ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਮੁਜ਼ਾਹਰਾ
ਦਰਸ਼ਨ ਸਿੰਘ ਸੋਢੀ
ਐੱਸ ਏ ਐਸ ਨਗਰ (ਮੁਹਾਲੀ), 9 ਦਸੰਬਰ
ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ (ਟੀਐੱਸਯੂ) ਵੱਲੋਂ ਸਰਕਲ ਪ੍ਰਧਾਨ ਗੁਰਬਖ਼ਸ਼ ਸਿੰਘ ਦੀ ਪ੍ਰਧਾਨਗੀ ਅੱਜ ਇੱਥੇ ਪੰਜਾਬ ਤੇ ਕੇਂਦਰ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਯੂਟੀ ਪ੍ਰਸ਼ਾਸਨ ਵੱਲੋਂ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਨਿੱਜੀ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਦੇ ਪਾਵਰਕੌਮ ਮੁਲਾਜ਼ਮ ਆਪਣੇ ਰੁਜ਼ਗਾਰ ਦੀ ਰਾਖੀ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟੀਐੱਸਯੂ ਮੁਹਾਲੀ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਮੁਹਾਲੀ ਅਤੇ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ (ਟਰਾਂਸਕੋ ਅਤੇ ਪਾਵਰਕੌਮ) ਵੱਲੋਂ ਟੀਐਸਯੂ ਦੇ ਸੱਦੇ ’ਤੇ ਅੱਜ ਯੂਟੀ ਮੁਲਾਜ਼ਮਾਂ ਦੇ ਹੱਕ ਵਿੱਚ ਰੈਲੀਆਂ ਕੀਤੀਆਂ ਅਤੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ। ਜਥੇਬੰਦੀ ਦੇ ਸਲਾਹਕਾਰ ਲੱਖਾ ਸਿੰਘ ਨੇ ਮੰਗ ਕੀਤੀ ਕਿ ਸਮੂਹਿਕ ਰੈਗੂਲਰ ਅਤੇ ਆਊਟ ਸੋਰਸਿੰਗ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਉਜਰਤ ਕਾਨੂੰਨ 1948 ਮੁਤਾਬਕ 15ਵੀਂ ਲੇਬਰ 1957 ਦੀਆਂ ਸਿਫ਼ਾਰਸ਼ਾਂ ਨੂੰ ਸ਼ਾਮਲ ਕਰਕੇ ਤਨਖ਼ਾਹ ਨਿਸ਼ਚਤ ਕੀਤੀ ਜਾਵੇ, ਬਿਜਲੀ ਐਕਟ 2003 ਅਤੇ 2022 ਰੱਦ ਕੀਤੇ ਜਾਣ, ਨਵੇਂ ਲੇਬਰ ਕੋਡ ਰੱਦ ਕਰਕੇ ਪਹਿਲਾਂ ਤੈਅ ਲੇਬਰ ਕਾਨੂੰਨ ਬਹਾਲ ਕੀਤੇ ਜਾਣ, ਦਿਹਾੜੀ 8 ਘੰਟੇ ਤੋਂ 12 ਘੰਟੇ ਕਰਨ ਦਾ ਨੋਟੀਫ਼ਿਕੇਸ਼ਨ ਰੱਦ ਕੀਤਾ ਜਾਵੇ, ਪ੍ਰੋਬੇਸ਼ਨ ਪੀਰੀਅਡ ਪਹਿਲਾਂ ਵਾਂਗ ਛੇ ਮਹੀਨੇ ਅਤੇ ਪੂਰੀ ਤਨਖ਼ਾਹ ਸਕੇਲ ’ਤੇ ਜਾਰੀ ਕੀਤਾ ਜਾਵੇ।
ਖਰੜ (ਸਸ਼ੀਪਾਲ ਜੈਨ): ਸਟੇਟ ਕਮੇਟੀ ਪੰਜਾਬ ਦੇ ਸੱਦੇ ’ਤੇ ਖਰੜ ਡਿਵੀਜ਼ਨ ਦਫ਼ਤਰ ਅੱਗੇ ਬਿਜਲੀ ਮੁਲਾਜ਼ਮਾਂ ਵੱਲੋਂ ਸਾਂਝੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਅਤੁਲ ਸੁਡਾਨਾ, ਦਵਿੰਦਰ ਸਿੰਘ, ਰਣਬੀਰ ਸਿੰਘ ਅਤੇ ਰੰਜੂ ਬਾਲਾ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਰੋਸ ਧਰਨੇ ਨੂੰ ਮੋਹਣ ਸਿੰਘ, ਸੋਮਨਾਥ, ਤਰਨਜੀਤ ਸਿੰਘ, ਦਵਿੰਦਰ ਸਿੰਘ, ਜਗਦੀਪ ਸਿੰਘ, ਨਿਰਮਲ ਸਿੰਘ, ਗਗਨ ਰਾਣਾ, ਗੁਰਦੀਪ ਸਿੰਘ ਤੇ ਰਣਜੀਤ ਸਿੰਘ ਢਿੱਲੋਂ ਨੇ ਸੰਬੋਧਨ ਕੀਤਾ।