ਮਨੁੱਖ ਤੋਂ ਖੋਹਿਆ ਜਾ ਰਿਹਾ ਹੈ ਸਮਾਂ
ਸਵਰਾਜਬੀਰ
ਸੱਤ ਸਾਲ ਪਹਿਲਾਂ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ। ਕੇਂਦਰ ਸਰਕਾਰ ਨੇ ਇਸ ਦੇ ਕਈ ਕਾਰਨ ਦੱਸੇ ਸਨ: ਦੇਸ਼ ਵਿਚੋਂ ਕਾਲਾ ਧਨ (ਗ਼ੈਰ-ਕਾਨੂੰਨੀ ਤਰੀਕੇ ਨਾਲ ਕਮਾਇਆ ਜਾਂ ਟੈਕਸ ਪ੍ਰਬੰਧ ਤੋਂ ਬਾਹਰ ਰੱਖਿਆ ਗਿਆ ਪੈਸਾ) ਖ਼ਤਮ ਕਰਨਾ, ਟੈਕਸ ਚੋਰੀ ਘਟਾਉਣਾ ਤੇ ਟੈਕਸ ਦੇਣ ਵਾਲਿਆਂ ਦੀ ਗਿਣਤੀ ਵਧਾਉਣਾ, ਅਤਿਵਾਦੀਆਂ ਤੇ ਮਾਓਵਾਦੀਆਂ ਦੇ ਪੈਸੇ ਨੂੰ ਖ਼ਤਮ ਕਰਦਿਆਂ ਅਤਿਵਾਦ ਤੇ ਮਾਓਵਾਦ ਨੂੰ ਖ਼ਤਮ ਕਰਨਾ, ਦੇਸ਼ ਦੇ ਅਰਥਚਾਰੇ ਨੂੰ ਨਕਦੀ ਵਿਚ ਕਾਰੋਬਾਰ ਕਰਨ ਤੋਂ ਮੁਕਤੀ ਦਿਵਾ ਕੇ ਕੈਸ਼ਲੈੱਸ ਅਰਥਚਾਰਾ ਬਣਾਉਣਾ ਆਦਿ।
ਕੁਝ ਦਿਨ ਪਹਿਲਾਂ ਦੇਸ਼ ਦੀ ਵੱਡੀ ਸਾਫਟਵੇਅਰ ਕੰਪਨੀ ਇਨਫੋਸਿਸ ਦੇ ਮੁਖੀ ਐਨਆਰ ਨਾਰਾਇਣ ਮੂਰਤੀ ਨੇ ਬਿਆਨ ਦਿੱਤਾ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਹਫ਼ਤੇ ਵਿਚ 70 ਘੰਟੇ ਕੰਮ ਕਰਨਾ ਚਾਹੀਦਾ ਹੈ। ਕੀ ਨਾਰਾਇਣ ਮੂਰਤੀ ਦੇ ਇਸ ਬਿਆਨ ਅਤੇ ਨੋਟਬੰਦੀ ਦੇ ਕਿਸੇ ਉਦੇਸ਼ ਵਿਚਕਾਰ ਕੋਈ ਸਾਂਝਾ ਸੂਤਰ ਹੈ? ਨੋਟਬੰਦੀ ਦਾ ਇਕ ਮੰਤਵ ਇਹ ਦੱਸਿਆ ਗਿਆ ਸੀ ਕਿ ਲੋਕਾਂ ਨੂੰ ਕਰੈਡਿਟ ਤੇ ਡੈਬਿਟ ਕਾਰਡਾਂ, ਇੰਟਰਨੈੱਟ ਬੈਂਕਿੰਗ, ਪੇਟੀਐਮ ਆਦਿ ਰਾਹੀਂ ਆਰਥਚਾਰੇ ਨਾਲ ਜੋੜਨਾ। ਇਹ ਜੋੜ ਸਾਫਟਵੇਅਰ ਕੰਪਨੀਆਂ ਦੇ ਇੰਟਰਨੈੱਟ ’ਤੇ ਮੁਹੱਈਆ ਕੀਤੇ ਸੰਦਾਂ ਰਾਹੀਂ ਕੀਤਾ ਜਾਂਦਾ ਹੈ। ਨੋਟਬੰਦੀ ਦਾ ਇਹ ਉਦੇਸ਼ ਉਸ ਆਮ ਆਦਮੀ ਨੂੰ ਮੰਡੀ/ਬਾਜ਼ਾਰ ਨਾਲ ਇੰਟਰਨੈੱਟ ਨਾਲ ਜੋੜਨਾ ਸੀ ਜੋ ਉਦੋਂ ਤੱਕ ਇਸ ਤੋਂ ਬਾਹਰ ਸੀ। ਇੰਟਰਨੈੱਟ ਨਾਲ ਜੁੜਿਆ ਆਦਮੀ ਇੰਟਰਨੈੱਟ ’ਤੇ ਸਿਰਫ਼ ਪੈਸੇ ਦਾ ਲੈਣ-ਦੇਣ ਹੀ ਨਹੀਂ ਕਰਦਾ ਸਗੋਂ ਉਹ ਇਸ ਤੋਂ ਇਲਾਵਾ ਵੀ ਕਾਫ਼ੀ ਸਮਾਂ ਇਸ ’ਤੇ ਬਿਤਾਉਂਦਾ ਹੈ। ਮੋਬਾਈਲ ਫੋਨਾਂ ਰਾਹੀਂ ਇੰਟਰਨੈੱਟ ਕਰੋੜਾਂ ਲੋਕਾਂ ਤੱਕ ਪਹੁੰਚਾਇਆ ਗਿਆ ਹੈ ਅਤੇ ਇੰਟਰਨੈੱਟ ਸਨਅਤ ਦੇ ਕਰਨਧਾਰ ਨਾਰਾਇਣ ਮੂਰਤੀ ਜਿਹੇ ਸ਼ਖ਼ਸ ਹਨ।
ਸਾਫਟਵੇਅਰ ਕੰਪਨੀਆਂ ਦੇ ਇਹ ਮਹਾਂ-ਅਮੀਰ ਕਿਵੇਂ ਪੈਦਾ ਹੋਏ? ਦੇਸ਼ਾਂ, ਮੰਡੀਆਂ ਤੇ ਮਨੁੱਖਾਂ ਦਾ ਇਕ-ਦੂਜੇ ਨਾਲ ਜੁੜਨ ਦਾ ਵਰਤਾਰਾ ਸਦੀਆਂ ਤੋਂ ਜਾਰੀ ਹੈ; ਇਸ ਤੋਂ ਕੋਈ ਬਚਾਅ ਵੀ ਨਹੀਂ ਪਰ ਪਿਛਲੇ ਕੁਝ ਦਹਾਕਿਆਂ ਦੌਰਾਨ ਤੇਜ਼ੀ ਨਾਲ ਹੋਏ ਵਿਸ਼ਵੀਕਰਨ ਨੇ ਸਰਮਾਏ ਦੇ ਜਾਲ ਨੂੰ ਨਵਾਂ ਰੂਪ ਦਿੱਤਾ ਹੈ। 1990ਵਿਆਂ ਵਿਚ ਦੋ ਵਰਤਾਰਿਆਂ ਦਾ ਵਿਸ਼ਵੀਕਰਨ ਅਤਿਅੰਤ ਤੇਜ਼ੀ ਨਾਲ ਹੋਇਆ: ਵਿੱਤੀ ਪੂੰਜੀ ਦਾ ਵਿਸ਼ਵੀਕਰਨ ਅਤੇ ਵਸਤਾਂ ਬਣਾਉਣ ਵਾਲੀਆਂ ਸਨਅਤਾਂ ਦਾ ਵਿਸ਼ਵੀਕਰਨ। ਇੰਟਰਨੈੱਟ ਬੈਂਕਿੰਗ ਨਾਲ ਕਰੋੜਾਂ-ਅਰਬਾਂ ਰੁਪਏ ਕੁਝ ਮਿੰਟਾਂ-ਸਕਿੰਟਾਂ ਵਿਚ ਦੁਨੀਆ ਦੇ ਇਕ ਕੋਨੇ ਤੋਂ ਦੂਸਰੇ ਕੋਨੇ ਤੱਕ ਜਾਣ ਲੱਗੇ ਅਤੇ ਨਾਲ ਹੀ ਅਮਰੀਕੀ ਵਸਤਾਂ ਚੀਨ, ਭਾਰਤ, ਵੀਅਤਨਾਮ, ਤਾਇਵਾਨ ਅਤੇ ਤੀਸਰੀ ਦੁਨੀਆ ਦੇ ਹੋਰ ਦੇਸ਼ਾਂ ’ਚ ਬਣਨ ਲੱਗੀਆਂ। ਇਸ ਵਰਤਾਰੇ ਦੀ ਵਿਆਖਿਆ ਕਰਦਿਆਂ ਯੂਨਾਨ ਦਾ ਸਾਬਕਾ ਵਿੱਤ ਮੰਤਰੀ ਯਾਨਿਸ ਵਾਰੂਫਾਕਿਸ (Yanis Varoufakis) ਉਦਾਹਰਨ ਦਿੰਦਾ ਹੈ ਕਿ ਸਾਂ ਫਰਾਂਸਿਸਕੋ ’ਚ ਰਹਿੰਦੇ ਭਾਰਤੀ ਇੰਜਨੀਅਰਾਂ ਦੇ ਡਿਜ਼ਾਈਨ ਕੀਤੇ ਆਈਫੋਨ ਤਾਇਵਾਨ ਦੇ ਸ਼ਹਿਰਾਂ ’ਚ ਬਣੇ ਤੇ ਵਾਪਸ ਅਮਰੀਕਾ ’ਚ ਆ ਕੇ ਵਿਕੇ; ਮੋਬਾਈਲ ਫੋਨ, ਕੰਪਿਊਟਰ, ਲੈਪਟਾਪ ਆਦਿ ਬਣਾਉਣ ਵਾਲੀਆਂ ਸਨਅਤਾਂ ਵਿਚ 50 ਕਰੋੜ ਦੇ ਕਰੀਬ ਕਾਮੇ ਕੰਮ ਕਰਦੇ ਸਨ/ਹਨ ਜਿਨ੍ਹਾਂ ਵਿਚੋਂ ਬਹੁਤੇ ਚੀਨ, ਭਾਰਤ ਤੇ ਪਹਿਲਾਂ ਕਮਿਊਨਿਸਟ ਰਹਿ ਚੁੱਕੇ ਦੇਸ਼ਾਂ ਦੇ ਹਨ; ਉਨ੍ਹਾਂ ਦੀ ਆਮਦਨ ਵਧੀ। ਚੀਨੀ ਕਾਮਿਆਂ ਦੀ ਉਦਾਹਰਨ ਦਿੰਦਿਆਂ ਵਾਰੂਫਾਕਿਸ ਦੱਸਦਾ ਹੈ ਕਿ ਉਨ੍ਹਾਂ ਨੇ ‘ਨਖਿੱਧ ਮਜ਼ਦੂਰ-ਲੋਟੂ ਕਾਰਖਾਨਿਆਂ’ ਵਿਚ 16-16 ਘੰਟੇ ਕੰਮ ਕੀਤਾ; ਉਨ੍ਹਾਂ ਦੀ ਆਮਦਨ ਵੀ ਵਧੀ ਪਰ ਉਨ੍ਹਾਂ ਵਿਚ ਖ਼ੁਦਕੁਸ਼ੀ ਕਰਨ ਦਾ ਰੁਝਾਨ ਵੀ ਓਨਾ ਹੀ ਵਧਿਆ ਜਿੰਨਾ ਭਾਰਤ ਦੇ ਕਿਸਾਨਾਂ, ਜਿਹੜੇ ਪੱਛਮ ਦੇ ਦਿੱਤੇ ਬੀਜਾਂ ’ਤੇ ਨਿਰਭਰ ਹੋ ਚੁੱਕੇ ਸਨ (ਜਿਨ੍ਹਾਂ ਦੀ ਆਮਦਨ ਵੀ ਵਧੀ ਸੀ), ਵਿਚ ਵਧਿਆ ਸੀ।
ਖ਼ੁਦਕੁਸ਼ੀ ਦੀਆਂ ਘਟਨਾਵਾਂ ਦਾ ਵਧਣਾ ਇਸ ਵਰਤਾਰੇ ਦਾ ਇਕ ਪੱਖ ਹੈ। ਇਸ ਸਮੇਂ ਲੋਕਾਂ ਦੇ ਧਿਆਨ ਦੇ ਕੇਂਦਰ ਵਿਚ ਨਾਰਾਇਣ ਮੂਰਤੀ ਦੀ ਹਫ਼ਤੇ ਵਿਚ 70 ਘੰਟੇ ਕੰਮ ਕਰਨ ਦੀ ਸਲਾਹ ਹੈ: ਸਾਫਟਵੇਅਰ ਬਣਾਉਣ ਵਾਲੇ ਅਤੇ ਉਸ ਨੂੰ ਚਲਾਉਣ ਵਾਲੇ ਯੰਤਰ (ਹਾਰਡਵੇਅਰ) ਬਣਾਉਣ ਵਾਲਿਆਂ ਦੀ ਇਸ ਨਵੀਂ ਸਰਮਾਏਦਾਰੀ ਦੀ ਮੰਗ ਹੈ ਹਫ਼ਤੇ ਵਿਚ 70 ਘੰਟੇ ਕੰਮ ਕਰੋ, ਸਾਡਾ ਮੁਨਾਫ਼ਾ ਵਧਾਓ, ਆਪਣੀ ਆਮਦਨ ਵਧਾਓ; ਤੁਹਾਡੀ ਜ਼ਿੰਦਗੀ ਨਾਲ ਕੀ ਹੁੰਦਾ ਹੈ, ਇਹਦੇ ਨਾਲ ਉਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ। ਜੇ ਵਾਸਤਾ ਹੈ ਤਾਂ ਸਿਰਫ਼ ਇਹ ਕਿ ਤੁਸੀਂ ਉਨ੍ਹਾਂ 70 ਘੰਟਿਆਂ ਤੋਂ ਬਾਹਰ ਵੀ ਵੱਧ ਤੋਂ ਵੱਧ ਸਮੇਂ ਲਈ ਇੰਟਰਨੈੱਟ ਨਾਲ ਜੁੜੇ ਰਹੋ; ਤੁਸੀਂ ਇੰਟਰਨੈੱਟ ’ਤੇ ਖ਼ਰੀਦੋ-ਫ਼ਰੋਖਤ ਕਰੋ ਤਾਂ ਵੀ ਉਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ, ਨਾ ਵੀ ਕਰੋ ਤੇ ਸਿਰਫ਼ ਆਪਣੇ ਦਿਲ ਪਰਚਾਵੇ ਲਈ ਇੰਟਰਨੈੱਟ ਦੇਖੋ ਤਾਂ ਵੀ ਉਨ੍ਹਾਂ ਨੂੰ ਹੀ ਫ਼ਾਇਦਾ ਹੈ ਕਿਉਂਕਿ ਤੁਸੀਂ ਇੰਟਰਨੈੱਟ ਦਾ ਡੇਟਾ ਵਰਤ ਰਹੇ ਹੋ; ਤੁਸੀਂ ਕਹਿੰਦੇ ਹੋ ਕਿ ਤੁਸੀਂ ਵਿਚਾਰ ਪ੍ਰਗਟਾਵੇ ਜਾਂ ਗਿਆਨ ਪ੍ਰਾਪਤੀ ਜਾਂ ਜਾਣਕਾਰੀ ਲੱਭਣ ਲਈ ਇੰਟਰਨੈੱਟ ਵਰਤ ਰਹੇ ਹੋ ਤਾਂ ਵੀ ਫ਼ਾਇਦਾ ਉਨ੍ਹਾਂ ਨੂੰ ਹੀ ਹੈ। ਇਹ ਸਹੀ ਹੈ ਕਿ ਇੰਟਰਨੈੱਟ ਨੇ ਗਿਆਨ ਤੇ ਜਾਣਕਾਰੀ ਫੈਲਾਉਣ, ਕਾਰੋਬਾਰ ਤੇ ਬੈਂਕਿੰਗ ਕਰਨ, ਖ਼ਰੀਦੋ-ਫਰੋਖਤ ਨੂੰ ਆਸਾਨ ਬਣਾਉਣ, ਹਰ ਬੰਦੇ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੇ ਅਧਿਕਾਰ ਦੇਣ ਆਦਿ ਦੇ ਖੇਤਰਾਂ ਵਿਚ ਵੱਡੀਆਂ ਤਬਦੀਲੀਆਂ ਲਿਆ ਕੇ ਮਨੁੱਖੀ ਜ਼ਿੰਦਗੀ ਨੂੰ ਸੌਖੀ ਬਣਾਇਆ ਹੈ ਪਰ ਨਾਲ ਹੀ ਅਜਿਹੀਆਂ ਜਟਿਲਤਾਵਾਂ ਵੀ ਪੈਦਾ ਕੀਤੀਆਂ ਹਨ ਜਿਨ੍ਹਾਂ ਵਿਚੋਂ ਕੁਝ ਬਹੁਤ ਨੁਕਸਾਨਦੇਹ ਹਨ; ਇਸ ਦੇ ਨਾਲ ਨਾਲ ਇਹ ਵੀ ਸਹੀ ਹੈ ਕਿ ਦੁਨੀਆ ਦੇ ਕਰੋੜਾਂ ਲੋਕ ਹਰ ਵੇਲੇ ਇੰਟਰਨੈੱਟ ਵਰਤ ਕੇ ਇੰਟਰਨੈੱਟ ਦੇ ਧਨ-ਕੁਬੇਰਾਂ ਲਈ ਮੁਨਾਫ਼ਾ ਪੈਦਾ ਕਰ ਰਹੇ ਹੁੰਦੇ ਹਨ।
ਇੰਟਰਨੈੱਟ ਸਲਤਨਤਾਂ ਵਿਚ ਨਿਯਮਾਂ ਦੀ ਘਾਟ ਹੈ; ਸਰਕਾਰਾਂ ਨਿਯਮ ਬਣਾਉਣ ਦੀ ਕੋਸ਼ਿਸ਼ ਕਰਦੀਆਂ ਜਾਂ ਉਹ ਖ਼ੁਦ ਆਪਣੇ ਆਪ ਨੂੰ ਜ਼ਿਆਦਾ ਸਵੀਕਾਰਯੋਗ ਬਣਾਉਣ ਲਈ ਕੁਝ ਨਿਯਮ ਬਣਾਉਂਦੇ ਹਨ ਪਰ ਤੁਸੀਂ ਖ਼ੁਦ ਦੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਵਿਚ ਕੋਈ ਜ਼ਿਆਦਾ ਨਿਯਮ ਨਹੀਂ ਹਨ। ਕੋਈ ਨਫ਼ਰਤੀ ਪ੍ਰਚਾਰ ਕਰੇ ਜਾਂ ਘਿਰਣਾ ਤੇ ਹਿੰਸਾ ਨੂੰ ਉਤਸ਼ਾਹਿਤ ਕਰੇ, 99 ਫ਼ੀਸਦੀ ਅਜਿਹਾ ਕਰਨ ਵਾਲਿਆਂ ’ਤੇ ਕੋਈ ਹਰਫ਼ ਨਹੀਂ ਆਵੇਗਾ। ਅਮਰੀਕਾ ਦੀਆਂ 41 ਸੂਬਾ ਸਰਕਾਰਾਂ ਨੇ ਹੁਣ ਮੈਟਾ ਕੰਪਨੀ (ਜਿਹੜੀ ਫੇਸਬੁੱਕ, ਇੰਸਟਾਗ੍ਰਾਮ, ਵੱਟਸਐਪ ਆਦਿ ਦੀ ਮਾਲਕ ਕੰਪਨੀ ਹੈ) ’ਤੇ ਮੁਕੱਦਮਾ ਦਾਇਰ ਕੀਤਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ। ਸਰਕਾਰਾਂ ਦੇ ਦਬਾਅ ਪਾਉਣ ’ਤੇ ਇਹ ਇੰਟਰਨੈੱਟ ਸਲਤਨਤਾਂ ਕਾਰਵਾਈ ਤਾਂ ਕਰਦੀਆਂ ਹਨ ਪਰ ਬਹੁਤ ਹੀ ਉਜ਼ਰਾਂ ਨਾਲ ਅਤੇ ਬਹਾਨਾ ਲਾਇਆ ਜਾਂਦਾ ਹੈ ਕਿ ਉਹ ਵਿਚਾਰਾਂ ਦੇ ਪ੍ਰਗਟਾਵੇ ਦੇ ਅਧਿਕਾਰ ਦੀ ਰੱਖਿਆ ਕਰ ਰਹੀਆਂ ਹਨ।
ਨਾਰਾਇਣ ਮੂਰਤੀ ਦੇ ਹਫ਼ਤੇ ਦੇ 70 ਘੰਟੇ ਕੰਮ ਵੱਲ ਵਾਪਸ ਪਰਤਣ ਦਾ ਮਤਲਬ ਹੈ ਹਫ਼ਤੇ ’ਚੋਂ 6 ਦਿਨ 12 ਘੰਟੇ ਕੰਮ ਕਰਨਾ ਜਾਂ ਬਿਨਾਂ ਕਿਸੇ ਛੁੱਟੀ ਦੇ 10 ਘੰਟੇ ਰੋਜ਼ਾਨਾ ਕੰਮ ਕਰਨਾ। ਨਾਰਾਇਣ ਮੂਰਤੀ ਜ਼ਰੂਰ ਜਾਣਦੇ ਹੋਣਗੇ ਕਿ ਗ਼ੈਰ-ਰਸਮੀ ਖੇਤਰ ਦੇ ਕਾਮੇ ਹੁਣ ਵੀ 10-16 ਘੰਟੇ ਰੋਜ਼ਾਨਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਉਜਰਤ ਵੀ ਆਈ-ਚਲਾਈ ਵਾਲੀ ਹੈ; ਉਹ ਜਿੰਨੇ ਘੰਟੇ ਜ਼ਿਆਦਾ ਕੰਮ ਕਰਦੇ ਹਨ, ਓਨੀ ਹੀ ਉਨ੍ਹਾਂ ਦੀ ਪ੍ਰਤੀ ਘੰਟਾ ਉਜਰਤ ਘਟਦੀ ਹੈ ਕਿਉਂਕਿ ਇਕ ਬੰਦੇ ਦੁਆਰਾ ਜ਼ਿਆਦਾ ਸਮਾਂ ਕੰਮ ਨੂੰ ਸਮਰਪਿਤ ਕਰਨ ਨਾਲ ਕਿਰਤ ਦੇ ਸਮੇਂ ਦੀ ਸਪਲਾਈ ਵਧ ਜਾਂਦੀ ਹੈ ਤੇ ਜਦੋਂ ਸਪਲਾਈ ਵੱਧ ਹੋਵੇ ਤਾਂ ਉਸ ਦਾ ਮੁੱਲ ਘਟਦਾ ਹੈ। ਧਨ-ਕੁਬੇਰ ਇਹੀ ਚਾਹੁੰਦੇ ਹਨ। ਸਨਅਤੀਕਰਨ ਦੇ ਸ਼ੁਰੂਆਤੀ ਦੌਰ ਵਿਚ ਮਜ਼ਦੂਰਾਂ ਨੂੰ ਵੀ ਕਾਰਖਾਨਿਆਂ ਵਿਚ 12-16 ਘੰਟੇ ਕੰਮ ਕਰਨਾ ਪੈਂਦਾ ਸੀ; ਸਨਅਤੀ ਕਾਮਿਆਂ ਨੇ ਕੰਮ ਦੇ ਘੰਟੇ ਘਟਾਉਣ ਲਈ ਅਨੰਤ ਸੰਘਰਸ਼ ਕੀਤੇ ਤਾਂ ਕਿ ਦਿਹਾੜੀ ਦੇ ਕੰਮ ਕਰਨ ਦੇ ਘੰਟੇ ਘਟਾ ਕੇ ਉਹ ਆਪਣੀ ਜ਼ਿੰਦਗੀ ਨੂੰ ਜਿਊਣ ਜੋਗਾ ਬਣਾ ਸਕਣ। ਇਨ੍ਹਾਂ ਸੰਘਰਸ਼ਾਂ ਦੇ ਸਿੱਟੇ ਵਜੋਂ ਅੱਠ ਘੰਟੇ ਦਿਹਾੜੀ ਦਾ ਅਸੂਲ ਨਿਸ਼ਚਿਤ ਹੋਇਆ; ਇਹ ਮਜ਼ਦੂਰਾਂ ਦੇ ਮਨੁੱਖੀ ਹੱਕਾਂ ਦੀ ਮਹਾਨ ਪ੍ਰਾਪਤੀ ਸੀ; ਧਨ-ਕੁਬੇਰ ਇਤਿਹਾਸ ਨੂੰ ਪੁੱਠਾ ਗੇੜਾ ਦੇ ਕੇ ਮਜ਼ਦੂਰਾਂ ਦੀ ਜ਼ਿੰਦਗੀ ਫਿਰ ਅਣਮਨੁੱਖੀ ਬਣਾਉਣਾ ਚਾਹੁੰਦੇ ਹਨ; ਉਹ ਇਸ ਨੂੰ ਮਿਹਨਤ ਕਰਨ ਦੇ ਗੁਣ ਵਜੋਂ ਪ੍ਰਚਾਰਦੇ ਹਨ ਪਰ ਇਸ ਮਿਹਨਤ ਦੇ ਅਰਥ ਹਨ ਘੱਟ ਉਜਰਤ ’ਤੇ ਕੰਮ ਕਰ ਕੇ ਉਨ੍ਹਾਂ ਦੇ ਮੁਨਾਫ਼ੇ ਵਧਾਉਣਾ। ਇਸ ਕਾਰਜ ਵਿਚ ਸਰਕਾਰਾਂ ਧਨ-ਕੁਬੇਰਾਂ ਦਾ ਸਾਥ ਦੇ ਰਹੀਆਂ ਹਨ।
ਸਾਰੇ ਜਾਣਦੇ ਹਨ ਕਿ ਬਹੁਤਾ ਕੰਮ ਦੁਹਰਾਓ ਵਾਲਾ ਹੁੰਦਾ ਹੈ; ਕਾਮਾ ਉਹੀ ਕੰਮ ਰੋਜ਼ ਕਰਦਾ ਹੈ। ਇਹ ਕੰਮ ਅਕੇਵਾਂ, ਥਕਾਵਟ ਤੇ ਕੰਮ ਤੋਂ ਅਲਗਾਓ ਪੈਦਾ ਕਰਦਾ ਹੈ। ਇਹੀ ਕਾਰਨ ਹੈ ਕਿ ਕਾਮੇ ਅਜਿਹੇ ਕੰਮ ਨੂੰ ਨਿਸ਼ਚਿਤ ਸਮੇਂ (8 ਘੰਟੇ ਤੋਂ ਘੱਟ) ਲਈ ਕਰਨਾ ਚਾਹੁੰਦੇ ਹਨ; ਰੋਜ਼ਾਨਾ ਜ਼ਿਆਦਾ ਘੰਟੇ ਕੰਮ ਕਰਨਾ ਬਹੁਤ ਜਲਦੀ ਕਾਮੇ ਨੂੰ ਅਹਿਸਾਸਹੀਣ ਕਰਨ/ਹੋਣ ਵਾਲੀ ਸਥਿਤੀ (burn out) ਵੱਲ ਲਿਜਾ ਸਕਦਾ ਹੈ; ਨਾਰਾਇਣ ਮੂਰਤੀ ਦੇ ਤਰਕ ਅਨੁਸਾਰ ਮੰਡੀ ਵਿਚ ਪ੍ਰਤੀ ਘੰਟਾ ਜ਼ਿਆਦਾ ਕੰਮ ਕਰਨ ਵਾਲੇ ਨਵੇਂ ਕਾਮੇ ਮੌਜੂਦ ਹੋਣਗੇ ਅਤੇ ਇੰਟਰਨੈੱਟ ਸਨਅਤ ਨੂੰ ਹਮੇਸ਼ਾ ਨਵੇਂ ਤੇ ਘੱਟ ਉਜਰਤ ’ਤੇ ਕੰਮ ਕਰਨ ਵਾਲੇ ਕਾਮੇ ਮਿਲਦੇ ਰਹਿਣਗੇ।
ਵਿਸ਼ਵੀਕਰਨ ਨੇ ਕਿਰਤੀਆਂ ਵਿਚ ਵੱਡੀਆਂ ਵੰਡੀਆਂ (fragmentation) ਪੈਦਾ ਕੀਤੀਆਂ ਹਨ। ਜੇ ਇਕ ਥਾਂ ’ਤੇ ਕਾਮੇ ਸੰਘਰਸ਼ ਕਰਦੇ ਹਨ ਤਾਂ ਕਾਰਪੋਰੇਟ ਧਨ-ਕੁਬੇਰ ਸਨਅਤ ਨੂੰ ਦੂਸਰੀ ਥਾਂ ਜਾਂ ਦੂਸਰੇ ਦੇਸ਼ ਵਿਚ ਲੈ ਜਾਂਦੇ ਹਨ; ਉਹ ਅਜਿਹੇ ਦੇਸ਼ਾਂ ਨੂੰ ਤਰਜੀਹ ਦਿੰਦੇ ਹਨ ਜਿੱਥੇ ਕਿਰਤ ਕਾਨੂੰਨ ਕਿਰਤੀਆਂ ਦੇ ਹੱਕਾਂ ਦੀ ਰਾਖੀ ਨਾ ਕਰਦੇ ਹੋਣ (ਇਸ ਨੂੰ ਕਿਰਤ ਸੁਧਾਰ ਦਾ ਨਾਂ ਦਿੱਤਾ ਜਾਂਦਾ ਹੈ), ਜਿੱਥੇ ਕਿਰਤੀ ਘੱਟ ਤੋਂ ਘੱਟ ਉਜਰਤ ’ਤੇ ਕੰਮ ਕਰਨ ਲਈ ਤਿਆਰ ਹੋਣ, ਜਥੇਬੰਦ ਨਾ ਹੋਣ। ਇੰਟਰਨੈੱਟ ਦੀ ਸਨਅਤ ਦੇ ਕਿਰਤੀ ਬਹੁਤ ਘੱਟ ਜਥੇਬੰਦ ਹੋਏ ਹਨ। ਨੌਕਰੀ ਤੋਂ ਬਾਹਰ ਕੀਤੇ ਜਾਣ ਦੀ ਤਲਵਾਰ ਉਨ੍ਹਾਂ ਦੇ ਸਿਰਾਂ ’ਤੇ ਹਮੇਸ਼ਾਂ ਲਟਕਦੀ ਰਹਿੰਦੀ ਹੈ। ਉਹ ਪ੍ਰਤੀ ਦਿਨ ਜ਼ਿਆਦਾ ਘੰਟੇ ਕੰਮ ਕਰਨ ਲਈ ਤਿਆਰ ਰਹਿੰਦੇ ਹਨ; ਅਜਿਹੇ ਕੰਮ-ਸੱਭਿਆਚਾਰ ਦਾ ਪ੍ਰਚਾਰ ਸੂਖ਼ਮ ਤਰੀਕੇ ਨਾਲ ਕਰ ਕੇ ਪ੍ਰਤੀ ਦਿਨ ਜ਼ਿਆਦਾ ਕੰਮ ਕਰਨ ਨੂੰ ਇਕ ਗੁਣ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਕਾਮੇ ਇਸ ‘ਗੁਣ’ ਨੂੰ ਅਪਣਾਉਂਦੇ ਹੋਏ ਉਸ ਸਥਿਤੀ ਵਿਚ ਪਹੁੰਚ ਜਾਂਦੇ ਹਨ ਜਿੱਥੇ ਉਹ ਆਪਣੀਆਂ ਜ਼ੰਜੀਰਾਂ ਨੂੰ ਪਿਆਰ ਕਰਨ ਲੱਗ ਪੈਂਦੇ ਹਨ।
ਇਹ ਧਨ-ਕੁਬੇਰ ਸੱਚ ਵੀ ਨਹੀਂ ਬੋਲਦੇ; ਜਿਵੇਂ ਇਹ ਕਿਹਾ ਗਿਆ ਹੈ ਕਿ ਜਰਮਨੀ ਤੇ ਜਪਾਨ ਦੇ ਕਾਮੇ ਪ੍ਰਤੀ ਦਿਨ ਜ਼ਿਆਦਾ ਘੰਟੇ ਕੰਮ ਕਰਦੇ ਹਨ; ਬਿਸਵਾਜੀਤ ਧਰ ਅਨੁਸਾਰ ਹਕੀਕਤ ਇਹ ਹੈ ਕਿ 1870ਵਿਆਂ ਵਿਚ ਜਰਮਨੀ ਦੇ ਕਾਮਿਆਂ ਨੂੰ ਹਰ ਹਫ਼ਤੇ 68 ਘੰਟੇ ਕੰਮ ਕਰਨਾ ਪੈਂਦਾ ਸੀ ਜਦੋਂਕਿ ਹੁਣ ਉਹ ਹਫ਼ਤੇ ਵਿਚ ਲਗਭਗ 28 ਘੰਟੇ ਕੰਮ ਕਰਦੇ ਹਨ। ਜਪਾਨ ਦੇ ਕਾਮੇ 1964 ਵਿਚ ਹਫ਼ਤੇ ’ਚ 44 ਘੰਟੇ ਕੰਮ ਕਰਦੇ ਸਨ ਅਤੇ ਹੁਣ 35 ਘੰਟੇ ਕਰਦੇ ਹਨ। ਕੌਮਾਂਤਰੀ ਕਿਰਤ ਆਰਗੇਨਾਈਜੇਸ਼ਨ ਕੰਮ ਕਰਨ ਦੇ ਸਮੇਂ ਦਾ ਬਾਕੀ ਦੀ ਜ਼ਿੰਦਗੀ ਨਾਲ ਸੰਤੁਲਨ ਰੱਖਣ ’ਤੇ ਜ਼ੋਰ ਦਿੰਦੀ ਹੈ ਪਰ ਧਨ-ਕੁਬੇਰਾਂ ਨੂੰ ਆਮ ਲੋਕਾਂ ਦੀ ਜ਼ਿੰਦਗੀ ਦੇ ਸੰਤੁਲਨ ਨਾਲ ਕੋਈ ਵਾਸਤਾ ਨਹੀਂ।
ਵਿਕਸਿਤ ਦੇਸ਼ਾਂ ਵਿਚ ਕਾਮੇ ਘੱਟ ਘੰਟੇ ਕੰਮ ਕਰਦੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇਸ਼ਾਂ ਦੇ ਕਾਨੂੰਨਾਂ ਅਨੁਸਾਰ ਉਜਰਤ ਮਿਲਦੀ ਹੈ। ਘੱਟ ਪੈਸੇ ਦੇ ਕੇ ਕੰਮ ਕਰਾਉਣ ਲਈ ਇੰਟਰਨੈੱਟ ਦਾ ਬਹੁਤਾ ਕੰਮ ਜਾਂ ਤਾਂ ਤੀਸਰੀ ਦੁਨੀਆ ਦੇ ਦੇਸ਼ਾਂ ਵਿਚ ਬੈਠੇ ਇੰਟਰਨੈੱਟ ਕਾਮਿਆਂ ਤੋਂ ਕਰਾਇਆ ਜਾਂਦਾ ਹੈ ਜਾਂ ਇਨ੍ਹਾਂ ਦੇਸ਼ਾਂ ਦੇ ਇੰਜਨੀਅਰ ਤੇ ਕਾਮੇ ਵਿਕਸਿਤ ਦੇਸ਼ਾਂ ਵਿਚ ਜਾ ਕੇ ਕੰਮ ਕਰਦੇ ਹਨ। ਇੰਟਰਨੈੱਟ ਸਲਤਨਤਾਂ ਦੀ ਤਰਜੀਹ ਹੈ ਕਿ ਜ਼ਿਆਦਾ ਕੰਮ ਚੀਨ, ਭਾਰਤ, ਵੀਅਤਨਾਮ ਤੇ ਤੀਸਰੀ ਦੁਨੀਆ ਦੇ ਦੇਸ਼ਾਂ ਦੇ ਕਾਮੇ ਕਰਨ ਕਿਉਂਕਿ ਉਨ੍ਹਾਂ ਨੂੰ ਵਿਕਸਿਤ ਦੇਸ਼ਾਂ ਦੇ ਕਾਮਿਆਂ ਦੇ ਮੁਕਾਬਲੇ ਮਾਮੂਲੀ ਉਜਰਤ ਦੇਣੀ ਪੈਂਦੀ ਹੈ ਅਤੇ ਸੋਨੇ ’ਤੇ ਸੁਹਾਗਾ ਹੋਵੇਗਾ ਜੇ ਹਰ ਕਾਮਾ ਪ੍ਰਤੀ ਦਿਨ ਜ਼ਿਆਦਾ ਘੰਟੇ ਕੰਮ ਕਰੇ ਕਿਉਂਕਿ ਇਸ ਨਾਲ ਉਜਰਤ ਹੋਰ ਸਸਤੀ ਹੋਵੇਗੀ।
ਇਹ ਸਰਮਾਏ ਦਾ ਨਵਾਂ ਰੂਪ ਹੈ; ਇਸ ਨੇ ਸਾਡੇ ਸਮੇਂ ’ਤੇ ਅਧਿਕਾਰ ਜਮਾ ਲਿਆ ਹੈ; ਅਸੀਂ ਕਾਰੋਬਾਰ ਵੀ ਇਸ ਰਾਹੀਂ ਕਰਦੇ ਹਾਂ, ਗਿਆਨ ਪ੍ਰਾਪਤੀ ਵੀ ਇਸ ਰਾਹੀਂ, ਮਨੋਰੰਜਨ ਵੀ ਇਸ ਰਾਹੀਂ ਅਤੇ ਸਾਨੂੰ ਇਕ-ਦੂਜੇ ਵਿਰੁੱਧ ਲੜਨ ਲਈ ਸੰਦ ਵੀ ਇਹੀ ਮੁਹੱਈਆ ਕਰਦਾ ਹੈ; ਪਹਿਲਾਂ ਸਾਨੂੰ ਆਪਣੇ ਵਿਰੋਧੀਆਂ ਵਿਰੁੱਧ ਆਹਮਣੇ-ਸਾਹਮਣੇ ਹੋ ਕੇ ਲੜਨਾ ਪੈਂਦਾ ਸੀ, ਜਿਸ ਵਿਚ ਮਨੁੱਖ ਦਾ ਮਨੁੱਖ ਨਾਲ ਵਾਸਤਾ ਪੈਂਦਾ ਸੀ ਪਰ ਇਨ੍ਹਾਂ ਦੁਆਰਾ ਬਣਾਏ ਗਏ ਸੋਸ਼ਲ ਮੀਡੀਆ ਮੰਚਾਂ ’ਤੇ ਚਿਹਰੇਹੀਣਤਾ ਹੈ; ਮਨੁੱਖ ਉੱਥੋਂ ਗਾਇਬ ਹੈ, ਉੱਥੇ ਹਾਜ਼ਰ ਹੈ ਉਸ ਦਾ ਅਕਸ; ਅਤੇ ਵਿਰੋਧੀਆਂ ਦੇ ਅਕਸ ਨਾਲ ਲੜਦੇ ਹੋਏ ਕੋਈ ਜਿੰਨਾ ਚਾਹੇ ਜ਼ਹਿਰ ਉਗਲ ਸਕਦਾ ਹੈ, ਨਫ਼ਰਤ ਪੈਦਾ ਕਰ ਸਕਦਾ ਹੈ ਅਤੇ ਇਹ ਲਗਾਤਾਰ ਹੁੰਦਾ ਹੈ।
ਸਨਅਤੀਕਰਨ ਦੇ ਸਮਿਆਂ ਵਿਚ ਧਨ-ਕੁਬੇਰ ਮਨੁੱਖੀ ਸਰੀਰ ਤੋਂ ਵੱਧ ਕੰਮ ਲੈਣ ਵੱਲ ਸੇਧਿਤ ਸਨ; ਸਨਅਤਕਾਰ ਮਜ਼ਦੂਰਾਂ ਦੇ ਮਨਾਂ-ਦਿਮਾਗ਼ਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਸਨ ਪਰ ਇਸ ਕੋਸ਼ਿਸ਼ ਦੇ ਪਸਾਰ ਸੀਮਤ ਸਨ; ਸਨਅਤੀ ਕਾਮਿਆਂ ਵਿਚ ਜਮਾਤੀ ਚੇਤਨਾ ਉੱਭਰ ਰਹੀ ਸੀ ਅਤੇ ਉਨ੍ਹਾਂ ਨੇ ਧਨ-ਕੁਬੇਰਾਂ ਵਿਰੁੱਧ ਸੰਘਰਸ਼ ਕੀਤੇ; ਇੰਟਰਨੈੱਟ ਦੇ ਸਮਿਆਂ ਵਿਚ ਇੰਟਰਨੈੱਟ ਰਾਹੀਂ ਓਪਰੇਟ ਕਰਦਿਆਂ ਇਹ ਧਨ-ਕੁਬੇਰ ਮਨੁੱਖਾਂ ਦੇ ਮਨਾਂ ਨੂੰ ਗ਼ੁਲਾਮ ਬਣਾਉਣ ਵੱਲ ਸੇਧਿਤ ਹਨ। ਇਸ ਵਰਤਾਰੇ ਵਿਰੁੱਧ ਕਿਵੇਂ ਲੜਿਆ ਜਾਵੇ? ਇਹ ਸਾਡੇ ਸਮਿਆਂ ਦੀ ਸਭ ਤੋਂ ਵੱਡੀ ਚੁਣੌਤੀ ਹੈ।
ਸਨਅਤੀ ਪੂੰਜੀ ਦੇ ਦੌਰ ਵਿਚ ਵੱਡਾ ਵਿਕਲਪ ਇਹ ਉਸਾਰਿਆ ਗਿਆ ਕਿ ਪੂੰਜੀ ਤੇ ਕਿਰਤ ਨੂੰ ਸਮਾਜਿਕ ਜਾਇਦਾਦ ਬਣਾ ਦਿੱਤਾ ਜਾਵੇ ਜਿਵੇਂ ਸੋਵੀਅਤ ਯੂਨੀਅਨ ਅਤੇ ਹੋਰ ਸਮਾਜਵਾਦੀ ਦੇਸ਼ਾਂ ਵਿਚ ਕੀਤਾ ਗਿਆ। ਇਸ ਮਾਡਲ ਨੂੰ ਸਫਲਤਾ ਵੀ ਮਿਲੀ ਅਤੇ ਇਸ ਕਾਰਨ ਗ਼ੈਰ-ਸਮਾਜਵਾਦੀ ਦੇਸ਼ਾਂ ਦੇ ਕਾਮੇ ਸਨਅਤਕਾਰਾਂ ਤੇ ਕਾਰੋਬਾਰੀਆਂ ਤੋਂ ਆਪਣੇ ਹੱਕ ਹਾਸਿਲ ਕਰਨ ਵਿਚ ਕਾਮਯਾਬ ਵੀ ਹੋਏ। ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਨਾਲ ਜਿੱਥੇ ਸਮਾਜਵਾਦੀ ਨਿਜ਼ਾਮ ਢਹਿ-ਢੇਰੀ ਹੋਏ, ਉੱਥੇ ਇਨ੍ਹਾਂ ਨਿਜ਼ਾਮਾਂ ਦੇ ਢਹਿ-ਢੇਰੀ ਹੋ ਜਾਣ ਕਾਰਨ ਗ਼ੈਰ-ਸਮਾਜਵਾਦੀ ਦੇਸ਼ਾਂ ਦੇ ਕਾਮਿਆਂ ਦੀ ਆਪਣੇ ਹੱਕਾਂ ਦੀ ਵਕਾਲਤ ਕਰਨ ਦੀ ਸਮਰੱਥਾ ਵਿਚ ਵੀ ਕਮੀ ਆਈ। ਹੁਣ ਸਾਰੀ ਲੋਕਾਈ ਸਾਹਮਣੇ ਚੁਣੌਤੀ ਇਹ ਹੈ ਕਿ ਇੰਟਰਨੈੱਟ ਆਧਾਰਿਤ ਪੂੰਜੀ ਤੇ ਖ਼ੁਦ ਇੰਟਰਨੈੱਟ ਨੂੰ ਸਮਾਜ ਦੇ ਕੰਟਰੋਲ ਵਿਚ ਕਿਵੇਂ ਲਿਆਂਦਾ ਜਾਵੇ।