ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਦ ਬੂਹੇ

06:10 AM Aug 01, 2023 IST

ਸ਼ਵਿੰਦਰ ਕੌਰ

Advertisement

ਰਾਤ ਆਪਣਾ ਪੰਧ ਨਬਿੇੜ ਸਵੇਰ ਨੂੰ ਖੁਸ਼-ਆਮਦੀਦ ਕਹਿੰਦੀ ਅਗਲੇ ਸਫ਼ਰ ’ਤੇ ਤੁਰ ਜਾਂਦੀ ਹੈ। ਨਵੀਂ ਰੁੱਤ ਆਉਂਦੀ ਹੈ ਤਾਂ ਪਹਿਲੀ ਰੁੱਤ ਉਸ ਨੂੰ ਜੀ ਆਇਆਂ ਕਹਿੰਦਿਆਂ ਫਿਰ ਆਉਣ ਦਾ ਵਾਅਦਾ ਕਰਦੀ ਚਲੀ ਜਾਂਦੀ ਹੈ। ਪੰਛੀ ਉਡਾਰੀਆਂ ਮਾਰਦੇ, ਚੋਗ ਚੁਗ ਫਿਰ ਰੈਣ ਬਸੇਰਿਆਂ ਵਿਚ ਆ ਜਾਂਦੇ ਹਨ। ਇਹ ਸਫ਼ਰ ਜੁਗੜਿਆਂ ਤੋਂ ਨਿਰੰਤਰ ਚੱਲ ਰਿਹਾ ਹੈ।
ਉਂਝ, ਮਨੁੱਖੀ ਜੀਵਨ ਵਿਚ ਸਮੇਂ ਨਾਲ ਤਬਦੀਲੀ ਆਉਂਦੀ ਰਹਿੰਦੀ ਹੈ। ਚਾਰ ਚੁਫੇਰੇ ਨਿਗਾਹ ਮਾਰਦੀ ਹਾਂ ਤਾਂ ਹਰ ਘਰ ਅੰਦਰ ਦਾਖ਼ਲ ਹੋਣ ਵਾਲਾ ਬੂਹਾ ਬੰਦ ਦਿਸਦਾ ਹੈ। ਘਰੋਂ ਕੁਝ ਸਮੇਂ ਲਈ ਬਾਹਰ ਜਾਣਾ ਪਵੇ ਤਾਂ ਬੱਚਿਆਂ ਨੂੰ ਵਾਰ ਵਾਰ ਤਾਕੀਦ ਕਰੀਦੀ ਹੈ: ਜਿੰਨੀ ਦੇਰ ਆਵਾਜ਼ ਪਛਾਣ ਵਿਚ ਨਾ ਆਵੇ, ਬੂਹਾ ਨਹੀਂ ਖੋਲ੍ਹਣਾ, ਕੁੰਡੀ ਬੰਦ ਰੱਖਣੀ ਹੈ।
ਬਚਪਨ ਯਾਦ ਆਉਂਦਾ ਹੈ। ਜੇ ਭੁੱਲ ਭੁਲੇਖੇ ਬਾਹਰੋਂ ਆਉਂਦਿਆਂ ਦਰਵਾਜ਼ਾ ਬੰਦ ਕਰ ਦਿੰਦੇ ਤਾਂ ਦਾਦੀ ਨੇ ਕਹਿਣਾ, “ਬੂਹਾ ਖੋਲ੍ਹ ਕੇ ਆ। ਧੀਏ, ਖੁੱਲ੍ਹੇ ਬੂਹੇ ਵੱਸਦੇ ਘਰਾਂ ਦੀ ਨਿਸ਼ਾਨੀ ਹੁੰਦੀ। ਬੰਦ ਬੂਹੇ ਤਾਂ ਉੱਜੜੇ ਘਰਾਂ ਦੇ ਹੁੰਦੇ।”
“ਲੈ ਮਾਂ ਜੇ ਕਿਸੇ ਨੇ ਆਉਣਾ ਹੋਇਆ, ਆਪੇ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਜਾਉ।” ਮੈਂ ਦਲੀਲ ਦਿੰਦੀ।
“ਤੈਨੂੰ ਕੀ ਪਤਾ, ਕੋਈ ਥੱਕਿਆ ਹਾਰਿਆ ਰਾਹੀ ਰਾਤ ਕੱਟਣ ਲਈ ਆ ਜਾਵੇ। ਕੋਈ ਮੁਸਾਫਿ਼ਰ ਤੜਕੇ ਜਲਦੀ ਉਠ ਕੇ ਪੈਂਡਾ ਧੁੱਪ ਤਿੱਖੀ ਹੋਣ ਤੋਂ ਪਹਿਲਾਂ ਨਬਿੇੜਨ ਲਈ ਤੁਰਿਆ ਹੋਵੇ, ਭੁੱਖ ਜਾਂ ਪਿਆਸ ਬੁਝਾਉਣ ਲਈ ਆ ਦਸਤਕ ਦੇ ਦੇਵੇ। ਬੰਦ ਬੂਹਾ ਦੇਖ ਕੇ ਨਿਰਾਸ਼, ਅਗਲੇ ਘਰ ਦੀ ਭਾਲ ਲਈ ਤੁਰ ਜਾਵੇਗਾ। ਬੂਹਾ ਬੰਦ ਨਾ ਹੋਊ ਤਾਂ ਉਸ ਦੀ ਉਮੀਦ ਨਹੀਂ ਟੁੱਟੇਗੀ।”
ਉਹ ਸਮਾਂ ਹੀ ਅਜਿਹਾ ਸੀ; ਅੱਜ ਵਾਂਗ ਸੜਕਾਂ ਦਾ ਜਾਲ ਨਹੀਂ ਵਿਛਿਆ ਹੋਇਆ ਸੀ। ਪਿੰਡਾਂ ਵਿਚ ਜਾਣ ਲਈ ਤਾਂ ਲੋਕਾਂ ਨੂੰ ਬਹੁਤਾ ਪੈਂਡਾ ਤੁਰ ਕੇ ਤੈਅ ਕਰਨਾ ਪੈਂਦਾ ਸੀ; ਖਾਸ ਕਰ ਕੇ ਪਸ਼ੂ ਇੱਕ ਤੋਂ ਦੂਜੀ ਥਾਂ ਲੈ ਕੇ ਆਉਣ ਜਾਣ ਸਮੇਂ ਉਨ੍ਹਾਂ ਨੂੰ ਤੋਰ ਕੇ ਹੀ ਲੈ ਕੇ ਜਾਂਦੇ ਸਨ। ਜਿਸ ਪਿੰਡ ਰਾਤ ਪੈ ਜਾਂਦੀ, ਉੱਥੇ ਜਿਹੜਾ ਘਰ ਪਹਿਲਾਂ ਆਉਂਦਾ, ਉੱਥੇ ਹੀ ਰਾਤ ਕੱਟ ਲੈਂਦੇ। ਰਾਹੀ ਅਤੇ ਪਸ਼ੂ ਦੀ ਸੇਵਾ ਕਰਨਾ ਘਰ ਵਾਲੇ ਆਪਣਾ ਸੁਭਾਗ ਸਮਝਦੇ। ਮੱਥੇ ਵੱਟ ਪਾਉਣ ਦਾ ਤਾਂ ਸੁਆਲ ਹੀ ਨਹੀਂ ਸੀ।
ਵਰਤਮਾਨ ਦੇ ਮੋਢਿਆਂ ਉੱਤੋਂ ਅਤੀਤ ਵੱਲ ਝਾਤੀ ਮਾਰਦੀ ਹਾਂ ਤਾਂ ਜਾਪਦਾ ਹੈ, ਜਿਵੇਂ ਖੁੱਲ੍ਹੇ ਬੂਹੇ ਬੰਦ ਬੂਹਿਆਂ ਨੂੰ ਪੁੱਛ ਰਹੇ ਹੋਣ- ਕਿੱਥੇ ਗਈ ਬਜ਼ੁਰਗਾਂ ਦੀ ਸਰਬੱਤ ਦੇ ਭਲੇ ਵਾਲੀ ਸੋਚ ਜਦੋਂ ਉਹ ਹਰ ਲੋੜਵੰਦ ਦੀ ਮਦਦ ਲਈ ਤਿਆਰ ਰਹਿੰਦੇ ਸਨ। ਅਣਜਾਣ ਰਾਹੀਆਂ ਨੂੰ ਵੀ ਆਸਰਾ ਦਿੰਦੇ ਸਮੇਂ ਮੋਹ ਭਰੀ ਸੇਵਾ ਨਾਲ ਸਰਸ਼ਾਰ ਕਰ ਦਿੰਦੇ ਸਨ। ਕਈ ਵਾਰ ਥੋੜ੍ਹੇ ਸਮੇਂ ਦੀ ਸਾਂਝ ਉਮਰ ਭਰ ਦੇ ਵਰਤ ਵਰਤਾਵੇ ’ਚ ਬਦਲ ਜਾਂਦੀ।
ਇੱਕ ਵਾਰ ਇੱਕ ਆਦਮੀ ਮੱਝ ਖਰੀਦ ਕੇ ਲਿਜਾਂਦਾ ਰਾਤ ਪੈਣ ’ਤੇ ਸਾਡੇ ਘਰ ਰਿਹਾ ਸੀ। ਰਾਤ ਨੂੰ ਉਸ ਦਾ ਮੰਜਾ ਤਾਏ ਦੇ ਮੰਜੇ ਕੋਲ ਡਾਹਿਆ। ਰਾਤ ਨੂੰ ਗੱਲਾਂ ਬਾਤਾਂ ਕਰਦਿਆਂ ਉਸ ਦੀ ਤਾਏ ਨਾਲ ਅਜਿਹੀ ਸਾਂਝ ਪਈ ਕਿ ਉਹ ਹਰ ਦੁੱਖ ਸੁੱਖ ਵਿਚ ਇੱਕ ਦੂਜੇ ਦੇ ਪਰਿਵਾਰ ਦੇ ਅੱਗੇ ਹੋ ਕੇ ਖੜ੍ਹਦੇ ਰਹੇ।
ਕਿਰਤ ਦੀ ਪੂਜਾ ਕਰਨ ਵਾਲੇ ਸਾਡੇ ਇਹ ਬਜ਼ੁਰਗ ਆਪ ਭਾਵੇਂ ਤੰਗੀਆਂ ਤੁਰਸ਼ੀਆਂ ਵਾਲੀ ਜਿ਼ੰਦਗੀ ਜਿਊਂਦੇ ਸਨ, ਆਪਣੀਆਂ ਗਰਜਾਂ ਕਿਰਸ ਕਰ ਕੇ ਪੂਰੀਆਂ ਕਰਦੇ ਸਨ ਪਰ ਸ਼ਾਮੀ ਵਿਹੜੇ ’ਚ ਛਿੜਕਾਅ ਨਾਲ ਆਉਂਦੀ ਮਿੱਟੀ ਦੀ ਮਹਿਕ ਅਤੇ ਬੂਹਿਆਂ ਅੰਦਰ ਵੜਦਿਆਂ ਕੱਚੇ ਵਿਹੜਿਆਂ ’ਚ ਗੋਹੇ ਮਿੱਟੀ ਨਾਲ ਲਿੱਪੇ ਚੌਂਤਰਿਆਂ ’ਚੋਂ ਆਉਂਦੀ ਖੁਸ਼ਬੂ ਵਾਂਗ ਰਿਸ਼ਤਿਆਂ ਦੀ ਮਹਿਕ ਤੇ ਖੁਸ਼ਬੂ ਸਹੇਜ ਕੇ ਰੱਖਣ ਦਾ ਸਲੀਕਾ ਉਨ੍ਹਾਂ ਕੋਲ ਸੀ। ਅੱਜ ਸਾਡੇ ਕੋਲ ਸੁਖ ਸਹੂਲਤਾਂ ਉਨ੍ਹਾਂ ਤੋਂ ਕਿਤੇ ਵੱਧ ਹਨ ਪਰ ਜੋ ਰੁਮਕਦੀ ਪੌਣ ਖੁੱਲ੍ਹੇ ਬੂਹਿਆਂ ’ਚੋਂ ਲੰਘ ਕੇ ਮਲਕੜੇ ਜਿਹੇ ਵਿਹੜੇ ਵਿਚ ਦੀ ਹੁੰਦੀ ਹੋਈ ਆਪਣੇ ਵਾਂਗ ਹੀ ਉਨ੍ਹਾਂ ਨੂੰ ਤਰੋਤਾਜ਼ਾ ਰੱਖਦੀ ਸੀ, ਉਹ ਬੰਦ ਬੂਹਿਆਂ ਨਾਲ ਟਕਰਾ ਕੇ ਵਾਪਸ ਆ ਜਾਂਦੀ ਹੈ। ਅਸੀਂ ਕੈਦੀਆਂ ਵਾਂਗ ਆਪਣੇ ਹੀ ਘਰਾਂ ਵਿਚ ਕੁੰਡੀਆਂ ਲਾ ਕੇ ਰਹਿਣ ਲਈ ਮਜਬੂਰ ਹਾਂ। ਡਰਦੇ ਹਾਂ, ਕਿਤੇ ਸਿਸਟਮ ਦੀ ਦੇਣ ਨਾਲ ਬਣਿਆਂ ਨਸ਼ੇੜੀ ਅੰਦਰ ਦਾਖਲ ਹੋ ਕੇ ਜੋ ਵੀ ਹੱਥ ਲੱਗੇ, ਲੈ ਕੇ ਤੁਰਦਾ ਨਾ ਬਣੇ। ਕੋਈ ਗੁੰਡਾ ਅੰਦਰ ਦਾਖਲ ਹੋ ਕੇ ਤੁਹਾਨੂੰ ਕਿਸੇ ਕਮਰੇ ’ਚ ਬੰਦ ਕਰ ਕੇ ਕੀਮਤੀ ਸਾਮਾਨ ਲੁੱਟ ਕੇ ਨਾ ਲੈ ਜਾਵੇ। ਚੰਦ ਛਿੱਲੜਾਂ ਪਿੱਛੇ ਕਤਲ ਵੀ ਆਮ ਗੱਲ ਹੋ ਗਈ ਹੈ। ਹੋਰ ਤਾਂ ਹੋਰ, ਤੁਸੀਂ ਕਿਤੇ ਖੜ੍ਹੇ ਹੋ, ਕੋਈ ਕਾਰ ਕੋਲ ਆ ਕੇ ਰੁਕਦੀ ਹੈ, ਕਿਸੇ ਬਹਾਨੇ ਕੜਾ, ਚੂੜੀਆਂ ਜਾਂ ਚੈਨੀ ਖੋਹ ਕੇ ਤਿੱਤਰ ਹੋ ਜਾਂਦੀ ਹੈ। ਸਾਨੂੰ ਕਿੱਥੋਂ ਕਿੱਥੇ ਪਹੁੰਚਾ ਦਿੱਤਾ ਗਿਆ ਹੈ?
ਸੋਚਦੇ ਹਾਂ, ਵਿਦੇਸ਼ ਦੇ ਰੁਝਾਨ ਕਾਰਨ ਬਹੁਤੇ ਘਰਾਂ ਦੇ ਬੂਹੇ ਬੰਦ ਹੋ ਗਏ। ਇਹ ਵੀ ਸਚਾਈ ਹੈ ਪਰ ਜੇ ਅਸੀਂ ਆਪਣੀ ਨਜ਼ਰ ਆਸੇ ਪਾਸੇ ਘੁੰਮਾਈਏ ਤਾਂ ਸਾਫ਼ ਦਿਸ ਪਵੇਗਾ ਕਿ ਬੂਹੇ ਤਾਂ ਲਗਾਤਾਰ ਬੰਦ ਹੋ ਰਹੇ ਹਨ। ਬੋਲਣ ਤੇ ਲਿਖਣ ਦੀ ਆਜ਼ਾਦੀ ਦੇ ਬੂਹੇ ਬੰਦ ਹੋ ਰਹੇ ਹਨ। ਇਨਸਾਫ਼ ਦੇ ਬੂਹੇ ਬੰਦ ਹੋ ਰਹੇ ਹਨ। ਧਾਰਮਿਕ ਕੱਟੜਤਾ ਕਾਰਨ ਪੈਦਾ ਹੋ ਰਹੀ ਕੁੜੱਤਣ ਕਾਰਨ ਭਾਈਚਾਰਿਆਂ ਵਿਚ ਪਿਆਰ ਦੇ ਬੂਹੇ ਬੰਦ ਕੀਤੇ ਜਾ ਰਹੇ ਹਨ। ਰੁਜ਼ਗਾਰ ਦੇ, ਹੱਕ ਮੰਗਣ ਦੇ ਬੂਹੇ ਬੰਦ ਹੋ ਰਹੇ ਹਨ। ਸੱਤਾ ਵਿਚ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੀ ਹਾਵੀ ਹੋ ਚੁੱਕੀ ਸੋਚ ਨੇ ਆਮ ਲੋਕਾਂ ਲਈ ਜਿਊਣ ਦੇ ਬੂਹੇ ਬੰਦ ਕਰ ਦਿੱਤੇ ਹਨ। ਕਲਿਆਣਕਾਰੀ ਰਾਜ ਦੇ ਵਾਅਦੇ ਜੁਮਲਿਆਂ ’ਚ ਤਬਦੀਲ ਹੋ ਕੇ ਵਿਸ਼ਵਾਸ ਕਰਨ ਦੇ ਬੂਹੇ ਬੰਦ ਕਰ ਰਹੇ ਹਨ। ਲੋਕਤੰਤਰ ਦੇ ਚਾਰੇ ਥੰਮ੍ਹਾਂ ਦੇ ਬੂਹੇ ਸੱਤਾ, ਧਰਮ ਅਤੇ ਕਾਰਪੋਰੇਟਾਂ ਦੇ ਗੱਠਜੋੜ ਦੇ ਦਬਾਅ ਅੱਗੇ ਚਰਮਰਾ ਰਹੇ ਹਨ। ਜੇ ਅਸੀਂ ਨਿੱਜ ਅੰਦਰ ਸੁੰਘੜੇ ਰਹੇ ਤਾਂ ਦਿਨੋ-ਦਿਨ ਲੋਕਾਂ ’ਤੇ ਕੱਸਿਆ ਜਾ ਰਿਹਾ ਸਿ਼ਕੰਜਾ ਇੱਕ ਦਿਨ ਜਿਊਣ ਦਾ ਹਰ ਬੂਹਾ ਬੰਦ ਕਰ ਦੇਵੇਗਾ। ਜੇ ਅਸੀਂ ਚਾਹੁੰਦੇ ਹਾਂ ਕਿ ਜਿਊਣ ਲਈ ਲੋੜੀਂਦੇ ਵਸੀਲੇ ਬਰਕਰਾਰ ਰਹਿਣ ਤਾਂ ਸਾਨੂੰ ਨਿੱਜ ਛੱਡ ਕੇ ਕਿਸਾਨ ਅੰਦੋਲਨ ਵਾਲੇ ਰਾਹ ਤੁਰਨਾ ਪਵੇਗਾ।
ਸੰਪਰਕ: 76260-63596

Advertisement
Advertisement