ਭਾਰਤ ਵੱਲੋਂ ਛੇਤੀ ਹੋ ਸਕਦੀ ਹੈ ਫੌਜੀ ਕਾਰਵਾਈ: ਆਸਿਫ਼
ਇਸਲਾਮਾਬਾਦ, 28 ਅਪਰੈਲ
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ਼ ਨੇ ਅੱਜ ਕਿਹਾ ਕਿ ਪਿਛਲੇ ਹਫ਼ਤੇ ਕਸ਼ਮੀਰ ਵਿੱਚ ਸੈਲਾਨੀਆਂ ’ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਗੁਆਂਢੀ ਮੁਲਕ ਭਾਰਤ ਵੱਲੋਂ ਫੌਜੀ ਕਾਰਵਾਈ ਜਲਦੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਵਧ ਰਿਹਾ ਹੈ। ਉਨ੍ਹਾਂ ਕਿਹਾ, ‘‘ਪਾਕਿਸਤਾਨ ਹਾਈ ਅਲਰਟ ’ਤੇ ਹੈ ਅਤੇ ਉਹ ਆਪਣੇ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਤਾਂ ਹੀ ਕਰੇਗਾ ਜਦੋਂ ਸਾਡੀ ਹੋਂਦ ਨੂੰ ਖ਼ਤਰਾ ਹੋਵੇਗਾ।’’ ਰੱਖਿਆ ਮੰਤਰੀ ਆਸਿਫ਼ ਨੇ ਇਸਲਾਮਾਬਾਦ ਵਿੱਚ ਆਪਣੇ ਦਫ਼ਤਰ ਵਿੱਚ ਦਿੱਤੇ ਇਕ ਇੰਟਰਵਿਊ ਦੌਰਾਨ ਕਿਹਾ, ‘‘ਅਸੀਂ ਆਪਣੀ ਫੌਜ ਨੂੰ ਮਜ਼ਬੂਤ ਕੀਤਾ ਹੈ ਕਿਉਂ ਕਿ ਹੁਣ ਕੁਝ ਅਜਿਹਾ ਹੋਣ ਵਾਲਾ ਹੈ। ਉਨ੍ਹਾਂ ਹਾਲਾਤ ਵਿੱਚ ਕੁਝ ਰਣਨੀਤਕ ਫੈਸਲੇ ਲੈਣੇ ਹੋਣਗੇ।’’ ਆਸਿਫ ਨੇ ਕਿਹਾ ਕਿ ਭਾਰਤ ਦੀ ਬਿਆਨਬਾਜ਼ੀ ਵਧਦੀ ਜਾ ਰਹੀ ਹੈ ਅਤੇ ਪਾਕਿਸਤਾਨੀ ਫੌਜ ਨੇ ਸਰਕਾਰ ਨੂੰ ਭਾਰਤ ਵੱਲੋਂ ਫੌਜੀ ਕਾਰਵਾਈ ਦੀ ਸੰਭਾਵਨਾ ਬਾਰੇ ਜਾਣਕਾਰੀ ਦੇ ਦਿੱਤੀ ਹੈ। -ਰਾਇਟਰਜ਼
ਸਿੰਧੂ ਜਲ ਸਮਝੌਤੇ ਤਹਿਤ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਹਰੇਕ ਉਚਿਤ ਕਦਮ ਉਠਾਵਾਂਗੇ: ਡਾਰ
ਇਸਲਾਮਾਬਾਦ: ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਅੱਜ ਸਿੰਧੂ ਜਲ ਸਮਝੌਤੇ ਤਹਿਤ ਆਪਣੇ ਅਧਿਕਾਰਾਂ ਦੀ ਰੱਖਿਆ ਲਈ ‘ਹਰੇਕ ਉਚਿਤ ਕਦਮ’ ਉਠਾਉਣ ਦਾ ਵਾਅਦਾ ਕੀਤਾ, ਜਿਸ ਨੂੰ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਵਿਦੇਸ਼ ਦਫ਼ਤਰ ਦੇ ਇਕ ਬਿਆਨ ਮੁਤਾਬਕ, ਡਾਰ ਨੇ ਸਿੰਧੂ ਜਲ ਸਮਝੌਤੇ ਬਾਰੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਕਾਨੂੰਨ ਤੇ ਨਿਆਂ ਅਤੇ ਜਲ ਸਰੋਤ ਮੰਤਰੀ ਆਜ਼ਮ ਨਜ਼ੀਰ ਤਰਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ। ਡਾਰ ਨੇ ਕਿਹਾ ਕਿ ਭਾਰਤ ਦਾ ਸਮਝੌਤੇ ਨੂੰ ਮੁਅੱਤਲ ਕਰਨ ਦਾ ਇੱਕਪਾਸੜ ਤੇ ਗੈਰ ਕਾਨੂੰਨੀ ਕਦਮ ਅੰਤਰਰਾਜੀ ਸਬੰਧਾਂ, ਕੌਮਾਂਤਰੀ ਕਾਨੂੰਨ ਅਤੇ ਸਮਝੌਤੇ ਦੇ ਪ੍ਰਬੰਧਾਂ ਦੇ ਸਥਾਪਤ ਮਾਪਦੰਡਾਂ ਦੀ ਉਲੰਘਣਾ ਹੈ।’’ ਉਨ੍ਹਾਂ ਕਿਹਾ ਕਿ ਇਹ ਸਮਝੌਤਾ ਖੇਤਰੀ ਸਥਿਰਤਾ ਲਈ ਅਹਿਮ ਹੈ ਅਤੇ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ। -ਪੀਟੀਆਈ