ਬੀਕੇਯੂ ਏਕਤਾ ਉਗਰਾਹਾਂ ਫੂਕੇਗੀ ਕੇਂਦਰ ਸਰਕਾਰ ਦੇ ਪੁਤਲੇ
ਪੱਤਰ ਪ੍ਰੇਰਕ
ਚੇਤਨਪੁਰਾ, 8 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਗੁਰਦੁਆਰਾ ਸੋਹੀਆਂ ਕਲਾਂ ਫ਼ਤਹਿਗੜ੍ਹ ਚੂੜੀਆਂ ਰੋਡ ‘ਤੇ ਪ੍ਰਧਾਨ ਕਸ਼ਮੀਰ ਸਿੰਘ ਦੀ ਅਗਵਾਈ ‘ਚ ਹੋਈ। ਮੀਟਿੰਗ ਵਿੱਚ ਜ਼ਿਲ੍ਹਾ, ਬਲਾਕ ਤੇ ਪਿੰਡਾਂ ਦੇ ਕਿਸਾਨਾਂ ਸਣੇ ਔਰਤਾਂ ਸ਼ਾਮਲ ਹੋਈਆਂ। ਇਸ ਵਿੱਚ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਦਿੱਲੀ ਜੰਤਰ-ਮੰਤਰ ਵਿਚ ਪਹਿਲਵਾਨਾਂ ਦੇ ਚੱਲ ਰਹੇ ਪ੍ਰਦਰਸਨ ਨੂੰ ਹਮਾਇਤ ਦੇਣ ਵਾਸਤੇ 11 ਮਈ ਨੂੰ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਉਪਰੰਤ ਰੋਸ ਮਾਰਚ ਕੀਤਾ ਜਾਵੇਗਾ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।
ਬਲਾਕ ਪ੍ਰਧਾਨ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਅਪਰਾਧੀਆਂ ਦੀ ਪੁਸ਼ਪਨਾਹੀ ਕਰ ਰਹੀ ਹੈ। ਆਗੂਆਂ ਦੱਸਿਆ ਕਿ ਪਿਛਲੇ ਦਿਨੀਂ ਵੀ ਬੀਕੇਯੂ ਉਗਰਾਹਾਂ ਦਾ ਬੀਬੀਆਂ ਦਾ ਜਥਾ ਪ੍ਰਦਰਸ਼ਨ ਚ ਹਾਜ਼ਰੀਆਂ ਭਰ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ ਤੇ ਉੱਤਰਾਖੰਡ ਵਿੱਚ ਜਥੇਬੰਦੀ 11, 12, 13 ਮਈ ਨੂੰ ਮੁਜ਼ਾਹਰੇ ਕਰੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਹਿੱਸਾ ਲੈਣਗੀਆਂ।