ਮਦਰਾਸੀ ਕੈਂਪ ਨੂੰ ਨਰੇਲਾ ਵਿੱਚ ਤਬਦੀਲ ਕਰਨ ’ਤੇ ਰੋਸ ਵਧਿਆ
ਨਵੀਂ ਦਿੱਲੀ, 22 ਅਪਰੈਲ
ਇੱਥੋਂ ਦੇ ਜੰਗਪੁਰਾ ਦੇ ਮਦਰਾਸੀ ਕੈਂਪ ਵਾਸੀਆਂ ਨੇ ਅੱਜ ਡੀਡੀਏ ਤੇ ਪੁਲੀਸ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਮਦਰਾਸੀ ਕੈਂਪ ਵਾਸੀਆਂ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਤੇ ਉਹ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਵਲੋਂ ਉਨ੍ਹਾਂ ਦੇ ਘਰਾਂ ਨੂੰ ਢਾਹੁਣ ਅਤੇ ਨਰੇਲਾ ਵਿੱਚ ਤਬਦੀਲ ਕਰਨ ਦੇ ਪ੍ਰਸਤਾਵ ਦਾ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੂੰ ਅੱਜ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਇਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ। ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ (ਡੀਯੂਐਸਆਈਬੀ) ਦੀ ਵੈੱਬਸਾਈਟ ਅਨੁਸਾਰ ਰਾਜਧਾਨੀ ਵਿੱਚ 675 ਝੁੱਗੀ ਝੌਪੜੀ ਕਲੱਸਟਰ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਕੇਂਦਰ ਜਾਂ ਦਿੱਲੀ ਸਰਕਾਰ ਦੀਆਂ ਏਜੰਸੀਆਂ ਜਿਵੇਂ ਕਿ ਰੇਲਵੇ, ਦਿੱਲੀ ਨਗਰ ਨਿਗਮ ਅਤੇ ਡੀਡੀਏ ਦੀ ਮਾਲਕੀ ਵਾਲੀ ਜ਼ਮੀਨ ’ਤੇ ਬਣੇ ਹਨ। ਜਦੋਂ ਕਿ ਡੀਯੂਐਸਆਈਬੀ ਦਿੱਲੀ ਸਰਕਾਰ ਦੀ ਜ਼ਮੀਨ ’ਤੇ ਸਾਰੀਆਂ ਝੁੱਗੀਆਂ-ਝੌਂਪੜੀਆਂ ਦੇ ਪੁਨਰਵਾਸ ਲਈ ਜ਼ਿੰਮੇਵਾਰ ਹੈ, ਡੀਡੀਏ ਕੇਂਦਰ ਸਰਕਾਰ ਦੀ ਜ਼ਮੀਨ ’ਤੇ ਬਣੀਆਂ ਝੁੱਗੀਆਂ-ਝੌਂਪੜੀਆਂ ਨੂੰ ਸੰਭਾਲਣ ਲਈ ਨੋਡਲ ਏਜੰਸੀ ਹੈ। ਦਿੱਲੀ ਵਿੱਚ ਝੁੱਗੀਆਂ-ਝੌਂਪੜੀਆਂ ਦਾ ਮੁੜ ਵਸੇਬਾ ਪੁਨਰਵਾਸ ਨੀਤੀ 2015 ਰਾਹੀਂ ਕੀਤਾ ਜਾਂਦਾ ਹੈ, ਜਿਸ ਨੂੰ 2016 ਵਿੱਚ ਕੈਬਨਿਟ ਵੱਲੋਂ ਪਾਸ ਕੀਤਾ ਗਿਆ ਸੀ। ਸਰਕਾਰ ਨੇ ਮੰਨਿਆ ਕਿ ਝੁੱਗੀਆਂ-ਝੌਂਪੜੀਆਂ ਗੰਦੀਆਂ ਹਨ ਅਤੇ ਮਨੁੱਖੀ ਰਹਿਣ ਦੇ ਯੋਗ ਨਹੀਂ ਹਨ ਅਤੇ ਇਹ ਉਨ੍ਹਾਂ ਦਾ ਫਰਜ਼ ਹੈ ਕਿ ਝੁੱਗੀ-ਝੌਂਪੜੀਆਂ ਵਾਲਿਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਦੇ ਨੇੜੇ ਸਥਾਈ ਰਿਹਾਇਸ਼ ਪ੍ਰਦਾਨ ਕੀਤੀ ਜਾਵੇ ਪਰ ਸਥਾਨਕ ਵਾਸੀ ਇਸ ਨੀਤੀ ਦਾ ਵਿਰੋਧ ਕਰ ਰਹੇ ਹਨ ਤੇ ਮਦਰਾਸੀ ਕੈਂਪ ਵਿਚ ਹੀ ਰਹਿਣ ਲਈ ਬਜ਼ਿੱਦ ਹਨ।