ਬਿਸਲੇਰੀ ਵੱਲੋਂ ਪੀਯੂ ਵਿੱਚ ‘ਬੌਟਲ ਫਾਰ ਚੇਂਜ’ ਦੀ ਸ਼ੁਰੂਆਤ
ਕੁਲਦੀਪ ਸਿੰਘ
ਚੰਡੀਗੜ੍ਹ, 12 ਸਤੰਬਰ
ਬਿਸਲੇਰੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ‘ਬੌਟਲ ਫਾਰ ਚੇਂਜ’ ਦੀ ਸ਼ੁਰੂਆਤ ਕੀਤੀ। ’ਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਰੇਣੂ ਵਿੱਗ ਨੇ ਇਸ ਪਹਿਲਕਦਮੀ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਵਿੱਚ ਟਿਕਾਊ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨਾ ਜ਼ਰੂਰੀ ਹੈ ਕਿਉਂਕਿ ਉਹ ਭਵਿੱਖ ਦੇ ਆਗੂ ਹਨ ਜੋ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੀਆ ਸੇਧ ਦੇਣ ਲਈ ਵਚਨਬੱਧ ਹਨ।
ਸਮਾਗਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਕੈਂਪਸ ਵਿੱਚ ਖਾਲੀ ਬੋਤਲਾਂ ਸਣੇ ਹੋਰ ਸਮੱਗਰੀ ਦੀ ਰਿਕਵਰੀ ਵਾਸਤੇ ਸਹੂਲਤ ਸਥਾਪਿਤ ਕਰਨ ਲਈ ਸਹਿਮਤੀ ਪੱਤਰ ’ਤੇ ਵੀ ਦਸਤਖ਼ਤ ਕੀਤੇ ਗਏ। ਵਰਤੀ ਹੋਈ ਪਲਾਸਟਿਕ ਤੋਂ ਬਣੇ ‘ਬੈਂਚ ਆਫ ਡ੍ਰੀਮਜ਼’ ਦੀ ਸ਼ੁਰੂਆਤ ਅਤੇ ਜ਼ਿੰਮੇਵਾਰੀ ਨਾਲ ਨਿਬੇੜਾ ਕਰਨ ਨੂੰ ਉਤਸ਼ਾਹਿਤ ਕਰਨ ਲਈ ’ਵਰਸਿਟੀ ਵਿੱਚ ਚੋਣਵੇਂ ਸਥਾਨਾਂ ’ਤੇ ਪਲਾਸਟਿਕ ਕੁਲੈਕਸ਼ਨ ਬੈਂਕ ਸਥਾਪਿਤ ਕਰਨ ਅਤੇ ਵਰਤੀ ਜਾ ਚੁੱਕੀ ਪਲਾਸਟਿਕ ਨੂੰ ਇਕੱਠਾ ਕਰ ਕੇ ਰੀ-ਸਾਈਕਲਿੰਗ ਲਈ ਭੇਜਣਾ ਯਕੀਨੀ ਬਣਾਉਣ ਲਈ ਇੱਕ ਸਮਝੌਤਾ ਕੀਤਾ ਗਿਆ।
ਇਸ ਈਵੈਂਟ ਦੌਰਾਨ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਸ਼ਹਿਰ ਦੇ ਅੰਦਰ ਨਿਯਮਤ ਪਲਾਸਟਿਕ ਕੂੜਾ ਇਕੱਠਾ ਕਰਨ ਲਈ ਸਮਰਪਿਤ ਇੱਕ ਵਾਹਨ ਨੂੰ ਹਰੀ ਝੰਡੀ ਵੀ ਦਿਖਾਈ ਗਈ। ਬਿਸਲੇਰੀ ਇੰਟਰਨੈਸ਼ਨਲ ਨੇ ਬਾਗ਼ਬਾਨੀ ਵਿਭਾਗ, ਐੱਨਐੱਸਐੱਸ ਅਤੇ ਰੋਟਰੈਕਟ ਵਰਗੇ ਕੈਂਪਸ ਭਾਈਵਾਲਾਂ ਨੂੰ ‘ਬੌਟਲਜ਼ ਫਾਰ ਚੇਂਜ’ ਪਹਿਲਕਦਮੀ ਲਈ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਕੈਂਪਸ ਵਿੱਚ ਮੈਟੀਰੀਅਲ ਰਿਕਵਰੀ ਫੈਸਿਲਿਟੀ ਨੂੰ ਵਿਕਸਿਤ ਕਰਨ ਲਈ ਅੱਜ ਇੱਕ ਐਮਓਯੂ ’ਤੇ ਦਸਤਖ਼ਤ ਕੀਤੇ ਗਏ। ਈਵੈਂਟ ਵਿੱਚ 300 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ’ਵਰਸਿਟੀ ਦੇ ਰਜਿਸਟਰਾਰ ਪ੍ਰੋ. ਵਾਈਪੀ ਵਰਮਾ, ਬਿਸਲੇਰੀ ਦੇ ਸੀਈਓ ਐਂਜੇਲੋ ਜਾਰਜ ਵੀ ਹਾਜ਼ਰ ਸਨ।