ਬਮਿਆਲ ਸੈਕਟਰ ਵਿੱਚ ਡਰੋਨ ਦੀ ਹਲਚਲ ਮਗਰੋਂ ਤਲਾਸ਼ੀ ਮੁਹਿੰਮ
ਐੱਨਪੀ. ਧਵਨ
ਪਠਾਨਕੋਟ, 5 ਜਨਵਰੀ
ਪਾਕਿਸਤਾਨ ਦੇ ਅੰਤਰਰਾਸ਼ਟਰੀ ਬਾਰਡਰ ਨਾਲ ਲੱਗਦੇ ਬਮਿਆਲ ਸੈਕਟਰ ਅੰਦਰ ਬੀਤੀ ਰਾਤ ਡਰੋਨ ਦੀ ਹਲਚਲ ਦੇਖਣ ਦੀ ਘਟਨਾ ਸਾਹਮਣੇ ਆਈ ਹੈ, ਜੋ ਕਿ ਬਾਰਡਰ ਤੋਂ ਕਰੀਬ ਡੇਢ ਕਿਲੋਮੀਟਰ ਮੰਝੀਰੀ ਜੱਟਾਂ ਵਿੱਚ ਇੱਕ ਸਥਾਨਕ ਵਿਅਕਤੀ ਵੱਲੋਂ ਰਾਤ ਨੂੰ 8 ਵਜੇ ਦੇ ਕਰੀਬ ਡਰੋਨ ਦੀ ਹਰਕਤ ਦੇਖੀ ਗਈ। ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਬੀਐੱਸਐੱਫ ਵੱਲੋਂ ਸਾਂਝੇ ਤੌਰ ’ਤੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ ਕੋਈ ਵੀ ਸ਼ੱਕੀ ਸਰਚ ਅਭਿਆਨ ਦੌਰਾਨ ਨਹੀਂ ਮਿਲੀ। ਜਾਣਕਾਰੀ ਅਨੁਸਾਰ ਪਿੰਡ ਵਾਸੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਸ਼ਨਿਚਰਵਾਰ ਰਾਤ ਨੂੰ 8 ਵਜੇ ਦੇ ਕਰੀਬ ਆਪਣੇ ਘਰ ਬੈਠਾ ਸੀ ਕਿ ਉਨ੍ਹਾਂ ਦੇ ਘਰ ਦੇ ਬਿਲਕੁਲ ਉਪਰੋਂ ਇਕ ਡਰੋਨ ਆਉਂਦਾ ਦੇਖਿਆ ਗਿਆ। ਉਸ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਡਰੋਨ ਦਾ ਪਿੱਛਾ ਕੀਤਾ ਗਿਆ। ਡਰੋਨ ਪਿੰਡ ਦੇ ਨੇੜੇ ਜੰਗਲ ਵੱਲ ਗਿਆ ਅਤੇ ਕਾਫੀ ਦੇਰ ਤੱਕ ਵਾਪਸ ਨਾ ਆਇਆ। ਸੂਚਨਾ ਤੋਂ ਬਾਅਦ ਪੁਲੀਸ ਨੇ ਰਾਤ ਨੂੰ ਹੀ ਉਕਤ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਅਤੇ ਦਿਨ ਚੜ੍ਹਦੇ ਹੀ ਪੁਲੀਸ ਨੇ ਬੀਐੱਸਐੱਫ ਨਾਲ ਮਿਲ ਕੇ ਸਾਂਝੇ ਤੌਰ ’ਤੇ ‘ਸਰਚ ਅਪਰੇਸ਼ਨ’ ਮੁਹਿੰਮ ਸ਼ੁਰੂ ਕਰ ਦਿੱਤੀ। ਹਾਲਾਂਕਿ ਇਸ ਦੌਰਾਨ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਥਾਣਾ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਰਾਤ ਵੇਲੇ ਹੀ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਸੀ ਅਤੇ ਅੱਜ ਸਵੇਰੇ ਪੁਲੀਸ, ਘਾਤਕ ਕਮਾਂਡੋਜ਼, ਬੀਐੱਸਐੱਫ ਅਤੇ ਫੌਜ ਦੇ ਜਵਾਨਾਂ ਨੂੰ ਨਾਲ ਲੈ ਕੇ ਸਰਚ ਅਭਿਆਨ ਚਲਾਇਆ ਗਿਆ। ਉਨ੍ਹਾਂ ਵੱਲੋਂ ਸਾਰੀ ਸਥਿਤੀ ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਸੰਬਰ ਮਹੀਨੇ ਵਿੱਚ ਵੀ ਮਾਖਣਪੁਰ ਅਤੇ ਅਖਵਾੜਾ ਪਿੰਡਾਂ ਵਿੱਚ 2 ਵਾਰ ਡਰੋਨ ਦੀ ਪਿੰਡ ਵਾਸੀਆਂ ਵੱਲੋਂ ਹਲਚਲ ਦੇਖਣ ਨੂੰ ਮਿਲੀ ਸੀ। ਜਿਸ ’ਤੇ 2 ਕਿਲੋ ਹੈਰੋਇਨ ਵੀ ਬਰਾਮਦ ਹੋਈ ਸੀ। ਹੁਣ ਮੁੜ ਸੰਘਣੀ ਧੁੰਦ ਸ਼ੁਰੂ ਹੋਈ ਹੈ ਤਾਂ ਫਿਰ ਡਰੋਨ ਦੀ ਹਲਚਲ ਹੋਣੀ ਸ਼ੁਰੂ ਹੋ ਗਈ ਹੈ।
ਡਰੋਨ ਤੇ ਹੈਰੋਇਨ ਬਰਾਮਦ
ਤਰਨ ਤਾਰਨ (ਗੁਰਬਖਸ਼ਪੁਰੀ): ਬੀਤੀ ਸ਼ਾਮ ਸਰਹੱਦੀ ਖੇਤਰ ਦੇ ਪਿੰਡ ਡੱਲ ਦੇ ਕਿਸਾਨ ਅੰਗਰੇਜ਼ ਸਿੰਘ ਦੇ ਖੇਤਾਂ ਦੀ ਥਾਣਾ ਖਾਲੜਾ ਦੀ ਪੁਲੀਸ ਅਤੇ ਬੀਐੱਸਐੱਫ਼ ਵੱਲੋਂ ਕੀਤੇ ਗਏ ਸਾਂਝੇ ਸਰਚ ਅਪਰੇਸ਼ਨ ਦੌਰਾਨ 1.023 ਕਿਲੋ ਹੈਰੋਇਨ ਅਤੇ ਇਕ ਡੋਰਨ ਬਰਾਮਦ ਕੀਤਾ ਗਿਆ। ਬੀਐੱਸਐੱਫ ਨੇ ਇਸ ਸਬੰਧੀ ਅੱਜ ਇਥੇ ਦੱਸਿਆ ਕਿ ਇਹ ਸਮੱਗਰੀ ਪਾਕਿਸਤਾਨ ਤੋਂ ਆਏ ਡਰੋਨ ਰਾਹੀਂ ਇੱਧਰ ਦੇ ਨਸ਼ਾ ਸਮਗਲਰਾਂ ਨੇ ਮੰਗਵਾਈ ਹੈ ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ| ਥਾਣਾ ਖਾਲੜਾ ਦੀ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕੀਤਾ ਹੈ।