ਮਣਕੂ ਐਗਰੋਟੈਕ ਵੱਲੋਂ ਰੈੱਡ ਕਰਾਸ ਸੁਸਾਇਟੀ ਨੂੰ ਸਹਾਇਤਾ ਚੈੱਕ ਭੇਟ
ਮਣਕੂ ਐਗਰੋਟੈਕ ਪ੍ਰਾਈਵੇਟ ਲਿਮਟਿਡ ਸਮਾਣਾ ਦੇ ਐੱਮ.ਡੀ. ਸੁਖਵਿੰਦਰ ਸਿੰਘ ਮਣਕੂ ਨੇ ਆਪਣੇ ਸੀ.ਐੱਸ.ਆਰ. ਫੰਡਾਂ ਵਿੱਚੋਂ 3 ਲੱਖ 52 ਹਜ਼ਾਰ ਰੁਪਏ ਰੈੱਡ ਕਰਾਸ ਸੁਸਾਇਟੀ ਪਟਿਆਲਾ ਨੂੰ ‘ਵਿਜ਼ਨ ਕੇਅਰ’ ਪ੍ਰਾਜੈਕਟ ਲਈ ਦਿੱਤੇ ਹਨ। ਇਸ ਸਬੰਧੀ ਉਨ੍ਹਾਂ ਡੀਸੀ ਡਾ. ਪ੍ਰੀਤੀ ਯਾਦਵ ਨੂੰ ਉਨ੍ਹਾਂ ਦੇ ਦਫ਼ਤਰ ਪੁੱਜ ਕੇ ਚੈੱਕ ਸੌਂਪਿਆ। ਡੀਸੀ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਪਟਿਆਲਾ ਦੇ 16 ਸਿੱਖਿਆ ਬਲਾਕਾਂ ਵਿੱਚ ਜ਼ਿਲ੍ਹਾ ਸਿੱਖਿਆ ਸੁਸਾਇਟੀ ਰਾਹੀਂ ਸਰਕਾਰੀ ਸਕੂਲਾਂ ਦੇ 88,000 ਵਿਦਿਆਰਥੀਆਂ ਦੀ ਨਜ਼ਰ ਚੈੱਕ ਕਰਵਾ ਕੇ ਉਨ੍ਹਾਂ ਨੂੰ ਲੋੜੀਂਦੀਆਂ ਐਨਕਾਂ ਦਿੱਤੀਆਂ ਜਾਣੀਆਂ ਹਨ। ਇਹ ਪ੍ਰਾਜੈਕਟ ਜੋਤੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਤਿੰਨ ਪੜਾਅ ਵਿੱਚ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਮੈਨੇਜਰ ਅੰਗਦ ਸਿੰਘ ਸੋਹੀ, ਮਣਕੂ ਐਗਰੋਟੈੱਕ ਦੇ ਸੀ.ਏ. ਰਾਜੇਸ਼ ਗੁਪਤਾ ਅਤੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਮੌਜੂਦ ਸਨ। ਇਸ ਮੌਕੇ ਸੁਖਵਿੰਦਰ ਸਿੰਘ ਮਣਕੂ ਨੇ ਦੱਸਿਆ ਕਿ ਮਣਕੂ ਐਗਰੋਟੈਕ ਸਮਾਣਾ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੂੰ ਕੋਵਿਡ-19 ਸਮੇਂ 20 ਲੱਖ ਰੁਪਏ, ਸਿਵਲ ਹਸਪਤਾਲ ਸਮਾਣਾ ਲਈ ਡਾਇਲਾਸਿਸ ਯੂਨਿਟ, ਜੈੱਨਰੇਟਰ ਸੈੱਟ ਤੇ ਲਾਂਡਰੀ ਲਈ 54 ਲੱਖ ਰੁਪਏ, ਚੈੱਕ ਇੰਡੀਅਨ ਰੈੱਡ ਕਰਾਸ ਸੁਸਾਇਟੀ ਪਟਿਆਲਾ ਲਈ ਮੈਡੀਕਲ ਫੈਸਿਲਟੀਜ਼ ਦੀ ਅਪਗ੍ਰਡੇੇਸ਼ਨ ਤੇ ਮੈਡੀਕਲ ਸਾਜ਼ੋ-ਸਾਮਾਨ ਖਰੀਦਣ ਲਈ 50 ਲੱਖ ਰੁਪਏ ਦਾ ਚੈੱਕ ਦੇਣ ਸਮੇਤ ਕਈ ਸਮਾਜਿਕ ਕੰਮਾਂ ਲਈ ਯੋਗਦਾਨ ਪਾਇਆ ਹੈ।