ਬਿਹਾਰ ਦੇ ਚਾਰ ਲਾਵਾਰਸ ਮਰੀਜ਼ ਪਿੰਗਲਵਾੜਾ ਦੀ ਮਦਦ ਨਾਲ ਸਿਹਤਯਾਬ
ਸੰਸਥਾ ਪਿੰਗਲਵਾੜਾ ਵੱਲੋਂ ਚਾਰ ਲਾਵਾਰਸ ਮਰੀਜ਼ਾਂ ਨੂੰ ਇਲਾਜ ਉਪਰੰਤ ਸਿਹਤਯਾਬ ਹੋਣ ਮਗਰੋਂ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ। ਹੁਣ ਇਹ ਸਾਰੇ ਹੋਲੀ ਮੌਕੇ ਆਪਣੇ ਪਰਿਵਾਰ ਨਾਲ ਮਿਲਕੇ ਇਹ ਤਿਉਹਾਰ ਇਕੱਠੇ ਹੋ ਕੇ ਮਨਾ ਸਕਣਗੇ।
ਇਹ ਚਾਰ ਮਰੀਜ਼ ਦਲੀਪ ਵਾਸੀ ਪਿੰਡ ਅਮਰੋਰੀ ਜ਼ਿਲ੍ਹਾ ਅਰਰੀਆ, ਸੂਰਜ ਪਿੰਡ ਧਰਮਪੁਰ ਜ਼ਿਲ੍ਹਾ ਵੈਸ਼ਾਲੀ, ਵਿਨੋਦ ਪਿੰਡ ਬਸਤੀ ਜ਼ਿਲ੍ਹਾ ਸਹਰਸਾ ਤੇ ਬਲਰਾਮ ਦਾਸ ਪਿੰਡ ਹਾਰਪੁਰ ਜ਼ਿਲ੍ਹਾ ਮੁਜੱਫਰਪੁਰ ਹਨ ਜੋ ਬਿਹਾਰ ਦੇ ਵਾਸੀ ਹਨ। ਇਹ ਸਾਰੇ ਪਿੰਗਲਵਾੜਾ ਸੰਸਥਾ ਵੱਲੋਂ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਵਾਰਡ ਵਿੱਚ ਲਾਵਾਰਸ ਅਵਸਥਾ ਵਿੱਚ ਦਾਖ਼ਲ ਹੋਏ ਸਨ।
ਪਿੰਗਲਵਾੜਾ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਹ ਮਰੀਜ਼ ਬਿਹਾਰ ਦੇ ਰਹਿਣ ਵਾਲੇ ਹਨ। ਸੰਸਥਾ ਦੇ ਮੈਡੀਕਲ ਸੋਸ਼ਲ ਵਰਕਰ ਗੁਲਸ਼ਨ ਰੰਜਨ ਨੇ ਦੱਸਿਆ ਕਿ ਇਹ ਮਰੀਜ਼ ਪੰਜਾਬ ਵਿੱਚ ਮਜ਼ਦੂਰੀ ਕਰਨ ਲਈ ਆਏ ਸਨ ਅਤੇ ਜਦੋਂ ਇਹ ਕਿਸੇ ਕਾਰਨ ਜ਼ਖਮੀ ਹੋ ਗਏ ਤਾਂ ਇਨ੍ਹਾਂ ਨੂੰ ਲਾਵਾਰਸ ਹਾਲਤ ਵਿੱਚ ਛੱਡ ਦਿੱਤਾ ਗਿਆ। ਇਹ ਸਾਰੇ ਹੀ ਹੱਡੀਆਂ ਦੇ ਰੋਗਾਂ ਨਾਲ ਪੀੜਤ ਸਨ ਅਤੇ ਆਪਣੇ ਤੌਰ ’ਤੇ ਇਲਾਜ ਕਰਵਾਉਣ ਵਿੱਚ ਅਸਮਰੱਥ ਸਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਹੀ ਮਾਨਸਿਕ ਤੌਰ ’ਤੇ ਠੀਕ ਹਨ ਅਤੇ ਹੁਣ ਇਲਾਜ ਮਗਰੋਂ ਸਿਹਤਯਾਬ ਹੋ ਚੁੱਕੇ ਹਨ। ਪਿੰਗਲਵਾੜਾ ਸੰਸਥਾ ਵੱਲੋਂ ਇਨ੍ਹਾਂ ਨੂੰ ਰੇਲਗੱਡੀ ਰਾਹੀਂ ਅੱਜ ਬਿਹਾਰ ਸਥਿਤ ਇਨ੍ਹਾਂ ਦੇ ਘਰਾਂ ਵਾਸਤੇ ਰਵਾਨਾ ਕੀਤਾ ਗਿਆ ਹੈ ਤਾਂ ਜੋ ਇਹ ਹੋਲੀ ਮੌਕੇ ਆਪਣੇ ਪਰਿਵਾਰ ਨਾਲ ਮਿਲ ਸਕਣ ਅਤੇ ਇਸ ਤਿਉਹਾਰ ਨੂੰ ਇਕੱਠੇ ਹੋ ਕੇ ਮਨਾ ਸਕਣ।