ਮੁੱਲਾਂਪੁਰ ਗ਼ਰੀਬਦਾਸ ਦਾ ਕਬੱਡੀ ਕੱਪ ਬਜਹੇੜੀ ਰੌਤਾਂ ਦੀਆਂ ਕੁੜੀਆਂ ਨੇ ਜਿੱਤਿਆ
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗ਼ਰੀਬਦਾਸ, 5 ਜਨਵਰੀ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਤਿੰਨ ਦਿਨਾਂ ਕਬੱਡੀ ਟੂਰਨਾਮੈਂਟ ਵਿੱਚ ਬਾਬਾ ਹਨੂਮਾਨ ਕਲੱਬ ਬਜਹੇੜੀ ਰੌਂਤਾ ਦੀਆਂ ਮੁਟਿਆਰਾਂ ਨੇ ਕਬੱਡੀ ਕੱਪ ਜਿੱਤਿਆ। ਦਾਸ ਅਸੋਸੀਏਟਸ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕਾਂ ਸਮਾਜ ਸੇਵੀ ਰਵੀ ਸ਼ਰਮਾ, ਵਿਨੋਦ ਕੁਮਾਰ ਗੋਲੂ ਪਹਿਲਵਾਨ ਤੇ ਗੁਰਦਾਸ ਸ਼ਰਮਾ ਨੇ ਦੱਸਿਆ ਕਿ ਪਹਿਲੇ ਦਿਨ ਲੜਕੀਆਂ ਦੇ ਕਬੱਡੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੀਆਂ 22 ਕਬੱਡੀ ਟੀਮਾਂ ਨੇ ਭਾਗ ਲਿਆ। ਫਾਈਨਲ ਵਿੱਚ ਬਜਹੇੜੀ ਰੌਂਤਾ ਦੀ ਟੀਮ ਨੇ ਸਾਢੇ 19 ਤੇ ਮੈਣਾ ਦੀ ਟੀਮ ਨੇ 16 ਅੰਕ ਪ੍ਰਾਪਤ ਕੀਤੇ। ਤੀਜੀ ਪੁਜੀਸ਼ਨ ਵਿੱਚ ਅਰਨੀਵਾਲਾ ਦੀ ਟੀਮ ਨੇ ਖੁਸ਼ੀ ਕਲੱਬ ਨੂੰ ਹਰਾਇਆ। ਖਿਡਾਰਨ ਪੱਲੂ ਤੇ ਹੈਪੀ ਨੂੰ ਵਧੀਆ ਰੇਡਰ, ਜਦਕਿ ਮਨੀ ਤੇ ਵੀਰਪਾਲ ਨੂੰ ਵਧੀਆ ਜਾਫੀ ਐਲਾਨਿਆ ਗਿਆ। ਉਨ੍ਹਾਂ ਦਾ 11-11 ਹਜ਼ਾਰ ਰੁਪਏ ਤੋਂ ਇਲਾਵਾ ਪੰਜ-ਪੰਜ ਕਿੱਲੋ ਦੇਸੀ ਘਿਓ ਨਾਲ ਸਨਮਾਨ ਕੀਤਾ ਗਿਆ। ਰਾਜੇਸ਼ ਧੀਮਾਨ ਤੇ ਕੁਲਵੀਰ ਸਮਰੌਲੀ ਨੇ ਕੁਮੈਂਟਰੀ ਕੀਤੀ। ਰਣਜੀਤ ਸ਼ਾਂਤਪੁਰੀ ਤੇ ਸੇਠੀ ਦੁਸਾਰਨਾਂ ਨੇ ਰੈਫਰੀ ਸੇਵਾਂਵਾਂ ਦਿੱਤੀਆਂ।