ਮਨਰੇਗਾ ਕਾਮਿਆਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ
ਸੁਭਾਸ਼ ਚੰਦਰ
ਸਮਾਣਾ, 20 ਦਸੰਬਰ
ਡੈਮੋਕ੍ਰੈਟਿਕ ਮਨਰੇਗਾ ਫਰੰਟ ਦੀ ਬਲਾਕ ਕਮੇਟੀ ਦੇ ਸੱਦੇ ਤੇ ਬੀਡੀਪੀਓ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ ਨੇ ਕਿਹਾ ਕਿ ਬੀਡੀਪੀਓ ਪ੍ਰਸ਼ਾਸਨ ਵੱਲੋਂ ਮਨਰੇਗਾ ਕਾਨੂੰਨ ਮੁਤਾਬਕ ਕੰਮ ਨਹੀਂ ਦਿੱਤਾ ਜਾ ਰਿਹਾ ਸਗੋਂ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਬੀਡੀਪੀਓ ਪ੍ਰਸ਼ਾਸਨ ਮਨਰੇਗਾ ਕਾਨੂੰਨ ਅਨੁਸਾਰ ਕੰਮ ਮੰਗਣ ਵਾਲਿਆਂ ਨੂੰ ਕੰਮ ਦੇਣ ਦੀ ਥਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਿਹਾ ਹੈ।
ਕਾਨੂੰਨ ਵਿੱਚ ਮਿਲੀ 100 ਦਿਨ ਦੇ ਕੰਮ ਦੀ ਸੰਵਿਧਾਨਕ ਗਾਰੰਟੀ ਨੂੰ ਖੈਰਾਤ ਬਣਾ ਰੱਖਿਆ ਹੈ। ਨਿਯੁਕਤੀ ਪੱਤਰ ਨਹੀਂ ਦਿੱਤਾ ਜਾ ਰਿਹਾ, ਸੂਚਨਾ ਨਾ ਦੇਣ ਕਰਕੇ ਗੈਰ-ਹਾਜ਼ਰੀਆਂ ਲਾ ਕੇ ਬੇਰੁਜ਼ਗਾਰੀ ਭੱਤੇ ਦਾ ਹੱਕ ਖਤਮ ਕੀਤਾ ਜਾ ਰਿਹਾ ਹੈ, ਜਦੋਂ ਕਿ ਅਧਿਕਾਰ ਮਿਲੇ ਨੂੰ 19 ਸਾਲ ਬੀਤ ਚੁੱਕੇ ਹਨ, ਪਰ ਅੱਜੇ ਤੱਕ ਪੰਜਾਬ ਵਿੱਚ ਬੇਰੁਜ਼ਗਾਰੀ ਭੱਤੇ ਲਈ ਨਿਯਮ ਬਣਾ ਕੇ ਫੰਡ ਕਾਇਮ ਨਹੀਂ ਕੀਤਾ, ਜੋ ਕਿ ਪੰਜਾਬ ਸਰਕਾਰ ਸੰਵਿਧਾਨਕ ਉਲੰਘਣਾ ਕਰ ਰਹੀ ਹੈ। ਮੇਟਾਂ ਨੂੰ ਨਿਯਮਾਂ ਦੀ ਉਲੰਘਣਾ ਕਰਕੇ ਹਟਾਇਆ ਜਾ ਰਿਹਾ ਹੈ ਕਿਉਂਕਿ ਮੇਟਾਂ ਨੂੰ ਰੱਖਣ ਜਾਂ ਹਟਾਉਣ ਦਾ ਅਧਿਕਾਰ ਗ੍ਰਾਮ ਸਭਾ ਕੋਲ ਹੈ ਪਰ ਫ਼ਰਜ਼ੀ ਇਜਲਾਸ ਕਰਕੇ ਕਾਗਜ਼ਾਂ ਦਾ ਢਿੱਡ ਭਰਿਆ ਜਾ ਰਿਹਾ ਹੈ, ਨਾ ਹੀ ਮੇਟਾਂ ਨੂੰ ਕਾਨੂੰਨ ਮੁਤਾਬਕ ਅਰਧ ਕੁਸ਼ਲ ਕਾਮੇ ਦਾ ਮਿਹਨਤਾਨਾ ਦਿੱਤਾ ਜਾ ਰਿਹਾ ਹੈ। ਕੰਮ ਦੀ ਅਰਜ਼ੀ ਆਨਲਾਈਨ ਨਹੀਂ ਕੀਤੀ ਜਾ ਰਹੀ। ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ ਨੇ ਕਿਹਾ ਕਿ ਨਵੇਂ ਸੈਸ਼ਨ ਵਿੱਚ ਲਗਭਗ 30 ਪਿੰਡਾਂ ਨੇ ਕੰਮ ਦੀ ਮੰਗ ਕੀਤੀ ਸੀ ਉਨਾਂ ਵਿੱਚੋਂ ਕਿਸੇ ਨੂੰ ਹਫ਼ਤਾ ਤੇ ਦੋ ਹਫ਼ਤੇ ਹੀ ਕੰਮ ਦਿੱਤਾ ਹੈ। ਇਸ ਮੌਕੇ ਬੀਡੀਪੀਓ ਦੀ ਗੈਰ-ਮੌਜੂਦਗੀ ਕਾਰਨ ਧਰਨੇ ਵਿੱਚ ਪਹੁੰਚ ਕੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਵੱਲੋਂ ਲਿਖਤੀ ਪੱਤਰ ਦੇ ਕੇ ਬਲਾਕ ਕਮੇਟੀ ਨਾਲ ਸਮੱਸਿਆਵਾਂ ਦੇ ਹੱਲ ਲਈ 7 ਜਨਵਰੀ ਨੂੰ ਬੀਡੀਪੀਓ ਨਾਲ ਮੀਟਿੰਗ ਤੈਅ ਕੀਤੀ ਦਾ ਪੱਤਰ ਦਿੱਤਾ। ਉਸ ਤੋਂ ਬਾਅਦ ਮਨਰੇਗਾ ਵਰਕਰਾਂ ਨੇ ਧਰਨਾ ਸਮਾਪਤ ਕੀਤਾ। ਧਰਨੇ ਨੂੰ ਸੂਬਾ ਸਲਾਹਕਾਰ ਗੁਰਮੀਤ ਸਿੰਘ ਥੂਹੀ, ਆਈਡੀਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਬਲਾਕ ਪ੍ਰਧਾਨ ਮਨਿੰਦਰ ਸਿੰਘ ਫਤਿਹ ਮਾਜਰੀ, ਕੁਲਵੰਤ ਕੌਰ ਥੂਹੀ, ਗੁਰਤੇਜ ਸਿੰਘ ਸਮਾਣਾ, ਰਣਵੀਰ ਕੌਰ, ਜੀਤੋ ਕਕਰਾਲਾ, ਕੁਲਵੰਤ ਕੌਰ ਚੰਨਕਮਾਸਪੁਰ, ਰਾਜਪਾਲ ਸਿੰਘ ਆਲਮਪੁਰ, ਗੁਰਮੇਲ ਸਿੰਘ ਨੱਸੂਪੁਰ, ਸੁਖਚੈਨ ਕੌਰ, ਗੁਰਮੇਲ ਕੌਰ ਬਿਜਲਪੁਰ, ਮਨਜੀਤ ਕੌਰ, ਨਿਸ਼ਾ ਰਾਣੀ, ਗੁਰਜੀਤ ਕੌਰ, ਮਨਜੀਤ ਕੌਰ, ਮਨਦੀਪ ਕੌਰ, ਜਰਨੈਲ ਸਿੰਘ, ਜਸਵੀਰ ਕੌਰ, ਗੁਰਚਰਨ ਸਿੰਘ ਰਤਨਹੇੜੀ ਅਤੇ ਤਰਸੇਮ ਸਿੰਘ ਖੇੜੀ ਭੀਮਾਂ ਨੇ ਸੰਬੋਧਨ ਕੀਤਾ।