ਬੀਕੇਯੂ ਆਜ਼ਾਦ ਤੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਅਰਥੀ ਫੂਕ ਮੁਜ਼ਾਹਰੇ
ਲਹਿਰਾਗਾਗਾ, 27 ਮਾਰਚ
ਇੱਥੋਂ ਨੇੜਲੇ ਪਿੰਡ ਹਰਿਆਊ ਦੇ ਡੇਰਾ ਭਾਵਾ ਦਾਸ ’ਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਦੀ ਅਗਵਾਈ ਵਿੱਚ ਮੀਟਿੰਗ ਹੋਈ, ਜਿਸ ਵਿੱਚ 10 ਪਿੰਡ ਇਕਾਈਆਂ ਹਾਜ਼ਰ ਹੋਈਆ। ਬੀਕੇਯੂ ਆਜ਼ਾਦ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਮੁਜ਼ਾਹਰਾ ਕੀਤਾ। ਇਸੇ ਤਰ੍ਹਾਂ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਪਿੰਡ ਖੰਡੇਬਾਦ ਅਤੇ ਜਲੂਰ ਦੇ ਵਿੱਚ ਹਰਸੇਵਕ ਸਿੰਘ ਦੀ ਅਗਵਾਈ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਲੋਕ ਸਰਕਾਰ ਦੇ ਜਾਬਰ ਰਵੱਈਏ ਦਾ ਮੂੰਹ ਤੋੜਵਾਂ ਜਵਾਬ ਦੇਣਗੇ।
ਉਨ੍ਹਾਂ ਐਲਾਨ ਕੀਤਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਦੇ ਜ਼ਿਲ੍ਹਾ ਹੈੱਡ ਕੁਆਰਟਰਾਂ ਦਾ 28 ਮਾਰਚ ਨੂੰ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਈ ਜ਼ਿਲ੍ਹਿਆਂ ਵਿੱਚ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਦੀ ਸਖ਼ਤ ਆਲੋਚਨਾ ਕੀਤੀ
ਬੀਕੇਯੂ ਅਜ਼ਾਦ ਦੇ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਤੇ ਬਲਾਕ ਜਰਨਲ ਸਕੱਤਰ ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੱਕੀ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਬਾਡਰਾਂ ਤੇ ਕਿਸਾਨੀ ਸੰਘਰਸ਼ ਨੂੰ ਪੁਲੀਸ ਜਬਰ ਤੇ ਬੁਲਡੋਜ਼ਰਾਂ ਨਾਲ ਦਬਾਇਆ ਗਿਆ, ਜਿੱਥੇ ਕਿਸਾਨਾਂ ਤੇ ਜਬਰ ਕੀਤਾ ਉੱਥੇ ਰੋਜ਼ ਵਰਤੋਂ ਦਾ ਸਾਮਾਨ ਵੀ ਭੱਨਿਆ ਗਿਆ ਟਰੈਕਟਰ ਤੇ ਟਰਾਲੀਆਂ ਨੂੰ ਖਦਾਨਾਂ ਵਿੱਚ ਸੁੱਟ ਕੇ ਤੋੜਿਆ ਗਿਆ, ਜਿੱਥੋਂ ਲੁਟੇਰੇ ਸੈਂਕੜੇ ਟਰਾਲੀਆਂ, ਫਰਿੱਜ਼, ਏਸੀ, ਕੂਲਰ, ਪੱਖੇ ਤੇ ਬਰਤਨ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਕਿ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਕੀਤੇ ਜਾਣਗੇ। ਬੀਕੇਯੂ ਆਜ਼ਾਦ ਜਥੇਬੰਦੀ ਵੱਲੋਂ ਕਰਨਲ ਬਾਠ ਦੀ ਪੁਲੀਸ ਵੱਲੋਂ ਕੀਤੀ ਗਈ ਕੁੱਟਮਾਰ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਬਲਾਕ ਆਗੂ ਲਾਭ ਸਿੰਘ ਗਿੜਦਿਆਣੀ, ਪਰਮਜੀਤ ਕੌਰ ਪਿਸ਼ੌਰ, ਕਰਨੈਲ ਕੌਰ ਹਰਿਆਊ ਹਾਜ਼ਰ ਸਨ।