ਮਨਮੋਹਨ ਸਿੰਘ ਦੀ ਯਾਦ ’ਚ ਕਾਂਗਰਸੀ ਆਗੂਆਂ ਨੇ ਵੱਖੋ-ਵੱਖਰੇ ਸਮਾਗਮ ਰੱਖੇ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 3 ਜਨਵਰੀ
ਮਰਹੂਮ ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਮੁਹਾਲੀ ਵਿਖੇ ਹੋ ਰਹੇ ਦੋ ਸਮਾਗਮਾਂ ਨੇ ਕਾਂਗਰਸੀ ਪਾਰਟੀ ਦੀ ਅੰਦਰੂਨੀ ਫੁੱਟ ਨੂੰ ਜੱਗ ਜ਼ਾਹਿਰ ਕੀਤਾ ਹੈ।
ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਪਹਿਲਾ ਯਾਦਗਾਰੀ ਸਮਾਗਮ 7 ਜਨਵਰੀ ਨੂੰ ਮੁਹਾਲੀ ਦੇ ਫੇਜ਼ ਤਿੰਨ-ਬੀ-ਦੋ ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਹੋ ਰਿਹਾ ਹੈ। ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਮਾਗਮ ਵਿੱਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਰਕੇ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲੇ ਵੈਰਾਗਮਈ ਕੀਰਤਨ ਕਰਨਗੇ।
ਇਸੇ ਤਰ੍ਹਾਂ ਸਾਬਕਾ ਕਾਂਗਰਸੀ ਮੰਤਰੀ ਬਲਬੀਰ ਸਿੰਘ ਵੱਲੋਂ 12 ਜਨਵਰੀ ਨੂੰ ਸੈਕਟਰ 80 ਦੀ ਮਾਰਕੀਟ ਵਿੱਚ ਡਾ. ਮਨਮੋਹਨ ਸਿੰਘ ਯਾਦਗਾਰੀ ਸਮਾਰੋਹ ਰੱਖਿਆ ਗਿਆ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੰਸਾਰ ਪ੍ਰਸਿੱਧ ਅਰਥ ਸਾਸ਼ਤਰੀ ਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯਾਦ ਵਿਚ ਮੁਹਾਲੀ ਦੇ 80 ਸੈਕਟਰ ਦੀ ਮਾਰਕਿਟ ਵਿਖੇ 12 ਜਨਵਰੀ ਨੂੰ ‘ਸ਼ਰਧਾਂਜਲੀ ਸਮਾਗਮ’ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਇਸ ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਵੇਗੀ। ਉਪਰੰਤ ਗੁਰਬਾਣੀ ਕੀਰਤਨ ਤੇ ਕਥਾ ਵਿਖਿਆਨ ਵੀ ਹੋਵੇਗੀ। ਗੁਰੂ ਕਾ ਲੰਗਰ ਵਰਤਾਇਆ ਜਾਵੇਗਾ। ਉਨ੍ਹਾਂ ਕਿਹਾ ਡਾ. ਮਨਮੋਹਨ ਸਿੰਘ ਦੇ ਦੇਸ਼, ਪੰਜਾਬ ਅਤੇ ਮੁਹਾਲੀ ਸ਼ਹਿਰ ਲਈ ਪਾਏ ਯੋਗਦਾਨ ਨੂੰ ਉਹ ਹਮੇਸ਼ਾ ਯਾਦ ਰੱਖਣਗੇ।