ਸਤਵਿੰਦਰ ਬਸਰਾਲੁਧਿਆਣਾ, 22 ਦਸੰਬਰਬੁੱਢੇ ਦਰਿਆ ਨੂੰ ਜ਼ਹਿਰ ਮੁਕਤ ਕਰਨ ਲਈ ਅੱਜ ਗੁਰਦੁਆਰਾ ਗਊਘਾਟ ਵਿੱਚ ਦਰਿਆ ਦੀ ਸਫ਼ਾਈ ਦੀ ਕਾਰਸੇਵਾ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਇਸ ਮੌਕੇ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ 24 ਦਸੰਬਰ ਨੂੰ ਪੈਣਗੇ। ਇਸ ਮੌਕੇ ਪਹੁੰਚੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ, ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕਰਕੇ ਦਰਿਆ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਪਾਏ ਜਾ ਰਹੇ ਜ਼ਹਿਰੀਲੇ ਪਾਣੀ ਨੂੰ ਸਖ਼ਤੀ ਨਾਲ ਰੋਕਣ ਦੀ ਹਦਾਇਤ ਕੀਤੀ।ਸੰਤ ਸੀਚੇਵਾਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਾਰਸੇਵਾ ਦੇ ਦੂਜੇ ਪੜਾਅ ਵਿੱਚ ਬੁੱਢੇ ਦਰਿਆ ਵਿੱਚ ਗੰਦੇ ਤੇ ਜ਼ਹਿਰੀਲੇ ਪਾਣੀ ਪੈਣ ਤੋਂ ਰੋਕਣ ਲਈ ਮੋਰਚਾ ਵਿੱਢ ਦਿੱਤਾ ਗਿਆ ਹੈ। ਯਾਦ ਰਹੇ ਕਿ 2 ਫਰਵਰੀ ਨੂੰ ਸ਼ੁਰੂ ਹੋਈ ਇਸ ਕਾਰਸੇਵਾ ਦੇ ਪਹਿਲੇ ਪੜਾਅ ਦੌਰਾਨ ਇਸ ਦੇ ਕਿਨਾਰਿਆਂ ’ਤੇ ਸਫ਼ਾਈ ਕਰਕੇ ਬੂਟੇ ਲਗਾਏ ਗਏ ਹਨ ਤੇ ਦਰਿਆ ਤੱਕ ਪਹੁੰਚਣ ਲਈ ਸਾਫ਼ ਰਾਹ ਬਣਾਏ ਗਏ ਹਨ। ਇਸ ਦੌਰਾਨ ਸੰਤ ਸੀਚੇਵਾਲ ਨੇ ਬੁੱਢੇ ਦਰਿਆ ਵਿੱਚ ਪੈ ਰਹੇ ਪਾਣੀ ਦਾ ਜਾਇਜ਼ਾ ਲਿਆ ਤੇ ਡੇਅਰੀਆਂ ਤੇ ਫੈਕਟਰੀਆਂ ਵੱਲੋਂ ਸਿੱਧੇ-ਅਸਿੱਧੇ ਢੰਗ ਨਾਲ ਦਰਿਆ ਵਿੱਚ ਪਾਏ ਜਾ ਰਹੇ ਪਾਣੀ ਦਾ ਵੀ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਕਹਿਣ ਨਾਲ ਹੀ ਅਸੀਂ ਇਸ ਦਰਿਆ ਦੀ ਹੋਂਦ ਤੋਂ ਮੁਨਕਰ ਹੋ ਜਾਂਦੇ ਹਾਂ ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਦੀ ਹੋਂਦ ਕਾਇਮ ਰੱਖੀਏ। ਸੰਤ ਸੀਚੇਵਾਲ ਨੇ ਇਸ ਗੱਲ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਬੀਤੇ ਦਿਨੀਂ ਸਥਾਨਕ ਲੋਕ ਬੁੱਢੇ ਦਰਿਆ ਨੂੰ ਦੂਸ਼ਿਤ ਕੀਤੇ ਜਾਣ ਖ਼ਿਲਾਫ਼ ਸੜਕਾਂ ’ਤੇ ਵੀ ਉੱਤਰੇ।