਦੇ ਲੰਗਰ ਲਗਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ।