ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਾਕੁੰਭ ਮੇਲਾ

04:29 AM Jan 14, 2025 IST

ਰੂਹਾਨੀਅਤ ਅਤੇ ਸੱਭਿਆਚਾਰ ਦਾ ਸੁਮੇਲ ਮਹਾਕੁੰਭ ਮੇਲਾ ਸੋਮਵਾਰ ਨੂੰ ‘ਸ਼ਾਹੀ ਸਨਾਨ’ ਨਾਲ ਪ੍ਰਯਾਗਰਾਜ ਵਿੱਚ ਸ਼ੁਰੂ ਹੋ ਗਿਆ ਹੈ ਜਿੱਥੇ ਪਹਿਲੇ ਹੀ ਦਿਨ ਲੱਖਾਂ ਸ਼ਰਧਾਲੂਆਂ ਨੇ ਇਸ ਪਵਿੱਤਰ ਸਮਾਗਮ ’ਚ ਹਿੱਸਾ ਲਿਆ ਹੈ। ਇਹ ਉਤਸਵ ਭਾਵੇਂ ਭਗਤੀ ਅਤੇ ਪਰੰਪਰਾ ਦਾ ਪ੍ਰਤੀਕ ਹੈ ਪਰ ਇਸ ਦੇ ਇਤਿਹਾਸ ’ਤੇ ਕਈ ਦੁਖਦਾਈ ਘਟਨਾਵਾਂ ਦੀ ਛਾਪ ਵੀ ਹੈ ਜਿਵੇਂ 2013 ਵਿੱਚ ਪਿਛਲੇ ਮਹਾਕੁੰਭ ਵਿੱਚ ਮਚੀ ਜਾਨਲੇਵਾ ਭਗਦੜ ਜਿਸ ਵਿੱਚ 30 ਜਾਨਾਂ ਗਈਆਂ ਸਨ। ਸਾਲ 2013 ਦੇ ਮੇਲੇ ’ਚ ਜਿੱਥੇ 12 ਕਰੋੜ ਸ਼ਰਧਾਲੂ ਪੁੱਜੇ ਸਨ, ਉੱਥੇ ਇਸ ਸਾਲ 45 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਪੁੱਜਣ ਦੀ ਉਮੀਦ ਹੈ ਜਿਨ੍ਹਾਂ ਵਿੱਚ 15 ਲੱਖ ਵਿਦੇਸ਼ੀ ਸੈਲਾਨੀ ਵੀ ਸ਼ਾਮਿਲ ਹਨ। ਸਮਾਰੋਹ ਵਿੱਚੋਂ ਭਾਵੇਂ ਭਾਰਤ ਦੇ ਸੱਭਿਆਚਾਰ ਦੀ ਗੂੰਜ ਪੈਂਦੀ ਹੈ ਪਰ ਯੋਜਨਾਬੰਦੀ ਤੇ ਪ੍ਰਬੰਧਕੀ ਇੰਤਜ਼ਾਮਾਂ ਦੇ ਪੱਖ ਤੋਂ ਇਹ ਚੁਣੌਤੀਪੂਰਨ ਵੀ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ 4000 ਹੈਕਟੇਅਰ ਦੀ ਥਾਂ ਨੂੰ ਅਤਿ-ਆਧੁਨਿਕ ਆਰਜ਼ੀ ਸ਼ਹਿਰ ਵਿੱਚ ਤਬਦੀਲ ਕਰਨ ਲਈ 7000 ਕਰੋੜ ਰੁਪਏ ਖਰਚੇ ਹਨ ਜਿਸ ਨੂੰ 1,50,000 ਟੈਂਟ ਲਾ ਕੇ ਮੁਕੰਮਲ ਕੀਤਾ ਗਿਆ ਹੈ। ਏਆਈ ਤਕਨੀਕ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਸੁਰੱਖਿਆ ਵਧਾਈ ਗਈ ਹੈ। ਫਿਰ ਵੀ, ਅਤੀਤ ’ਚ ਵਾਪਰੀਆਂ ਤਰਾਸਦੀਆਂ ਦਾ ਪਰਛਾਵਾਂ ਹਾਵੀ ਹੈ ਜੋ ਸਾਨੂੰ ਚੇਤੇ ਕਰਾਉਂਦਾ ਹੈ ਕਿ ਇੰਨੇ ਵੱਡੇ ਇਕੱਠ ਨੂੰ ਸੰਭਾਲਣ ਲਈ ਅਟਲ ਚੌਕਸੀ ਅਤੇ ਨਵੇਂ ਢੰਗ-ਤਰੀਕਿਆਂ ਦੀ ਲੋੜ ਪੈਂਦੀ ਹੈ।
ਸੁਧਰੀ ਯੋਜਨਾਬੰਦੀ, ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਅਤੇ ਏਆਈ ਆਧਾਰਿਤ ਨਿਗਰਾਨੀ ਤੰਤਰ ਸੁਰੱਖਿਅਤ ਮਹਾਕੁੰਭ ਦੀ ਆਸ ਜਗਾਉਂਦਾ ਹੈ। ਕਾਫ਼ੀ ਵੱਡੇ ਹਿੱਤ ਦਾਅ ਉੱਤੇ ਲੱਗੇ ਹੋਏ ਹਨ। ਮਹਾਕੁੰਭ ਦੀ ਅਧਿਆਤਮਕ ਅਹਿਮੀਅਤ ਦੇ ਪੱਖ ਤੋਂ ਇਲਾਵਾ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਮੇਲਾ ਉੱਤਰ ਪ੍ਰਦੇਸ਼ ਦੇ ਅਰਥਚਾਰੇ ਵਿੱਚ 2 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਏਗਾ ਜੋ ਸਥਾਨਕ ਕਾਰੋਬਾਰਾਂ ਅਤੇ ਸੈਰ-ਸਪਾਟੇ ਦੀ ਜੀਵਨ ਰੇਖਾ ਬਣੇਗੀ। ਜੇ ਸਭ ਕੁਝ ਸਹੀ ਰਹਿੰਦਾ ਹੈ ਤਾਂ ਇਸ ਵਾਰ ਦਾ ਮਹਾਕੁੰਭ ਆਲਮੀ ਪੱਧਰ ’ਤੇ ਭਾਰਤ ਦੇ ਸੈਰ-ਸਪਾਟੇ ਦੀ ਸਾਖ਼ ਲਈ ਬਹੁਤ ਅਹਿਮ ਮੋੜ ਸਾਬਿਤ ਹੋ ਸਕਦਾ ਹੈ। ਇਸ ਨਾਲ ਹੋਰ ਸੈਲਾਨੀ ਇੱਥੋਂ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦੇਖਣ ਲਈ ਖਿੱਚੇ ਚਲੇ ਆਉਣਗੇ। ਇਹ ਉਤਸਵ ਭਾਰਤ ਦੀ ‘ਸੌਫਟ ਪਾਵਰ’ ਨੂੰ ਵੀ ਦਰਸਾਉਂਦਾ ਹੈ। ਸੱਭਿਆਚਾਰਕ ਸਮਾਰੋਹ, ਕੌਮਾਂਤਰੀ ਭਾਈਵਾਲੀਆਂ ਤੇ ਲਗਾਤਾਰ ਕੋਸ਼ਿਸ਼ਾਂ ਦੇਸ਼ ਦੇ ਆਲਮੀ ਦਰਜੇ ਨੂੰ ਹੋਰ ਉੱਚਾ ਚੁੱਕਣਗੇ।
ਉਂਝ, ਇਸ ਜਲੌਅ ਵਿੱਚ ਚੁਣੌਤੀਆਂ ਬਰਕਰਾਰ ਹਨ। ਭੀੜ, ਸਾਧਨਾਂ ਦੀ ਕਮੀ ਅਤੇ ਹਾਦਸਿਆਂ ਤੋਂ ਬਚਣ ਲਈ ਲਗਾਤਾਰ ਸਰਗਰਮ ਰਹਿਣਾ ਪਵੇਗਾ। ਮਹਾਕੁੰਭ ਪਰੰਪਰਾ ਦਾ ਆਧੁਨਿਕਤਾ ਨਾਲ ਸੰਤੁਲਨ ਬਿਠਾਉਣ ਦੀ ਭਾਰਤ ਦੀ ਯੋਗਤਾ ਦਾ ਗਵਾਹ ਹੈ। ਪੂਰਾ ਸੰਸਾਰ ਕਿਉਂਕਿ ਹੁਣ ਦੇਖ ਰਿਹਾ ਹੈ, ਇਹ ਨਜ਼ਾਰਾ ਆਸਥਾ, ਏਕੇ ਤੇ ਦ੍ਰਿੜਤਾ ਵਾਲੇ ਭਾਰਤ ਦੇ ਚਰਿੱਤਰ ਨੂੰ ਹੋਰ ਪਕੇਰਾ ਕਰ ਸਕਦਾ ਹੈ ਬਸ਼ਰਤੇ 45 ਦਿਨਾਂ ਦੇ ਮੇਲੇ ਵਿੱਚ ਜੁੜੇ ਸਾਰੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਇੱਜ਼ਤ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।

Advertisement

Advertisement