ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਡੱਲਾ ਦੀ ਚੋਣ
ਨੇੜਲੇ ਦੋ ਪਿੰਡਾਂ ਡੱਲਾ ਤੇ ਨਵਾਂ ਡੱਲਾ ਦੀ ਸਾਂਝੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਵਿੱਚ ਅੱਜ ਗਿਆਰਾਂ ਮੈਂਬਰ ਚੁਣੇ ਗਏ। ਇਨ੍ਹਾਂ ਵਿੱਚੋਂ ਛੇ ਮੈਂਬਰ ਮਾਰਕੀਟ ਕਮੇਟੀ ਹਠੂਰ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਸਰਪੰਚ ਚੰਦ ਸਿੰਘ ਡੱਲਾ ਧੜੇ ਦੇ ਹਨ। ਇਨ੍ਹਾਂ ਵਿੱਚ ਸਾਬਕਾ ਚੇਅਰਮੈਨ ਚੰਦ ਸਿੰਘ ਦੀ ਪਤਨੀ ਮਨਜਿੰਦਰ ਕੌਰ ਵੀ ਸ਼ਾਮਲ ਹਨ। ਇਸ ਧੜੇ ਦੇ ਬਾਕੀ ਮੈਂਬਰਾਂ ਵਿੱਚ ਇੰਦਰਜੀਤ ਸਿੰਘ ਬਿੱਟੂ, ਧਰਮ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ ਫੌਜੀ, ਸਾਬਕਾ ਸਰਪੰਚ ਗੁਰਦੀਪ ਸਿੰਘ ਨਵਾਂ ਡੱਲਾ ਹਨ। ਦੂਜੇ ਧੜੇ ਦੇ ਜਿਹੜੇ ਮੈਂਬਰ ਚੋਣ ਜਿੱਤੇ ਹਨ ਉਨ੍ਹਾਂ ਵਿੱਚ ਜਗਮੋਹਨ ਸਿੰਘ, ਗੁਰਚਰਨ ਸਿੰਘ, ਤੱਗੜ ਸਿੰਘ, ਹਰਦੀਪ ਸਿੰਘ, ਹਰਜਿੰਦਰ ਕੌਰ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿੰਡ ਦੇ ਸਰਪੰਚ ਦੀ ਚੋਣ ਨੂੰ ਲੈ ਕੇ ਇਹ ਪਿੰਡ ਚਰਚਾ ਵਿੱਚ ਰਿਹਾ। ਸਰਪੰਚ ਦੀ ਚੋਣ ਰੱਦ ਕਰਨ ਤੋਂ ਬਾਅਦ ਮਾਮਲਾ ਹਾਈ ਕੋਰਟ ਤੱਕ ਗਿਆ। ਉਸ ਤੋਂ ਬਾਅਦ ਹਾਕਮ ਧਿਰ ਆਮ ਆਦਮੀ ਪਾਰਟੀ ਨਾਲ ਸਬੰਧਤ ਨੌਜਵਾਨ ਗੋਪਾਲ ਸਿੰਘ ਪਾਲੀ ਡੱਲਾ ਸਰਪੰਚ ਦੀ ਚੋਣ ਜਿੱਤ ਗਏ ਜਦਕਿ ਸਾਹਮਣੇ ਮੁਕਾਬਲੇ ਵਿੱਚ ਖੜ੍ਹੇ ਚੰਦ ਸਿੰਘ ਡੱਲਾ ਚੋਣ ਹਾਰ ਗਏ ਸਨ। ਹੁਣ ਕੁਝ ਦਿਨਾਂ ਬਾਅਦ ਹੀ ਚੰਦ ਸਿੰਘ ਡੱਲਾ ਨਾ ਸਿਰਫ ਆਪਣੀ ਪਤਨੀ ਨੂੰ ਚੋਣ ਜਿਤਾਉਣ ਵਿੱਚ ਸਫ਼ਲ ਹੋਏ ਸਗੋਂ ਕੁੱਲ ਛੇ ਮੈਂਬਰਾਂ ਦੇ ਜਿੱਤਣ ਕਰਕੇ ਗਿਆਰਾਂ ਮੈਂਬਰੀ ਸਹਿਕਾਰੀ ਸਭਾ ਵਿੱਚ ਉਨ੍ਹਾਂ ਦੇ ਧੜੇ ਦਾ ਪ੍ਰਧਾਨ ਬਣਨ ਦੇ ਆਸਾਰ ਹਨ। ਪ੍ਰਧਾਨ ਦੀ ਚੋਣ ਪੰਦਰਾਂ ਦਿਨਾਂ ਬਾਅਦ ਹੋਵੇਗੀ।