ਬਿਲ ਗੇਟਸ ਵੱਲੋਂ ਨੱਢਾ ਤੇ ਨਾਇਡੂ ਨਾਲ ਸਿਹਤ ਸੇਵਾ ਤੇ ਤਕਨਾਲੋਜੀ ਬਾਰੇ ਚਰਚਾ
ਨਵੀਂ ਦਿੱਲੀ, 19 ਮਾਰਚ
ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਅੱਜ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨਾਲ ਮੁਲਾਕਾਤ ਕੀਤੀ ਅਤੇ ਸਿਹਤ ਸੇਵਾ ਖੇਤਰ ਵਿੱਚ ਸਰਕਾਰ ਤੇ ‘ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ’ ਵਿਚਾਲੇ ਸਹਿਯੋਗ ਦੀ ਸਮੀਖਿਆ ਕੀਤੀ।
ਗੇਟਸ ਨੇ ਸਿਹਤ ਸੇਵਾ, ਸਿੱਖਿਆ, ਖੇਤੀਬਾੜੀ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਖੇਤਰਾਂ ਵਿੱਚ ਸੇਵਾ ਡਲਿਵਰੀ ਵਿੱਚ ਸੁਧਾਰ ਵਾਸਤੇ ਮਸਨੂਈ ਬੌਧਿਕਤਾ (ਏਆਈ) ਅਤੇ ਭਵਿੱਖਬਾਣੀ ਵਿਸ਼ਲੇਸ਼ਣ ਦਾ ਫਾਇਦਾ ਉਠਾਉਣ ਦੇ ਸਬੰਧ ਵਿੱਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨਾਲ ਵੀ ਗੱਲਬਾਤ ਕੀਤੀ।
ਨੱਢਾ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਗੇਟਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਾਵਾਂ ਦੀ ਸਿਹਤ, ਟੀਕਾਕਰਨ ਅਤੇ ਸਫ਼ਾਈ ਵਰਗੇ ਖੇਤਰਾਂ ਵਿੱਚ ਭਾਰਤ ਵੱਲੋਂ ਕੀਤੀ ਗਈ ਤਰੱਕੀ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਮੈਮੋਰੈਂਡਮ ਆਫ ਕੋਆਪ੍ਰੇਸ਼ਨ (ਸਹਿਯੋਗ ਸਮਝੌਤੇ) ਨੂੰ ਨਵਿਆਉਣ ਅਤੇ ਸਾਰੇ ਨਾਗਰਿਕਾਂ ਲਈ ਕਿਫ਼ਾਇਤੀ, ਸੁਲਭ ਅਤੇ ਗੁਣਵੱਤਾਪੂਰਨ ਸਿਹਤ ਸੇਵਾ ਯਕੀਨੀ ਬਣਾਉਣ ਦੀ ਆਪਣੀ ਸਾਂਝੀ ਵਚਨਬੱਧਤਾ ਨੂੰ ਅੱਗੇ ਵਧਾਉਣ ਲਈ ਕਾਹਲੇ ਹਾਂ।’’
ਗੇਟਸ ਦੇ ਨਾਲ ਆਪਣੀ ਮੀਟਿੰਗ ਤੋਂ ਬਾਅਦ ਨਾਇਡੂ ਨੇ ‘ਐੱਕਸ’ ਉੱਤੇ ਪਾਈ ਇਕ ਪੋਸਟ ਵਿੱਚ ਸੂਬੇ ਦੇ ਲੰਬੇ ਸਮੇਂ ਦੇ ਵਿਕਾਸ ਟੀਚੇ ‘ਸਵਰਨ ਆਂਧਰਾ ਪ੍ਰਦੇਸ਼ 2047’ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵਿੱਚ ਗੇਟਸ ਫਾਊਂਡੇਸ਼ਨ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਨਾਇਡੂ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਗੇਟਸ ਫਾਊਂਡੇਸ਼ਨ ਦੇ ਨਾਲ ਇਹ ਸਾਂਝੇਦਾਰੀ ਸਾਡੇ ਲੋਕਾਂ ਨੂੰ ਤਾਕਤਵਰ ਬਣਾਉਣ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।’’ ਗੇਟਸ ਨੇ ਅੱਜ ਸੰਸਦ ਕੰਪਲੈਕਸ ਦਾ ਦੌਰਾ ਵੀ ਕੀਤਾ ਜਿੱਥੇ ਮੌਜੂਦਾ ਸਮੇਂ ਵਿੱਚ ਬਜਟ ਇਜਲਾਸ ਚੱਲ ਰਿਹਾ ਹੈ। -ਪੀਟੀਆਈ