ਬੰਦਨਾ ਠਾਕੁਰ ਦਾ ਸੋਨ ਤਗਮੇ ਨਾਲ ਸਨਮਾਨ
ਦਸੂਹਾ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸੈਸ਼ਨ 2023-24 ਲਈ ਕਰਵਾਈ ਸਾਲਾਨਾ ਕਨਵੋਕੇਸ਼ਨ ਵਿੱਚ ਜਗਦੀਸ਼ ਚੰਦਰ ਡੀਏਵੀ ਕਾਲਜ ਦਸੂਹਾ ਦੀ ਖਿਡਾਰਨ ਬੰਦਨਾ ਠਾਕੁਰ ਦਾ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੀ ਹਾਜ਼ਰੀ ਵਿੱਚ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਬੰਦਨਾ ਠਾਕੁਰ ਦਾ ਇਹ ਸਨਮਾਨ ਅੰਗਰੇਜ਼ੀ ਵਿਸ਼ੇ ਵਿੱਚ ਯੂਨੀਵਰਸਿਟੀ ਵਿੱਚੋਂ ਅੱਵਲ ਆਉਣ ਅਤੇ ਡਿਗਰੀ ਹਾਸਲ ਕਰਨ ’ਤੇ ਕੀਤਾ ਗਿਆ। ਇਸ ਸਬੰਧੀ ਪ੍ਰਿੰ. ਰਾਕੇਸ਼ ਕੁਮਾਰ ਮਹਾਜਨ ਨੇ ਦੱਸਿਆ ਕਿ ਅੰਗਰੇਜ਼ੀ ਦੀ ਵਿਦਿਆਰਥਣ ਬੰਦਨਾ ਠਾਕੁਰ ਨੇ ਐਮ.ਏ ਭਾਗ ਪਹਿਲਾ ਵਿੱਚ ਵੀ ਯੂਨੀਵਰਸਿਟੀ ਦੀ ਮੈਰਿਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਹੁਣ ਦੂਸਰੇ ਸਾਲ ਵੀ ਆਪਣੀ ਅਕਾਦਮਿਕ ਕਾਬਲੀਅਤ ਨਾਲ ਯੂਨੀਵਰਸਿਟੀ ਦੀ ਮੈਰਿਟ ਵਿੱਚੋਂ ਅੱਵਲ ਆ ਕੇ ਗੋਲਡ ਮੈਡਲ ਹਾਸਲ ਕੀਤਾ ਹੈ। ਪ੍ਰਿੰ. ਸ੍ਰੀ ਮਹਾਜਨ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀ ਖੇਡਾਂ ਦੇ ਨਾਲ-ਨਾਲ ਅਕਾਦਮਿਕ ਖੇਤਰ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਇਸ ਉਪਲੱਬਧੀ ਦਾ ਸਿਹਰਾ ਵਿਦਿਆਰਥਣ ਦੀ ਮਿਹਨਤ ਅਤੇ ਅੰਗਰੇਜ਼ੀ ਵਿਭਾਗ ਦੇ ਮੁੱਖੀ ਡਾ. ਅਮਨਦੀਪ ਰਾਣਾ, ਡਾ. ਨਰਗਿਸ ਢਿੱਲੋਂ, ਪ੍ਰੋ. ਰਣਵੀਰ ਸਿੰਘ ਤੇ ਸਮੂਹ ਸਟਾਫ ਦੀ ਅਗਵਾਈ ਸਿਰ ਬੰਨਿਆ। -ਪੱਤਰ ਪ੍ਰੇਰਕ