ਬੈਂਕ ਨੇ ਡਿਫਾਲਟਰ ਕਾਰੋਬਾਰੀ ਦੀ ਸੰਪਤੀ ’ਤੇ ਕਬਜ਼ਾ ਕੀਤਾ
ਤਰਨ ਤਾਰਨ, 13 ਮਾਰਚ
ਇੱਥੋਂ ਦੇ ਇੱਕ ਕਾਰੋਬਾਰੀ ਵੱਲੋਂ ਬੈਂਕ ਦੇ ਡਿਫਾਲਟਰ ਹੋ ਜਾਣ ’ਤੇ ਉਸਦੀ ਸੰਪਤੀ ’ਤੇ ਬੈਂਕ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ| ਆਈਸੀਆਈਸੀਆਈ ਬੈਂਕ ਹੋਮ ਫਾਇਨਾਂਸ ਦੇ ਅਧਿਕਾਰੀਆਂ ਦੀ ਟੀਮ ਦੀ ਅਗਵਾਈ ਕਰਦੇ ਬੈਂਕ ਦੇ ਲੀਗਲ ਮੈਨੇਜਰ ਅਮਿਤ ਕੁਮਾਰ ਦੀ ਅਗਵਾਈ ਵਿੱਚ ਕਾਰੋਬਾਰੀ ਦੀ ਸੰਪਤੀ ’ਤੇ ਕਬਜ਼ਾ ਕਰਨ ਲਈ ਆਈ ਟੀਮ ਵੱਲੋਂ ਡਿਊਟੀ ਮੈਜਿਸਟਰੇਟ-ਕਮ-ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਬੈਂਕ ਅਧਿਕਾਰੀਆਂ ਨੇ ਕਾਰੋਬਾਰੀ ਕੁਲਜੀਤ ਸਿੰਘ ਦੇ ਬੰਦ ਪਏ ਬੁਲਟ ਮੋਟਰਸਾਈਕਲ ਸ਼ੋਅਰੂਮ ਦੇ ਤਾਲਿਆਂ ਨੂੰ ਗੈਸਕੱਟਰ ਨਾਲ ਕੱਟ ਕੇ ਕਬਜ਼ਾ ਕਰ ਲਿਆ| ਬੈਂਕ ਅਧਿਕਾਰੀਆਂ ਦੀ ਟੀਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲੀਸ ਫੋਰਸ ਵੀ ਮੁਹੱਈਆ ਕਰਵਾਈ ਗਈ ਸੀ| ਬੈਂਕ ਅਧਿਕਾਰੀ ਅਮਿਤ ਕੁਮਾਰ ਨੇ ਦੱਸਿਆ ਕਿ ਕਾਰੋਬਾਰੀ ਨੇ ਇੱਥੇ ਬੁਲਟ ਮੋਟਰ ਸਾਈਕਲ ਦਾ ਸ਼ੋਅਰੂਮ ਖੋਲ੍ਹਣ ਲਈ ਸਾਲ 2022 ਵਿੱਚ 4.5 ਕਰੋੜ ਰੁਪਏ ਦਾ ਲੋਨ ਲਿਆ ਸੀ ਜਿਸ ਤੋਂ ਉਹ ਡਿਫਾਲਟਰ ਹੋ ਗਿਆ ਜਿਸ ਕਰਕੇ ਬੈਂਕ ਕੋਲ ਉਸ ਦੀ ਪ੍ਰਾਪਰਟੀ ’ਤੇ ਕਬਜ਼ਾ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ ਸੀ। ਬੈਂਕ ਵੱਲੋਂ ਸਾਰੀਆਂ ਮੁੱਢਲੀਆਂ ਕਾਰਵਾਈਆਂ ਕਰ ਕੇ ਅੱਜ ਕੁਲਜੀਤ ਸਿੰਘ ਦੀ ਇੱਥੋਂ ਦੀ ਜੰਡਿਆਲਾ ਰੋਡ ’ਤੇ ਸਥਿਤ ਸੰਪਤੀ ’ਤੇ ਕਬਜ਼ਾ ਕਰ ਲਿਆ ਗਿਆ ਹੈ|