For the best experience, open
https://m.punjabitribuneonline.com
on your mobile browser.
Advertisement

ਮਨੀਪੁਰ ’ਚ ਭਾਜਪਾ ਨੇ ਭਾਰਤ ਮਾਤਾ ਦੀ ਹੱਤਿਆ ਕੀਤੀ: ਰਾਹੁਲ

07:40 AM Aug 10, 2023 IST
ਮਨੀਪੁਰ ’ਚ ਭਾਜਪਾ ਨੇ ਭਾਰਤ ਮਾਤਾ ਦੀ ਹੱਤਿਆ ਕੀਤੀ  ਰਾਹੁਲ
ਲੋਕ ਸਭਾ ’ਚ ਬੇਭਰੋਸਗੀ ਮਤੇ ਦੇ ਹੱਕ ’ਚ ਬੋਲਦੇ ਹੋਏ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 9 ਅਗਸਤ
ਹਾਕਮ ਧਿਰ ਦੇ ਮੈਂਬਰਾਂ ਨੂੰ ਦੇਸ਼ਧ੍ਰੋਹੀ ਕਰਾਰ ਦਿੰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਦੀ ਸਿਆਸਤ ਨੇ ਮਨੀਪੁਰ ’ਚ ਭਾਰਤ ਮਾਤਾ ਦੀ ਹੱਤਿਆ ਕੀਤੀ ਹੈ। ਲੋਕ ਸਭਾ ’ਚ ਬੇਭਰੋਸਗੀ ਮਤੇ ਦੇ ਹੱਕ ’ਚ ਬੋਲਦਿਆਂ ਰਾਹੁਲ ਨੇ ਉੱਤਰ-ਪੂਰਬੀ ਸੂਬੇ ’ਚ ਹਿੰਸਾ ਨਾਲ ਸਿੱਝਣ ਦੇ ਢੰਗ-ਤਰੀਕੇ ’ਤੇ ਟਿੱਪਣੀ ਕਰਦਿਆਂ ਮੋਦੀ ਸਰਕਾਰ ਖ਼ਿਲਾਫ਼ ਤਿੱਖੇ ਹਮਲੇ ਕੀਤੇ। ਲੋਕ ਸਭਾ ਦੀ ਮੈਂਬਰੀ ਬਹਾਲ ਹੋਣ ਮਗਰੋਂ ਆਪਣੇ ਪਹਿਲੇ ਸੰਬੋਧਨ ’ਚ ਰਾਹੁਲ ਗਾਂਧੀ ਨੇ ਮਨੀਪੁਰ ਨਾ ਜਾਣ ਲਈ ਪ੍ਰਧਾਨ ਮੰਤਰੀ ਦੀ ਨੁਕਤਾਚੀਨੀ ਕੀਤੀ ਅਤੇ ਦੋਸ਼ ਲਾਇਆ ਕਿ ਮੋਦੀ ਮਨੀਪੁਰ ਨੂੰ ਹਿੰਦੁਸਤਾਨ ਦਾ ਹਿੱਸਾ ਨਹੀਂ ਸਮਝਦੇ ਹਨ ਜਿਸ ਦਾ ਹਾਕਮ ਧਿਰ ਦੇ ਮੈਂਬਰਾਂ ਨੇ ਜ਼ੋਰਦਾਰ ਵਿਰੋਧ ਕੀਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਸਿਰਫ਼ ਦੋ ਲੋਕਾਂ ਅਮਿਤ ਸ਼ਾਹ ਅਤੇ ਗੌਤਮ ਅਡਾਨੀ ਦੀ ਸੁਣਦੇ ਹਨ ਜਿਵੇਂ ਰਾਵਣ ਸਿਰਫ਼ ਮੇਘਨਾਦ ਅਤੇ ਕੁੰਭਕਰਨ ਦੀ ਗੱਲ ਸੁਣਦਾ ਸੀ। ਉਨ੍ਹਾਂ ਮੋਦੀ ਅਤੇ ਅਡਾਨੀ ਦੇ ਇਕੱਠਿਆਂ ਜਹਾਜ਼ ’ਚ ਸਫ਼ਰ ਕਰਨ ਦਾ ਪੁਰਾਣਾ ਪੋਸਟਰ ਵੀ ਦਿਖਾਇਆ ਅਤੇ ਦਾਅਵਾ ਕੀਤਾ,‘‘ਮੋਦੀ ਹਿੰਦੁਸਤਾਨ ਦੀ ਨਹੀਂ ਸਗੋਂ ਅਡਾਨੀ ਦੀ ਗੱਲ ਸੁਣਦੇ ਹਨ।’’ ਰਾਹੁਲ ਜਦੋਂ ਸਦਨ ਨੂੰ ਸੰਬੋਧਨ ਕਰ ਰਹੇ ਸਨ ਤਾਂ ਪ੍ਰਧਾਨ ਮੰਤਰੀ ਗ਼ੈਰ-ਹਾਜ਼ਰ ਸਨ। ਹਾਕਮ ਧਿਰ ਦੇ ਮੈਂਬਰਾਂ ਨੇ ਜਦੋਂ ਨੇਮਾਂ ਦਾ ਹਵਾਲਾ ਦੇ ਕੇ ਪੋਸਟਰ ਦਿਖਾਉਣ ਦਾ ਵਿਰੋਧ ਕੀਤਾ ਤਾਂ ਲੋਕ ਸਭਾ ਸਪੀਕਰ ਨੇ ਰਾਹੁਲ ਨੂੰ ਸੰਜਮ ਵਰਤਣ ਲਈ ਕਿਹਾ। ਰਾਹੁਲ ਨੇ ਰਾਮਾਇਣ ਦਾ ਜ਼ਿਕਰ ਕਰਦਿਆਂ ਕਿਹਾ,‘‘ਹਨੂੰਮਾਨ ਨੇ ਨਹੀਂ ਸਗੋਂ ਰਾਵਣ ਦੇ ਹੰਕਾਰ ਕਾਰਨ ਲੰਕਾ ਸੜੀ ਸੀ। ਰਾਵਣ ਨੂੰ ਰਾਮ ਨੇ ਨਹੀਂ ਸਗੋਂ ਹੰਕਾਰ ਨੇ ਮਾਰਿਆ ਸੀ। ਮੈਂ ਕੁਝ ਦਿਨ ਪਹਿਲਾਂ ਮਨੀਪੁਰ ਗਿਆ ਸੀ। ਸਾਡੇ ਪ੍ਰਧਾਨ ਮੰਤਰੀ ਉਥੇ ਅੱਜ ਤੱਕ ਨਹੀਂ ਗਏ ਹਨ। ਉਹ ਮਨੀਪੁਰ ਨੂੰ ਹਿੰਦੁਸਤਾਨ ਦਾ ਹਿੱਸਾ ਨਹੀਂ ਸਮਝਦੇ ਹਨ। ਮੈਂ ਮਨੀਪੁਰ ਸ਼ਬਦ ਦੀ ਵਰਤੋਂ ਕਰ ਰਿਹਾ ਹਾਂ ਪਰ ਹਕੀਕਤ ਇਹ ਹੈ ਕਿ ਮਨੀਪੁਰ ਬਚਿਆ ਨਹੀਂ ਹੈ। ਤੁਸੀਂ ਮਨੀਪੁਰ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਹੈ, ਤੁਸੀਂ ਮਨੀਪੁਰ ਦੇ ਟੋਟੇ ਕਰ ਦਿੱਤੇ ਹਨ।’’ ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਮਨੀਪੁਰ ਦੇ ਦੌਰੇ ਦੌਰਾਨ ਰਾਹਤ ਕੈਂਪਾਂ ’ਚ ਔਰਤਾਂ ਅਤੇ ਬੱਚਿਆਂ ਨਾਲ ਮੁਲਾਕਾਤ ਕੀਤੀ ਸੀ ਪਰ ਪ੍ਰਧਾਨ ਮੰਤਰੀ ਅੱਜ ਤੱਕ ਉਥੇ ਨਹੀਂ ਗਏ ਹਨ। ਹਿੰਸਾਗ੍ਰਸਤ ਸੂਬੇ ਦੇ ਰਾਹਤ ਕੈਂਪਾਂ ਦੇ ਦੌਰੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,‘‘ਮੈਂ ਇਕ ਔਰਤ ਨੂੰ ਪੁੱਛਿਆ ਕਿ ਉਸ ਨਾਲ ਕੀ ਵਾਪਰਿਆ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਦੇ ਇਕਲੌਤੇ ਛੋਟੇ ਬੱਚੇ ਨੂੰ ਉਸ ਦੀਆਂ ਅੱਖਾਂ ਸਾਹਮਣੇ ਗੋਲੀ ਮਾਰ ਦਿੱਤੀ ਗਈ। ਉਸ ਨੇ ਸਾਰੀ ਰਾਤ ਬੱਚੇ ਦੀ ਲਾਸ਼ ਨਾਲ ਗੁਜ਼ਾਰੀ ਅਤੇ ਉਹ ਬਹੁਤ ਡਰ ਗਈ ਤਾਂ ਆਪਣਾ ਘਰ ਛੱਡ ਦਿੱਤਾ। ਮੈਂ ਉਸ ਨੂੰ ਜਦੋਂ ਪੁੱਛਿਆ ਕਿ ਉਹ ਆਪਣੇ ਨਾਲ ਕੁਝ ਲਿਅਈ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਸਿਰਫ਼ ਤਨ ਦੇ ਕੱਪੜੇ ਅਤੇ ਇਕ ਤਸਵੀਰ।’’ ਇਕ ਹੋਰ ਕੈਂਪ ਵਿੱਚ ਜਦੋਂ ਉਨ੍ਹਾਂ ਇਕ ਹੋਰ ਔਰਤ ਨੂੰ ਇਹੋ ਸਵਾਲ ਕੀਤਾ ਤਾਂ ਉਹ ਕੰਬਣ ਲੱਗ ਪਈ ਅਤੇ ਫਿਰ ਬੇਹੋਸ਼ ਹੋ ਗਈ। ‘ਇਹ ਸਿਰਫ਼ ਦੋ ਮਿਸਾਲਾਂ ਹਨ। ਮਨੀਪੁਰ ’ਚ ਤੁਸੀਂ (ਭਾਜਪਾ) ਹਿੰਦੁਸਤਾਨ ਦੀ ਹੱਤਿਆ ਕਰ ਦਿੱਤੀ ਹੈ। ਤੁਹਾਡੀ ਸਿਆਸਤ ਨੇ ਮਨੀਪੁਰ ਨਹੀਂ ਸਗੋਂ ਮਨੀਪੁਰ ’ਚ ਹਿੰਦੁਸਤਾਨ ਦੀ ਹੱਤਿਆ ਕੀਤੀ ਹੈ। ਮਨੀਪੁਰ ’ਚ ਹਿੰਦੁਸਤਾਨ ਦੀ ਹੱਤਿਆ ਹੋਈ ਹੈ।’ ਰਾਹੁਲ ਨੇ ਕਿਹਾ,‘‘ਹਿੰਦੁਸਤਾਨ ਲੋਕਾਂ ਦੀ ਆਵਾਜ਼ ਹੈ ਅਤੇ ਤੁਸੀਂ ਉਸ ਆਵਾਜ਼ ਦੀ ਮਨੀਪੁਰ ’ਚ ਹੱਤਿਆ ਕੀਤੀ ਹੈ। ਇਸ ਦਾ ਇਹ ਮਤਲਬ ਹੈ ਕਿ ਤੁਸੀਂ ਮਨੀਪੁਰ ’ਚ ਭਾਰਤ ਮਾਤਾ ਦੀ ਹੱਤਿਆ ਕੀਤੀ ਹੈ। ਮਨੀਪੁਰ ਦੇ ਲੋਕਾਂ ਦੀ ਹੱਤਿਆ ਨਾਲ ਤੁਸੀਂ ਭਾਰਤ ਦੀ ਹੱਤਿਆ ਕੀਤੀ ਹੈ। ਤੁਸੀਂ ਦੇਸ਼ਭਗਤ ਨਹੀਂ ਸਗੋਂ ਦੇਸ਼ਧ੍ਰੋਹੀ ਹੋ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨੀਪੁਰ ਨਹੀਂ ਜਾ ਸਕਦੇ ਹਨ ਕਿਉਂਕਿ ਉਨ੍ਹਾਂ ਉਥੇ ਹਿੰਦੁਸਤਾਨ ਦੀ ਹੱਤਿਆ ਕੀਤੀ ਹੈ। ‘ਤੁਸੀਂ ਭਾਰਤ ਮਾਤਾ ਦੇ ਰਖਵਾਲੇ ਨਹੀਂ ਸਗੋਂ ਹੱਤਿਆਰੇ ਹੋ।’ ਸਪੀਕਰ ਓਮ ਬਿਰਲਾ ਨੇ ਰਾਹੁਲ ਨੂੰ ਸਦਨ ’ਚ ਬੋਲਣ ਸਮੇਂ ਸੰਜਮ ਰੱਖਣ ਲਈ ਆਖਦਿਆਂ ਕਿਹਾ,‘‘ਭਾਰਤ ਮਾਤਾ ਸਾਡੇ ਸਾਰਿਆਂ ਦੀ ਮਾਂ ਹੈ।’’ ਸਪੀਕਰ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਰਾਹੁਲ ਨੇ ਕਿਹਾ,‘‘ਮੈਂ ਮਨੀਪੁਰ ’ਚ ਮੇਰੀ ਮਾਂ ਦੀ ਹੱਤਿਆ ਬਾਰੇ ਗੱਲ ਕਰ ਰਿਹਾ ਹਾਂ। ਮਨੀਪੁਰ ’ਚ ਤੁਸੀਂ ਮੇਰੀ ਮਾਂ ਦੀ ਹੱਤਿਆ ਕਰ ਦਿੱਤੀ ਹੈ। ਮੈਨੂੰ ਜਨਮ ਦੇਣ ਵਾਲੀ ਮਾਂ ਇਥੇ ਸਦਨ ’ਚ ਬੈਠੀ ਹੈ ਪਰ ਦੂਜੀ ਮਾਂ ਭਾਰਤ ਮਾਤਾ ਦੀ ਤੁਸੀਂ ਮਨੀਪੁਰ ’ਚ ਹੱਤਿਆ ਕਰ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਜਦੋਂ ਤੱਕ ਮਨੀਪੁਰ ’ਚ ਹਿੰਸਾ ਨਹੀਂ ਰੁਕ ਜਾਂਦੀ, ਉਦੋਂ ਤੱਕ ਤੁਸੀਂ ਮੇਰੀ ਮਾਂ ਨੂੰ ਮਾਰ ਰਹੇ ਹੋ। ਆਪਣੇ ਅੱਧੇ ਘੰਟੇ ਦੇ ਭਾਸ਼ਨ ਦੌਰਾਨ ਉਨ੍ਹਾਂ ਕਿਹਾ ਕਿ ਫ਼ੌਜ ਮਨੀਪੁਰ ’ਚ ਸ਼ਾਂਤੀ ਲਿਆ ਸਕਦੀ ਹੈ ਪਰ ਸਰਕਾਰ ਉਸ ਨੂੰ ਤਾਇਨਾਤ ਨਹੀਂ ਕਰ ਰਹੀ ਹੈ। ਗੁਰੂਗ੍ਰਾਮ ਅਤੇ ਨੂਹ ’ਚ ਫਿਰਕੂ ਝੜਪਾਂ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ,‘‘ਤੁਸੀਂ ਹਰ ਥਾਂ ’ਤੇ ਕੈਰੋਸਿਨ ਛਿੜਕ ਰਹੇ ਹੋ। ਤੁਸੀਂ ਮਨੀਪੁਰ ’ਚ ਕੈਰੋਸਿਨ ਛਿੜਕਿਆ ਅਤੇ ਫਿਰ ਅੱਗ ਲਗਾ ਦਿੱਤੀ। ਤੁਸੀਂ ਹੁਣ ਇਹੋ ਗੱਲ ਹਰਿਆਣਾ ’ਚ ਦੁਹਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਦੇਸ਼ ਦੇ ਹਰੇਕ ਕੋਨੇ ਨੂੰ ਸਾੜਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਪੂਰੇ ਦੇਸ਼ ’ਚ ਭਾਰਤ ਮਾਤਾ ਦੀ ਹੱਤਿਆ ਕਰ ਰਹੇ ਹੋ।’’
ਹਾਕਮ ਧਿਰ ਦੇ ਮੈਂਬਰਾਂ ਨੇ ਰਾਹੁਲ ਦੇ ਬਿਆਨ ਦੀ ਨਿਖੇਧੀ ਕੀਤੀ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਕਾਂਗਰਸ ਆਗੂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਰਾਹੁਲ ਦੇ ਭਾਸ਼ਨ ਦੌਰਾਨ ਰਿਜਿਜੂ ਵੱਲੋਂ ਦਖ਼ਲ ਦੇਣ ਦਾ ਵਿਰੋਧ ਕਰਦਿਆਂ ਵੱਖ ਵੱਖ ਵਿਰੋਧੀ ਧਿਰਾਂ ਦੇ ਮੈਂਬਰ ਸਪੀਕਰ ਦੇ ਆਸਣ ਸਾਹਮਣੇ ਆ ਗਏ ਅਤੇ ਉਨ੍ਹਾਂ ’ਚੋਂ ਇਕ ਨੂੰ ਸਪੀਕਰ ਦੇ ਮੇਜ਼ ’ਤੇ ਮੁੱਕੀਆਂ ਮਾਰਦੇ ਦੇਖਿਆ ਗਿਆ। ਕਾਂਗਰਸ ਮੈਂਬਰ ਇਹ ਆਖਦੇ ਸੁਣਾਈ ਦਿੱਤੇ ਕਿ ਜਦੋਂ ਮੋਦੀ ਭਲਕੇ ਮਤੇ ਦਾ ਜਵਾਬ ਦੇਣਗੇ ਤਾਂ ਉਹ ਵੀ ਉਸ ’ਚ ਅੜਿੱਕੇ ਡਾਹੁਣਗੇ। ਆਪਣੇ ਭਾਸ਼ਨ ’ਚ ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਅਜੇ ਖ਼ਤਮ ਨਹੀਂ ਹੋਈ। -ਪੀਟੀਆਈ

Advertisement

‘ਭਾਰਤ ਦੀ ਹੱਤਿਆ’ ਬਾਰੇ ਟਿੱਪਣੀ ਨੂੰ ਲੈ ਕੇ ਕਾਂਗਰਸ ’ਤੇ ਵਰ੍ਹੀ ਸਮ੍ਰਿਤੀ

ਲੋਕ ਸਭਾ ਵਿੱਚ ਸੰਬੋਧਨ ਕਰਦੀ ਹੋਈ ਸਮ੍ਰਿਤੀ ਇਰਾਨੀ। -ਫੋਟੋ: ਪੀਟੀਆਈ

ਰਾਹੁਲ ਗਾਂਧੀ ਵੱਲੋਂ ਮਨੀਪੁਰ ’ਚ ਭਾਰਤ ਦੀ ਹੱਤਿਆ ਹੋਣ ਦੀ ਕੀਤੀ ਗਈ ਟਿੱਪਣੀ ’ਤੇ ਵਰ੍ਹਦਿਆਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਸੰਸਦੀ ਲੋਕਤੰਤਰ ’ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਨੇ ਅਜਿਹਾ ਬਿਆਨ ਦਿੱਤਾ ਹੈ। ਰਾਹੁਲ ਗਾਂਧੀ ਤੋਂ ਬਾਅਦ ਬੇਭਰੋਸਗੀ ਮਤੇ ’ਤੇ ਬੋਲਦਿਆਂ ਸਮ੍ਰਿਤੀ ਨੇ ਕਿਹਾ ਕਿ ਜਦੋਂ ਭਾਰਤ ਮਾਤਾ ਦੀ ਹੱਤਿਆ ਬਾਰੇ ਬਿਆਨ ਦਿੱਤਾ ਜਾ ਰਿਹਾ ਸੀ ਤਾਂ ਕਾਂਗਰਸ ਆਗੂ ਮੇਜ਼ ਥਪਥਪਾ ਰਹੇ ਸਨ। ਭਾਜਪਾ ਦੀ ਸੰਸਦ ਮੈਂਬਰ ਨੇ ਕਿਹਾ ਕਿ ਮਨੀਪੁਰ ਭਾਰਤ ਦਾ ਅਨਿੱਖੜਵਾਂ ਅੰਗ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਗੱਠਜੋੜ ਦੇ ਇਕ ਆਗੂ ਨੇ ਤਾਮਿਲ ਨਾਡੂ ’ਚ ਕਿਹਾ ਕਿ ਭਾਰਤ ਦਾ ਮਤਲਬ ਸਿਰਫ਼ ਉੱਤਰ ਭਾਰਤ ਹੈ। ‘ਜੇਕਰ ਰਾਹੁਲ ਗਾਂਧੀ ’ਚ ਦਮ ਹੈ ਤਾਂ ਉਹ ਇਸ ’ਤੇ ਟਿੱਪਣੀ ਕਰਨ। ਇਕ ਹੋਰ ਕਾਂਗਰਸ ਆਗੂ ਨੇ ਕਿਹਾ ਕਿ ਕਸ਼ਮੀਰ ਬਾਰੇ ਰਾਏਸ਼ੁਮਾਰੀ ਹੋਣੀ ਚਾਹੀਦੀ ਹੈ। ਕੀ ਇਹ ਬਿਆਨ ਕਾਂਗਰਸ ਆਗੂਆਂ ਦੇ ਹੁਕਮਾਂ ’ਤੇ ਦਿੱਤਾ ਗਿਆ ਸੀ? ਤੁਸੀਂ ਇੰਡੀਆ ਨਹੀਂ ਹੋ ਕਿਉਂਕਿ ਤੁਸੀਂ ਭਾਰਤ ’ਚ ਭ੍ਰਿਸ਼ਟਾਚਾਰ ਦੀ ਮਿਸਾਲ ਹੋ।’ ਰਾਹੁਲ ਦੀ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕਰਦਿਆਂ ਇਰਾਨੀ ਨੇ ਕਿਹਾ,‘‘ਮੈਂ ਜੋੜਾਂ ਦੇ ਦਰਦ ਬਾਰੇ ਟਿੱਪਣੀ ਨਹੀਂ ਕਰਾਂਗੀ। ਭਾਰਤ ਨੇ ਜਿਹੜੀ ਘਾਟੀ ਨੂੰ ਖੂਨ ’ਚ ਲਥ-ਪਥ ਦੇਖਿਆ ਹੈ, ਉਹ (ਰਾਹੁਲ) ਉਥੇ ਬਰਫ਼ ਦੇ ਗੋਲਿਆਂ ਨਾਲ ਖੇਡ ਰਹੇ ਸਨ। ਇਹ ਤਾਂ ਸੰਭਵ ਹੋ ਸਕਿਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਾ 370 ਮਨਸੂਖ ਕਰ ਦਿੱਤੀ ਹੈ। ਉਹ ਯਾਤਰਾ ਦੌਰਾਨ ਧਾਰਾ 370 ਬਹਾਲ ਕਰਨ ਦਾ ਭਰੋਸਾ ਦੇ ਰਹੇ ਸਨ ਪਰ ਇਹ ਕਦੇ ਵੀ ਬਹਾਲ ਨਹੀਂ ਹੋਵੇਗੀ।’’ ਉਨ੍ਹਾਂ ਕਾਂਗਰਸ ਰਾਜ ਦੌਰਾਨ ਐਮਰਜੈਂਸੀ, ਕਸ਼ਮੀਰ ’ਚ ਅਸ਼ਾਂਤੀ ਅਤੇ 1984 ਦੇ ਸਿੱਖ ਕਤਲੇਆਮ ਦੇ ਮੁੱਦੇ ਵੀ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰ ਮਨੀਪੁਰ ਮੁੱਦੇ ’ਤੇ ਚਰਚਾ ਲਈ ਤਿਆਰ ਸੀ ਪਰ ਵਿਰੋਧੀ ਧਿਰ ਹੀ ਇਸ ਤੋਂ ਭੱਜਦੀ ਰਹੀ।

Advertisement

ਭਾਸ਼ਣ ਦੌਰਾਨ ਸੰਸਦ ਟੀਵੀ ’ਤੇ 40 ਫੀਸਦ ਤੋਂ ਵੀ ਘੱਟ ਦਿਖਾਏ ਗਏ ਰਾਹੁਲ: ਜੈਰਾਮ ਰਮੇਸ਼

ਨਵੀਂ ਦਿੱਲੀ: ਕਾਂਗਰਸ ਨੇ ਅੱਜ ਦੋਸ਼ ਲਗਾਇਆ ਕਿ ਲੋਕ ਸਭਾ ਵਿੱਚ ਬੇਭਰੋਸਗੀ ਮਤੇ ’ਤੇ ਬੋਲਣ ਲਈ ਮਿਲੇ ਸਮੇਂ ਦੌਰਾਨ ਸੰਸਦ ਟੀਵੀ ਨੇ ਪਾਰਟੀ ਆਗੂ ਰਾਹੁਲ ਗਾਂਧੀ ’ਤੇ 40 ਫੀਸਦ ਤੋਂ ਵੀ ਘੱਟ ਸਮੇਂ ਤੱਕ ਹੀ ਕੈਮਰਾ ਕੇਂਦਰਿਤ ਕੀਤਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਲੋਕ ਸਭਾ ਵਿੱਚ ਰਾਹੁਲ ਗਾਂਧੀ ਬੇਭਰੋਸਗੀ ਮਤੇ ’ਤੇ 37 ਮਿੰਟ ਬੋਲੇ ਪਰ ਸੰਸਦ ਟੀਵੀ ’ਤੇ ਉਨ੍ਹਾਂ ਨੂੰ ਸਿਰਫ 14 ਮਿੰਟ ਤੇ 37 ਸਕਿੰਟ ਹੀ ਦਿਖਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਲੋਕ ਸਭਾ ਵਿੱਚ ਜਦੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਮਨੀਪੁਰ ਬਾਰੇ ਬੋਲੇ ਤਾਂ ਉਨ੍ਹਾਂ ਨੂੰ ਸੰਸਦ ਟੀਵੀ ਦੇ ਕੈਮਰੇ ’ਤੇ ਜ਼ਿਆਦਾਤਰ ਸਮਾਂ ਦਿਖਾਇਆ ਹੀ ਨਹੀਂ ਗਿਆ ਬਲਕਿ 71 ਫੀਸਦ ਸਮੇਂ ਲਈ ਕੈਮਰਾ ਸਪੀਕਰ ਦੀ ਕੁਰਸੀ ’ਤੇ ਹੀ ਕੇਂਦਰਿਤ ਰਿਹਾ। -ਪੀਟੀਆਈ

ਭਾਜਪਾ ਮਹਿਲਾ ਸੰਸਦ ਮੈਂਬਰਾਂ ਨੇ ਰਾਹੁਲ ਖ਼ਿਲਾਫ਼ ਸਪੀਕਰ ਨੂੰ ਕੀਤੀ ਸ਼ਿਕਾਇਤ

ਨਵੀਂ ਦਿੱਲੀ: ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਲੋਕ ਸਭਾ ਅੰਦਰ ਮਾੜੇ ਵਤੀਰੇ ਦਾ ਦੋਸ਼ ਲਾਉਂਦਿਆਂ ਉਸ ਦੀ ਸਪੀਕਰ ਓਮ ਬਿਰਲਾ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਰਾਹੁਲ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਰਾਹੁਲ ਦੇ ਵਤੀਰੇ ’ਤੇ ਨਾਰਾਜ਼ਗੀ ਜਤਾਈ ਹੈ। ਮਹਿਲਾ ਲੋਕ ਸਭਾ ਮੈਂਬਰਾਂ ਨੇ ਰਾਹੁਲ ’ਤੇ ਦੋਸ਼ ਲਾਇਆ ਹੈ ਕਿ ਬੇਭਰੋਸਗੀ ਮਤੇ ’ਤੇ ਭਾਸ਼ਨ ਖ਼ਤਮ ਕਰਨ ਮਗਰੋਂ ਉਸ ਨੇ ਉਨ੍ਹਾਂ ਵੱਲ ‘ਫਲਾਇੰਗ ਕਿਸ’ ਕੀਤੀ ਸੀ। ਆਪਣੀ ਸ਼ਿਕਾਇਤ ’ਚ 20 ਤੋਂ ਜ਼ਿਆਦਾ ਮਹਿਲਾ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਕਾਂਗਰਸ ਮੈਂਬਰ ਨੇ ਇਰਾਨੀ ਵੱਲ ਇਤਰਾਜ਼ਯੋਗ ਢੰਗ ਨਾਲ ਇਸ਼ਾਰਾ ਕੀਤਾ ਸੀ। ਰਾਹੁਲ ਗਾਂਧੀ ਵੱਲੋਂ ਬੇਭਰੋਸਗੀ ਮਤੇ ਦੇ ਵਿਰੋਧ ’ਚ ਬੋਲਣ ਮਗਰੋਂ ਭਾਜਪਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਇਰਾਨੀ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੋਸ਼ ਲਾਇਆ,‘‘ਮੇਰੇ ਤੋਂ ਪਹਿਲਾਂ ਜਿਹੜਾ ਵਿਅਕਤੀ ਬੋਲ ਕੇ ਗਿਆ ਹੈ, ਉਸ ਨੇ ਇਤਰਾਜ਼ਯੋਗ ਇਸ਼ਾਰਾ ਕੀਤਾ ਹੈ। ਔਰਤਾਂ ਨਾਲ ਖਾਰ ਖਾਣ ਵਾਲਾ ਵਿਅਕਤੀ ਹੀ ਸੰਸਦ ’ਚ ਫਲਾਇੰਗ ਕਿਸ ਦੇ ਸਕਦਾ ਹੈ ਜਿਥੇ ਕਈ ਮਹਿਲਾ ਮੈਂਬਰ ਵੀ ਬੈਠੀਆਂ ਹੋਈਆਂ ਹਨ। ਅਜਿਹਾ ਮਾੜਾ ਵਿਵਹਾਰ ਸਦਨ ਵੱਲੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਪੂਰੇ ਮੁਲਕ ਨੇ (ਗਾਂਧੀ) ਪਰਿਵਾਰ ਦੀ ਤਹਿਜ਼ੀਬ ਨੂੰ ਦੇਖਿਆ ਹੈ।’’ ਕਾਂਗਰਸ ਆਗੂ ਚਰਚਾ ਮਗਰੋਂ ਸਦਨ ’ਚੋਂ ਬਾਹਰ ਜਾ ਰਿਹਾ ਸੀ ਤਾਂ ਉਸ ਦਾ ਹਾਕਮ ਧਿਰ ਦੇ ਮੈਂਬਰਾਂ ਵੱਲੋਂ ਮਖੌਲ ਉਡਾਇਆ ਜਾ ਰਿਹਾ ਸੀ। ਇਸ ਦੌਰਾਨ ਰਾਹੁਲ ਮੁੜਿਆ ਤੇ ਉਸ ਨੇ ਉਨ੍ਹਾਂ ਨੂੰ ਫਲਾਇੰਗ ਕਿਸ ਦਿੱਤੀ। ਸ਼ਿਕਾਇਤ ’ਤੇ ਦਸਤਖ਼ਤ ਕਰਨ ਵਾਲੀ ਕੇਂਦਰੀ ਮੰਤਰੀ ਸ਼ੋਭਾ ਕਰਾਂਦਲਜੇ ਨੇ ਕਿਹਾ,‘‘ਇਹ ਕਿਸੇ ਮੈਂਬਰ ਵੱਲੋਂ ਕੀਤਾ ਗਿਆ ਮਾੜਾ ਵਿਵਹਾਰ ਹੈ।’’ -ਪੀਟੀਆਈ

ਰਾਹੁਲ ਨੇ ਸੰਸਦ ’ਚ ਭਾਰਤ ਦੇ ਲੋਕਾਂ ਦੀ ਆਵਾਜ਼ ਰੱਖੀ: ਖੜਗੇ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਮਨੀਪੁਰ ਮਸਲੇ ’ਤੇ ਲੋਕਾਂ ਦੀ ਆਵਾਜ਼ ਰੱਖੀ ਹੈ। ਉਨ੍ਹਾਂ ਸੁਆਲ ਕੀਤਾ ਕਿ ਕੀ ਮੋਦੀ ਸਰਕਾਰ ਲੋਕਾਂ ਦੀ ਤਕਲੀਫ਼ ਮਹਿਸੂਸ ਕਰ ਸਕਦੀ ਹੈ ਜਾਂ ਇਸਦੀ ਰਾਜਨੀਤੀ ਸਿਰਫ਼ ਵੋਟਾਂ ਇਕੱਤਰ ਕਰਨ ਤੱਕ ਸੀਮਤ ਹੈ? ਉਨ੍ਹਾਂ ਦੋਸ਼ ਲਾਇਆ ਕਿ ਮਨੀਪੁਰ ਦੇ ਲੋਕ ਭਾਜਪਾ ਦੀ ਗੈਰ-ਸੰਵੇਦਨਸ਼ੀਲਤਾ ਕਾਰਨ ਦੁੱਖ ਭੋਗ ਰਹੇ ਹਨ। ਸ੍ਰੀ ਖੜਗੇ ਨੇ X ’ਤੇ ਟਵੀਟ ਕਰਦਿਆਂ ਕਿਹਾ,‘ਮੋਦੀ ਜੀ ਦੇ ਮੰਤਰੀ ਇੱਧਰ-ਉੱਧਰ ਦੀਆਂ ਗੱਲਾਂ ਕਰ ਰਹੇ ਹਨ, ਪਰ ਇਹ ਨਹੀਂ ਦੱਸ ਰਹੇ ਕਿ ਹਿੰਸਾ ਕਿਵੇਂ ਹੋਈ, ਇਸ ਨੂੰ ਅੱਗੇ ਫੈਲਣ ਕਿਉਂ ਦਿੱਤਾ ਗਿਆ ਤੇ ਪ੍ਰਧਾਨ ਮੰਤਰੀ ਨੇ ਸ਼ਾਂਤੀ ਲਈ ਅਪੀਲ ਕਿਉਂ ਨਹੀਂ ਕੀਤੀ ਤੇ ਲੋਕਾਂ ਤੋਂ ਉਨ੍ਹਾਂ ਦੇ ਦੁੱਖ-ਤਕਲੀਫ਼ਾਂ ਬਾਰੇ ਕਿਉਂ ਨਹੀਂ ਪੁੱਛਿਆ।’ -ਪੀਟੀਆਈ

Advertisement
Author Image

joginder kumar

View all posts

Advertisement