ਭਾਰਤ ਵੱਲੋਂ ਡੇਢ ਦਰਜਨ ਪਾਕਿਸਤਾਨੀ ਯੂਟਿਊਬ ਚੈਨਲਾਂ ’ਤੇ ਪਾਬੰਦੀ
ਨਵੀਂ ਦਿੱਲੀ, 28 ਅਪਰੈਲ
ਭਾਰਤ ਨੇ 22 ਅਪਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਡੇਢ ਦਰਜਨ ਦੇ ਕਰੀਬ ਪਾਕਿਸਤਾਨੀ ਯੂਟਿਊਬ ਚੈਨਲਾਂ ’ਤੇ ਭਾਰਤ ਵਿੱਚ ਪਾਬੰਦੀ ਲਾ ਦਿੱਤੀ ਹੈ। ਭਾਰਤ, ਇਸ ਦੀਆਂ ਹਥਿਆਰਬੰਦ ਸੈਨਾਵਾਂ ਅਤੇ ਸੁਰੱਖਿਆ ਏਜੰਸੀਆਂ ਵਿਰੁੱਧ ਭੜਕਾਊ ਅਤੇ ਸੰਪਰਦਾਇਕ ਤੌਰ ’ਤੇ ਸੰਵੇਦਨਸ਼ੀਲ ਸਮੱਗਰੀ, ਝੂਠੇ ਅਤੇ ਗੁੰਮਰਾਹਕੁਨ ਬਿਆਨਾਂ ਨਾਲ ਗ਼ਲਤ ਜਾਣਕਾਰੀ ਫੈਲਾਉਣ ਦੇ ਦੋਸ਼ ਹੇਠ ਇਹ ਕਾਰਵਾਈ ਕੀਤੀ ਗਈ ਹੈ। ਸਰਕਾਰ ਨੇ ਪਹਿਲਗਾਮ ਹਮਲੇ ਬਾਰੇ ਆਪਣੀ ਰਿਪੋਰਟਿੰਗ ਵਿੱਚ ਅਤਿਵਾਦੀਆਂ ਨੂੰ ‘ਲੜਾਕੇ’ (ਮਿਲੀਟੈਂਟਸ) ਕਹਿਣ ’ਤੇ ਬੀਬੀਸੀ ਨੂੰ ਵੀ ਇੱਕ ਰਸਮੀ ਪੱਤਰ ਭੇਜਿਆ ਹੈ। ਸਰਕਾਰ ਵੱਲੋਂ ਜਿਨ੍ਹਾਂ ਚੈਨਲਾਂ ’ਤੇ ਪਾਬੰਦੀ ਲਾਈ ਗਈ ਹੈ, ਉਨ੍ਹਾਂ ਵਿੱਚ ‘ਡਾਅਨ ਨਿਊਜ਼’, ‘ਇਰਸ਼ਾਦ ਭੱਟੀ’, ‘ਸਮਾ ਟੀਵੀ’, ‘ਏਆਰਵਾਈ ਨਿਊਜ਼’, ‘ਬੋਲ ਨਿਊਜ਼’, ‘ਰਫ਼ਤਾਰ’, ‘ਦਿ ਪਾਕਿਸਤਾਨ ਰੈਫਰੈਂਸ’, ‘ਜੀਓ ਨਿਊਜ਼’, ‘ਸਮਾ ਸਪੋਰਟਸ’, ‘ਜੀਐੱਨਐੱਨ’, ‘ਉਜ਼ੈਰ ਕ੍ਰਿਕਟ’, ‘ਉਮਰ ਚੀਮਾ ਐਕਸਕਲੂਸਿਵ’, ‘ਆਸਮਾ ਸ਼ਿਰਾਜ਼ੀ’, ‘ਮੁਨੀਕ ਫਾਰੂਕ’, ‘ਸੁਨੋ ਨਿਊਜ਼’ ਅਤੇ ‘ਰਾਜ਼ੀ ਨਾਮਾ’ ਸ਼ਾਮਲ ਹਨ। ਜਾਣਕਾਰੀ ਅਨੁਸਾਰ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਅਖਤਰ ਅਤੇ ਬਾਸਿਤ ਅਲੀ ਸਮੇਤ ਕ੍ਰਿਕਟ ਨਾਲ ਸਬੰਧਤ ਹੋਰ ਯੂਟਿਊਬ ਚੈਲਨਾਂ ’ਤੇ ਵੀ ਪਾਬੰਦੀ ਲਾਈ ਗਈ ਹੈ। ਇਹ ਯੂਟਿਊਬ ਚੈਨਲ ਖੋਲ੍ਹਣ ’ਤੇ ਇੱਕ ਸੰਦੇਸ਼ ਲਿਖਿਆ ਆਉਂਦਾ ਹੈ, ਜਿਸ ਵਿੱਚ ਕਿਹਾ ਗਿਆ ਹੈ, ‘ਰਾਸ਼ਟਰੀ ਸੁਰੱਖਿਆ ਜਾਂ ਜਨਤਕ ਵਿਵਸਥਾ ਨਾਲ ਸਬੰਧਤ ਸਰਕਾਰ ਦੇ ਹੁਕਮਾਂ ਕਾਰਨ ਇਹ ਸਮੱਗਰੀ ਇਸ ਵੇਲੇ ਇਸ ਦੇਸ਼ ਵਿੱਚ ਉਪਲਬਧ ਨਹੀਂ ਹੈ।’
ਬੀਬੀਸੀ ਇੰਡੀਆ ਦੇ ਮੁਖੀ ਜੈਕੀ ਮਾਰਟਿਨ ਨੂੰ ਲਿਖੇ ਪੱਤਰ ਵਿੱਚ ਵਿਦੇਸ਼ ਮੰਤਰਾਲੇ ਨੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੀ ਰਿਪੋਰਟਿੰਗ ਬਾਰੇ ਦੇਸ਼ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਹੈ। ਇਸ ਹਮਲੇ ਵਿੱਚ 26 ਵਿਅਕਤੀ ਮਾਰੇ ਗਏ, ਜਿਨ੍ਹਾਂ ’ਚੋਂ ਜ਼ਿਆਦਾਤਰ ਸੈਲਾਨੀ ਸਨ। ਅਧਿਕਾਰੀ ਨੇ ਕਿਹਾ, ‘ਅਤਿਵਾਦੀਆਂ ਨੂੰ ‘ਲੜਾਕੇ’ ਕਹਿਣ ’ਤੇ ਬੀਬੀਸੀ ਨੂੰ ਇੱਕ ਰਸਮੀ ਪੱਤਰ ਭੇਜਿਆ ਗਿਆ ਹੈ।’ ਵਿਦੇਸ਼ ਮੰਤਰਾਲੇ ਦਾ ਵਿਦੇਸ਼ ਪ੍ਰਚਾਰ ਵਿਭਾਗ ਬੀਬੀਸੀ ਦੀ ਰਿਪੋਰਟਿੰਗ ਦੀ ਨਿਗਰਾਨੀ ਕਰੇਗਾ। -ਪੀਟੀਆਈ