ਮਹਿਲ ਖ਼ੁਰਦ ਪੰਚਾਇਤ ਦੇ ਅਹਿਮ ਫ਼ੈਸਲੇ: ਪਿੰਡ ’ਚ ਪਰਵਾਸੀਆਂ ਦੀ ਵੋਟ ਤੇ ਆਧਾਰ ਕਾਰਡ ਬਣਾਉਣ ’ਤੇ ਰੋਕ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 3 ਜਨਵਰੀ
ਸੂਬੇ ਵਿੱਚ ਪਰਵਾਸੀਆਂ ਨੂੰ ਲੈ ਕੇ ਬਣੇ ਮਾਹੌਲ ਤਹਿਤ ਹੁਣ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਸਖ਼ਤੀ ਵਿੱਢ ਦਿੱਤੀ ਹੈ ਜਿਸ ਤਹਿਤ ਪਿੰਡ ਮਹਿਲ ਖ਼ੁਰਦ ’ਚ ਹੁਣ ਪਰਵਾਸੀਆਂ ਦੀ ਵੋਟ ਅਤੇ ਆਧਾਰ ਕਾਰਡ ਨਹੀਂ ਬਣੇਗਾ। ਇਸ ਲਈ ਬਾਕਾਇਦਾ ਪਿੰਡ ਦੀ ਪੰਚਾਇਤ ਵੱਲੋਂ ਪੰਚਾਇਤੀ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਪੰਚਾਇਤ ਨੇ ਪਰਵਾਸੀਆਂ ਸਮੇਤ ਅਪਰਾਧ, ਸਮਾਜਿਕ ਬੁਰਾਈਆਂ ਤੇ ਹੋਰ ਮਾਮਲਿਆਂ ਨੂੰ ਲੈ ਕੇ ਅਹਿਮ ਮਤੇ ਪਾਸ ਕੀਤੇ ਗਏ ਹਨ।
ਸਰਪੰਚ ਹਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਪਰਵਾਸੀਆਂ ਦੇ ਆਧਾਰ ਕਾਰਡ ਤੇ ਵੋਟ ਉਪਰ ਰੋਕ ਦੇ ਨਾਲ-ਨਾਲ ਪਿੰਡ ਵਿੱਚ ਕੰਮ ਕਰਨ ਵਾਲੇ ਪਰਵਾਸੀਆਂ ਦੀ ਸ਼ਨਾਖਤ ਲਈ ਵੀ ਪੰਚਾਇਤ ਵੱਲੋਂ ਧਿਆਨ ਦਿੱਤਾ ਜਾਵੇਗਾ। ਬਗੈਰ ਜਾਣ-ਪਛਾਣ ਵਾਲੇ ਕਿਸੇ ਵਿਅਕਤੀ ਦੀ ਰਾਤ ਸਮੇਂ ਪਿੰਡ ਵਿੱਚ ਐਂਟਰੀ ਬੰਦ ਕੀਤੀ ਗਈ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚਣ ਵਾਲਿਆਂ ਵਿਰੁੱਧ ਪੰਚਾਇਤ ਵੱਲੋਂ ਸਖ਼ਤ ਕਾਰਵਾਈ ਹੋਵੇਗੀ। ਨਸ਼ਾ ਤਸਕਰਾਂ, ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਮਗਰ ਪੁਲੀਸ ਥਾਣੇ ਕੋਈ ਵੀ ਪੰਚਾਇਤੀ ਨੁਮਾਇੰਦਾ ਨਹੀਂ ਜਾਵੇਗਾ। ਸੀਵਰੇਜ ਵਿੱਚ ਕੂੜਾ ਕਰਕਟ, ਲਿਫ਼ਾਫ਼ੇ ਤੇ ਗੋਹਾ ਵਗੈਰਾ ਸੁੱਟਣ ਉਪਰ ਵੀ ਰੋਕ ਲਗਾਈ ਗਈ ਹੈ। ਪਿੰਡ ਵਿੱਚੋਂ ਲੰਘਣ ਸਮੇਂ ਟਰੈਕਟਰਾਂ ’ਤੇ ਉੱਚੀ ਆਵਾਜ਼ ਵਿੱਚ ਡੈੱਕ ਵਜਾਉਣ, ਪਿੰਡ ਵਿੱਚ ਕੋਈ ਵੀ ਚੀਜ਼ ਵੇਚਣ ਆਉਣ 'ਤੇ ਸਪੀਕਰ 'ਤੇ ਹੋਕਾ ਦੇਣ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਮੋਟਰਸਾਈਕਲਾਂ 'ਤੇ ਪਟਾਕੇ ਪਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਗਈ ਹੈ। ਖੇਤਾਂ ਵਿੱਚ ਲੱਗੀਆਂ ਮੋਟਰਾਂ ਜਾਂ ਟਰਾਂਸਫਾਰਮਰਾਂ ਤੋਂ ਕੇਬਲ ਤਾਰਾਂ ਅਤੇ ਤੇਲ ਚੋਰੀ ਕਰਨ ਵਾਲਿਆਂ ਦੇ ਵਿਰੁੱਧ ਵੀ ਪੰਚਾਇਤ ਖ਼ੁਦ ਕਾਰਵਾਈ ਕਰੇਗੀ। ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਪੰਚਾਇਤ ਵੱਲੋਂ ਪਾਸ ਕੀਤੇ ਇਹਨਾਂ ਮਤਿਆਂ ਨੂੰ ਲਾਗੂ ਕਰਨ ਲਈ ਪਿੰਡ ਦੇ ਲੋਕਾਂ ਤੋਂ ਸਹਿਯੋਗ ਮੰਗਿਆ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।