ਖੇਤਰੀ ਪ੍ਰਤੀਨਿਧਲੁਧਿਆਣਾ, 22 ਦਸੰਬਰਵਾਤਾਵਰਨ ਪ੍ਰੇਮੀਆਂ ਨੇ ਅੱਜ ਭੱਟੀਆਂ ਦੇ ਐੱਸਟੀਪੀਜ਼, ਭੱਟੀਆਂ ਡਰੇਨ ਅਤੇ ਸਤਲੁਜ ਦਰਿਆ ਦੇ ਸੰਗਮ ਪੁਆਇੰਟ ਦਾ ਦੌਰਾ ਕੀਤਾ। ਉਨ੍ਹਾਂ ਮਹਿਮਸੂਸ ਕੀਤਾ ਕਿ ਜਿੰਨੀ ਦੇਰ ਸਿਫ਼ਰ ਫੀਸਦ ਪ੍ਰਦੂਸ਼ਿਤ ਪਾਣੀ ਸੁੱਟਣਾ ਬੰਦ ਨਹੀਂ ਕੀਤਾ ਜਾਂਦਾ ਉਨ੍ਹੀਂ ਦੇਰ ਬੁੱਢਾ ਦਰਿਆ ਅਤੇ ਸਤਲੁਜ ਨੂੰ ਪ੍ਰਦੂਸ਼ਣ ਮੁਕਤ ਕਰਨਾ ਔਖਾ ਹੈ। ਇਸ ਲਈ ਸਖ਼ਤ ਕਾਨੂੰਨਾਂ ਅਤੇ ਸਹੀ ਨਿਗਰਾਨੀ ਦੀ ਬਹੁਤ ਲੋੜ ਹੈ।ਇਸ ਟੀਮ ਦੀ ਅਗਵਾਈ ਮਹਿੰਦਰ ਸਿੰਘ ਸੇਖੋਂ ਨੇ ਕੀਤੀ। ਟੀਮ ਵਿੱਚ ਮਨਿੰਦਰਜੀਤ ਸਿੰਘ ਬੈਨੀਪਾਲ, ਦਾਨ ਸਿੰਘ ਉਸਾਹਣ, ਸੁਰਿੰਦਰਪਾਲ ਸਿੰਘ, ਐਡਵੋਕੇਟ ਯੋਗੇਸ਼ ਖੰਨਾ, ਡਾ. ਵੀਪੀ ਮਿਸ਼ਰਾ, ਡਾ. ਸੰਤੋਸ਼ ਕੁਮਾਰ, ਗੁਰਬਚਨ ਸਿੰਘ ਬੱਤਰਾ, ਮਨਜਿੰਦਰ ਸਿੰਘ ਗਰੇਵਾਲ ਅਤੇ ਕਰਨਲ ਸੀਐਮ ਲਖਨਪਾਲ ਸ਼ਾਮਲ ਸਨ। ਸ੍ਰੀ ਸੇਖੋਂ ਨੇ ਐੱਨਜੀਟੀ ਵੱਲੋਂ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਅਧਿਕਾਰੀਆਂ ਨੂੰ ਵਾਤਾਵਰਨ ਦੀ ਸਥਿਰਤਾ ਲਈ ਫੈਸਲਾਕੁੰਨ ਢੰਗ ਨਾਲ ਕੰਮ ਕਰਨ ਦੀ ਅਪੀਲ ਕੀਤੀ। ਇਸ ਦੌਰੇ ਦੌਰਾਨ ਟੀਮ ਨੇ ਦੱਸਿਆ ਕਿ ਬੁੱਢਾ ਦਰਿਆ ਅਤੇ ਸਤਲੁਜ ਨੂੰ ਲਗਾਤਾਰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਇਸ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਲਗਾਏ ਪਲਾਂਟ ਵੀ ਅਸਫਲ ਲੱਗ ਰਹੇ ਹਨ। ਉਨ੍ਹਾਂ ਨੇ ਇਸ ਪ੍ਰਦੂਸ਼ਣ ਪਿੱਛੇ ਕਾਨੂੰਨੀ ਪ੍ਰਬੰਧਾਂ ਦੀ ਗ਼ਲਤ ਵਿਆਖਿਆ ਅਤੇ ਗੈਰ-ਪਾਲਣਾ ਨੂੰ ਵੱਡੇ ਕਾਰਨ ਦੱਸਿਆ। ਟੀਮ ਮੈਂਬਰਾਂ ਨੇ ਰਿਹਾਇਸ਼ੀ ਇਲਾਕਿਆਂ ਵਿੱਚ ਉਦਯੋਗਿਕ ਇਕਾਈਆਂ ’ਤੇ ਪਾਬੰਦੀ ਲਗਾਉਣ, ਉਦਯੋਗਿਕ ਗੰਦੇ ਪਾਣੀ ਸਮੇਤ ਰਹਿੰਦ-ਖੂੰਹਦ ਦੇ ਨਿਪਟਾਰੇ ਦੇ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭੱਟੀਆਂ ਐੱਸਟੀਪੀ ਨੇੜੇ ਰਾਹੋਂ ਰੋਡ ਵਾਲੇ ਪਾਸੇ ਤੋਂ ਪੂਰਬੀ ਦਿਸ਼ਾ ਤੋਂ ਮੱਤੇਵਾੜਾ ਦੇ ਜੰਗਲਾਂ ਵੱਲ ਆਉਂਦਾ ਦਿਖਾਈ ਦਿੰਦਾ ਹੈ। ਵਾਤਾਵਰਨ ਪ੍ਰੇਮੀਆਂ ਦੀ ਟੀਮ ਨੇ ਕਿਹਾ ਕਿ ਭੱਟੀਆਂ-ਕਾਸਾਬਾਦ ਡਰੇਨ ’ਤੇ ਪ੍ਰਦੂਸ਼ਣ ਨੂੰ ਇੱਕ ਨਵੇਂ ਪਹਿਲੂ ਵਜੋਂ ਦੇਖਿਆ ਜਾ ਰਿਹਾ ਹੈ। ਸ਼੍ਰੀ ਸੇਖੋਂ ਨੇ ਕਿਹਾ ਕਿ ਬੁੱਢੇ ਦਰਿਆ ਅਤੇ ਸਤਲੁਜ ਵਿੱਚ ਪ੍ਰਦੂਸ਼ਣ ਅਤੇ ਵਾਤਾਵਰਣ ਦੇ ਨਿਘਾਰ ਨੂੰ ਰੋਕਣ ਲਈ ਉਨ੍ਹਾਂ ਦੀ ਟੀਮ ਵੱਲੋਂ ਜਨਤਕ ਮੀਟਿੰਗਾਂ, ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।