ਭੇਤ-ਭਰੀ ਹਾਲਤ ’ਚ ਨੌਜਵਾਨ ਦੀ ਮੌਤ
ਧਾਰੀਵਾਲ, 26 ਮਾਰਚ
ਇੱਥੋਂ ਨੇੜਲੇ ਥਾਣਾ ਸੇਖਵਾਂ ਦੀ ਪੁਲੀਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਅਧੀਨ ਆਉਂਦੇ ਪਿੰਡ ਕਲੇਰ ਕਲਾਂ ਵਿੱਚ ਲੰਘੀ ਦੇਰ ਰਾਤ ਨੂੰ ਇਕ ਨੌਜਵਾਨ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਦੇਵ ਸਿੰਘ ਉਰਫ ਦੇਬੂ (25 ਸਾਲ) ਪੁੱਤਰ ਬਖਸ਼ੀਸ ਸਿੰਘ ਵਾਸੀ ਕਲੇਰ ਕਲਾਂ ਵਜੋਂ ਹੋਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਕਤਲ ਦਾ ਮਾਮਲਾ ਦੱਸਿਆ ਹੈ। ਮ੍ਰਿਤਕ ਦੇ ਭਰਾ ਜਸਪਾਲ ਸਿੰਘ ਵਾਸੀ ਕਲੇਰ ਕਲਾਂ ਨੇ ਪੁਲੀਸ ਨੂੰ ਦੱਸਿਆ ਉਸ ਦਾ ਛੋਟਾ ਭਰਾ ਹਰਦੇਵ ਸਿੰਘ ਉਰਫ ਦੇਬੂ ਜੋ ਕਿ ਰਾਜਸਥਾਨ ਵਿਖੇ ਕੱਚੇ ਤੇਲ ਦੀ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਉਹ ਘਰ ਆਇਆ ਹੋਇਆ ਸੀ। ਕੱਲ੍ਹ 25 ਮਾਰਚ ਸ਼ਾਮ ਨੂੰ ਕਰੀਬ ਸੱਤ ਵਜੇ ਤੋਤਾ ਪੁੱਤਰ ਸੋਖੀ ਵਾਸੀ ਕਲੇਰ ਕਲਾਂ ਉਸ ਨੂੰ ਘਰੋਂ ਬੁਲਾ ਕੇ ਲੈ ਕੇ ਗਿਆ। ਰਾਤ ਦੇ 9 ਵਜੇ ਦੇ ਕਰੀਬ ਤੋਤਾ ਅਤੇ ਉਸ ਦਾ ਸਾਥੀ ਜੁਗਰਾਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕਲੇਰ ਕਲਾਂ ਹਰਦੇਵ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਘਰ ਛੱਡ ਕੇ ਗਏ। ਹਰਦੇਵ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਹਰਦੇਵ ਕੋਲੋਂ ਕਮੇਟੀ ਦੇ ਲਗਪਗ 50 ਹਜ਼ਾਰ ਰੁਪਏ ਅਤੇ ਤਨਖਾਹ ਦੇ ਪੈਸੇ ਅਤੇ ਇਕ ਮੋਬਾਈਲ ਗਾਇਬ ਸੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਹਰਦੇਵ ਨੂੰ ਮ੍ਰਿਤਕ ਐਲਾਨ ਦਿੱਤਾ। ਉਸ (ਜਸਪਾਲ ਸਿੰਘ) ਨੇ ਪੁਲੀਸ ਨੂੰ ਦੱਸਿਆ ਕਿ ਤੋਤਾ ਅਤੇ ਜੁਗਰਾਜ ਸਿੰਘ ਨੇ ਉਸ ਦੇ ਭਰਾ ਹਰਦੇਵ ਸਿੰਘ ਨੂੰ ਸੱਟਾਂ ਮਾਰ ਕੇ ਕਤਲ ਕੀਤਾ ਹੈ। ਥਾਣਾ ਸੇਖਵਾਂ ਦੇ ਮੁਖੀ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਏਐੱਸਆਈ ਰਾਜਬੀਰ ਸਿੰਘ ਨੇ ਮ੍ਰਿਤਕ ਦੇ ਭਰਾ ਜਸਪਾਲ ਸਿੰਘ ਦੇ ਬਿਆਨਾਂ ਅਨੁਸਾਰ ਤੋਤਾ ਅਤੇ ਜੁਗਰਾਜ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।