ਮਾਤਾ ਗੁਜਰੀ ਕਾਲਜ ’ਚ ਖੇਡ ਮੁਕਾਬਲੇ
ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 13 ਮਾਰਚ
ਮਾਤਾ ਗੁਜਰੀ ਕਾਲਜ ਵਿੱਚ 57ਵੇਂ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ, ਜਿਸ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ. ਅਜੀਤਾ ਨੇ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਨੇ ਇਨਾਮ ਵੰਡੇ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਪੰਜੋਖਰਾ ਸਾਹਿਬ ਦੇ ਪ੍ਰਿੰਸੀਪਲ ਡਾ. ਸੁਖਦੇਵ ਸਿੰਘ ਅਤੇ ਜ਼ਿਲ੍ਹਾ ਖੇਡ ਅਫ਼ਸਰ ਰਾਹੁਲਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਾਲਜ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਕਾਲਜ ਦੇ ਡੀਨ ਸਪੋਰਟਸ ਡਾ. ਦਵਿੰਦਰ ਸਿੰਘ ਅਤੇ ਖੇਡ ਵਿਭਾਗ ਦੇ ਮੁਖੀ ਡਾ. ਹਰਜੀਤ ਕੌਰ ਨੇ ਕਾਲਜ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ ਬਾਰੇ ਦੱਸਿਆ। ਵਾਈਸ ਪ੍ਰਿੰਸੀਪਲ ਡਾ. ਹਰਵੀਨ ਕੌਰ ਨੇ ਧੰਨਵਾਦ ਅਤੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਵਧ ਚੜ੍ਹ ਕੇ ਹਿਸਾ ਲੈਣ ਦਾ ਸੱਦਾ ਦਿੱਤਾ। ਲੜਕਿਆਂ ਵਿੱਚ ਬੈਸਟ ਅਥਲੀਟ ਬੀਏ ਭਾਗ ਤੀਸਰਾ ਦੇ ਗੈਰੀ ਸਿੰਘ, ਰਨਰ ਅੱਪ ਬੀਏ ਭਾਗ ਪਹਿਲਾ ਦੇ ਗੁਰਪਰਮਜੋਤ ਸਿੰਘ ਅਤੇ ਲੜਕੀਆਂ ਵਿੱਚ ਬੈਸਟ ਅਥਲੀਟ ਬੀਏ ਆਨਰਜ਼ ਸੋਸ਼ਲ ਸਾਇੰਸ ਭਾਗ ਦੂਸਰਾ ਦੀ ਕਾਜਲ ਅਤੇ ਰਨਰ ਅੱਪ ਦਾ ਖਿਤਾਬ ਬੀਏ ਆਨਰਜ਼ ਸੋਸ਼ਲ ਸਾਇੰਸ ਭਾਗ ਦੂਸਰਾ ਦੀ ਨਵਜੀਤ ਕੌਰ ਨੇ ਹਾਸਲ ਕੀਤਾ। ਮਾਰਚ ਪਾਸਟ ਮੁਕਾਬਲੇ ਵਿੱਚ ਐਨਸੀਸੀ ਯੂਨਿਟ, ਐਨਐਸਐਸ ਅਤੇ ਮੈਨੇਜਮੈਂਟ ਸਟੱਡੀਜ਼ ਵਿਭਾਗ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।