ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕਰਨ ਦੀ ਮੰਗ
ਪੱਤਰ ਪ੍ਰੇਰਕ
ਤਰਨ ਤਾਰਨ, 20 ਅਪਰੈਲ
ਮਨਰੇਗਾ ਮਜ਼ਦੂਰ ਯੂਨੀਅਨ ਵੱਲੋਂ ਇਲਾਕੇ ਦੇ ਪਿੰਡ ਨੱਥੂਚੱਕ ਵਿੱਚ ਅੱਜ ਮੀਟਿੰਗ ਕੀਤੀ ਗਈ ਜਿਸ ਵਿੱਚ ਆਪਣੀਆਂ ਮੰਗਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਜਥੇਬੰਦੀ ਦੇ ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ਵਿੱਚ ਇਲਾਕੇ ਭਰ ਤੋਂ ਮਨਰੇਗਾ ਵਰਕਰਾਂ ਨੇ ਹਿੱਸਾ ਲਿਆ| ਇਸ ਮੌਕੇ ਮਜ਼ਦੂਰ ਆਗੂ ਧਰਮ ਸਿੰਘ ਪੱਟੀ, ਮਨਜੀਤ ਕੌਰ, ਬਲਜੀਤ ਕੌਰ ਤੇ ਅਮਰਜੀਤ ਕੌਰ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਪਿੰਡਾਂ ਅੰਦਰ ਮਨਰੇਗਾ ਸਕੀਮ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ ਹੈ ਜਿਸ ਕਰਕੇ ਗਰੀਬ ਵਰਗ ਨੂੰ ਘਰ ਚਲਾਉਣੇ ਔਖੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੱਟੀ ਇਲਾਕੇ ਦੇ ਪਿੰਡਾਂ ਵਿੱਚ ਮਨਰੇਗਾ ਸਕੀਮ ਦੇ ਜੋਬ ਕਾਰਡ ਨਹੀਂ ਬਣ ਰਹੇ ਅਤੇ ਮਜ਼ਦੂਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਕੰਮ ਦੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ| ਉਨ੍ਹਾਂ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕੀਤੇ ਜਾਣ, ਬੁਢਾਪਾ, ਵਿਧਵਾ, ਅੰਗਹੀਣ ਆਦਿ ਸਮਾਜਿਕ ਸੁਰੱਖਿਆ ਸਕੀਮਾਂ ਦੀਆਂ ਰੁਕੀਆਂ ਪੈਨਸ਼ਨਾਂ ਤੁਰੰਤ ਜਾਰੀ ਕੀਤੇ ਜਾਣ ਅਤੇ ਪੈਨਸ਼ਨ 5000 ਰੁਪਏ ਪ੍ਰਤੀ ਮਹੀਨਾ ਕਰਨ ਦੀ ਵੀ ਮੰਗ ਕੀਤੀ|