ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਤੇ ਖਪਤਕਾਰਾਂ ਵੱਲੋਂ ਮਹਾਪੰਚਾਇਤ
ਕੁਲਦੀਪ ਸਿੰਘ
ਚੰਡੀਗੜ੍ਹ, 25 ਦਸੰਬਰ
ਯੂਟੀ ਚੰਡੀਗੜ੍ਹ ਦੇ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤੇ ਜਾਣ ਦੇ ਫ਼ੈਸਲੇ ਖ਼ਿਲਾਫ਼ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਸਿਟੀ ਐਂਪਲਾਈਜ਼ ਐਂਡ ਇੰਜਨੀਅਰਜ਼ ਦੇ ਬੈਨਰ ਹੇਠ ਅੱਜ ਸੈਕਟਰ 28-ਬੀ ਸਥਿਤ ਰਾਮਲੀਲਾ ਗਰਾਊਂਡ ਵਿੱਚ ਯੂਟੀ ਪਾਵਰਮੈਨ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਨਿੱਜੀਕਰਨ ਵਿਰੁੱਧ ਮਹਾਪੰਚਾਇਤ ਕੀਤੀ ਗਈ। ਚੰਡੀਗੜ੍ਹ ਨਗਰ ਨਿਗਮ ਮੇਅਰ ਕੁਲਦੀਪ ਕੁਮਾਰ ਆਪਣੇ ਅੱਧੀ ਦਰਜਨ ਕੌਂਸਲਰਾਂ ਸਮੇਤ ਪੰਚਾਇਤ ਵਿੱਚ ਪੁੱਜੇ। ਨਿੱਜੀਕਰਨ ਖ਼ਿਲਾਫ਼ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਕਾਂਗਰਸ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਅਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢਿੱਲੋਂ ਵੀ ਪੁੱਜੇ ਅਤੇ ਨਿੱਜੀਕਰਨ ਖ਼ਿਲਾਫ਼ ਸੰਘਰਸ਼ ਵਿੱਚ ਹਰ ਸੰਭਵ ਮੱਦਦ ਦੇਣ ਦਾ ਐਲਾਨ ਕੀਤਾ। ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਬੀਜੂ ਕ੍ਰਿਸ਼ਨਨ ਨੇ ਵੀ ਬਿਜਲੀ ਮਹਾਪੰਚਾਇਤ ਵਿੱਚ ਪਹੁੰਚ ਕੇ ਨਿੱਜੀਕਰਨ ਦਾ ਸਖ਼ਤ ਵਿਰੋਧ ਕੀਤਾ ਅਤੇ ਅੰਦੋਲਨ ਦਾ ਸਮਰਥਨ ਕੀਤਾ।
ਮਹਾਪੰਚਾਇਤ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੀਤਾ ਗਿਆ ਕਿ ਬਿਜਲੀ ਵਿਭਾਗ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਕਿਸੇ ਵੀ ਕੀਮਤ ’ਤੇ ਨਿੱਜੀ ਕੰਪਨੀ ਹਵਾਲੇ ਨਹੀਂ ਕਰਨ ਦਿੱਤਾ ਜਾਵੇਗਾ। ਕੌਮੀ ਤਾਲਮੇਲ ਕਮੇਟੀ ਵੱਲੋਂ ਇਲੈਕਟ੍ਰੀਸਿਟੀ ਐਂਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਸੁਭਾਸ਼ ਲਾਂਬਾ ਨੇ ਐਲਾਨ ਕੀਤਾ ਕਿ ਜਨਤਕ ਸੰਪਤੀ ਵਿਕਣ ਨਹੀਂ ਦਿੱਤੀ ਜਾਵੇਗੀ ਤੇ ਨਿੱਜੀਕਰਨ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 31 ਦਸੰਬਰ ਨੂੰ ਸਾਰੇ ਰਾਜਾਂ ਦੇ ਬਿਜਲੀ ਮੁਲਾਜ਼ਮ ਦੁਪਹਿਰ 12 ਤੋਂ 1 ਵਜੇ ਤੱਕ ਕੰਮ ਠੱਪ ਕਰਨਗੇ ਅਤੇ ਨਿੱਜੀਕਰਨ ਵਿਰੁੱਧ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਰਾਜ ਭਵਨ ਵੱਲ ਮਾਰਚ ਕਰਨਗੇ।
ਮਹਾਪੰਚਾਇਤ ਵਿੱਚ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ, ਸਾਧੂ ਸਿੰਘ ਸਾਰੰਗਪੁਰ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।
ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਕਾਂਗਰਸ ਦੀ ਭੁੱਖ ਹੜਤਾਲ ਜਾਰੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ):
ਚੰਡੀਗੜ੍ਹ ਕਾਂਗਰਸ ਵੱਲੋਂ ਬਿਜਲੀ ਵਿਭਾਗ ਦੇ ਨਿੱਜੀਕਰਨ ਵਿਰੁੱਧ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਅੱਜ ਅੱਠਵੇਂ ਦਿਨ ਵੀ ਜਾਰੀ ਰਹੀ। ਅੱਜ ਅੱਠਵੇਂ ਦਿਨ ਸੈਕਟਰ-48 ਤੋਂ 51 ਤੱਕ ਦੀ ਸਹਿਕਾਰੀ ਹਾਊਸਿੰਗ ਸੁਸਾਇਟੀ ਦੇ ਵਸਨੀਕ ਸੰਜੀਵ ਸ਼ਰਮਾ, ਮੀਨਾਕਸ਼ੀ ਚੌਧਰੀ, ਦਵਿੰਦਰ ਗੁਪਤਾ, ਸੁਦਰਸ਼ਨ ਬੱਬਲ, ਜਜੀਰ ਸਿੰਘ, ਸ਼ਾਲਿਨੀ ਬਾਗੜੀ, ਸੁਸ਼ੀਲ ਛਾਬੜਾ, ਸੁਰਿੰਦਰ ਸ਼ਰਮਾ, ਸੁਭਾਸ਼ ਛਾਬੜਾ, ਕਿਰਤੀ ਡੋਵਾਲ, ਸੁਰਿੰਦਰ ਨਾਰੰਗ ਤੇ ਸੁਰੇਸ਼ ਸ਼ਰਮਾ ਸੈਕਟਰ-22 ਵਿਖੇ ਸਥਿਤ ਨਹਿਰੂ ਪਾਰਕ ਅੱਗੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਹਾਊਸਿੰਗ ਸੁਸਾਇਟੀਆਂ ਵਾਸੀਆਂ ਨੇ ਵੀ ਬਿਜਲੀ ਵਿਭਾਗ ਦੇ ਨਿੱਜੀਕਰਨ ਦਾ ਵਿਰੋਧ ਕੀਤਾ। ਉਨ੍ਹਾਂ ਨੇ ਬਿਜਲੀ ਵਿਭਾਗ ਦੇ ਨਿੱਜੀਕਰਨ ਹੋਣ ਨਾਲ ਬਿਜਲੀ ਦੀਆਂ ਕੀਮਤਾਂ ਵਧਣ ਦਾ ਖਦਸ਼ਾ ਜਤਾਇਆ।