ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਦਲਦੇ ਦੌਰ ’ਚ ਖ਼ਾਨ ਤਿੱਕੜੀ

04:07 AM Apr 05, 2025 IST
Jamnagar, Mar 3 (ANI): Bollywood actors Salman Khan, Shah Rukh Khan and Aamir Khan perform during the pre-wedding festivities of Reliance Industries Chairman Mukesh Ambani's son Anant Ambani and Industrialist Viren Merchant's daughter Radhika Merchant, in Jamnagar on Saturday. (ANI Photo)

ਜਹਾਨ ਸਿੰਘ ਬਖ਼ਸ਼ੀ
ਹਿੰਦੀ ਸਿਨੇਮਾ ਦੇ ਸੁਪਰ-ਸਟਾਰ ਅਮਿਤਾਭ ਬੱਚਨ ਸਾਹਵੇਂ 1990ਵਿਆਂ ਦੇ ਮੱਧ ਤੋਂ ਲੈ ਕੇ ਅੰਤ ਦੌਰਾਨ ਇੱਕ ਅਜਿਹਾ ਸਮਾਂ ਆ ਗਿਆ ਸੀ, ਜਦੋਂ ਉਹ ਅਜੀਬ ਕਿਸਮ ਦੇ ਮਾੜੇ ਹਾਲਾਤ ’ਚ ਘਿਰ ਗਿਆ ਸੀ। ਦਰਅਸਲ, ਐਂਗਰੀ ਯੰਗ ਮੈਨ ਦੀ ਸਾਖ਼ ਦਾ ਆਨੰਦ ਮਾਣਦਾ ਰਿਹਾ ਅਮਿਤਾਭ ਤਦ ਨੌਜਵਾਨ ਨਹੀਂ ਸੀ ਰਿਹਾ ਅਤੇ ਉਸ ਨੂੰ ਆਪਣੇ ਕਰੀਅਰ ਦਾ ਪਤਨ ਹੁੰਦਾ ਵਿਖਾਈ ਦੇ ਰਿਹਾ ਸੀ ਕਿਉਂਕਿ ਉਸ ਦੀਆਂ ਕਈ ਫਿਲਮਾਂ ਚੱਲੀਆਂ ਨਹੀਂ ਸਨ। ਇਸੇ ਲਈ ਤਦ ਉਸ ਨੂੰ ਕੰਮ ਮਿਲਣਾ ਵੀ ਬੰਦ ਹੋ ਗਿਆ ਸੀ ਤੇ ਆਪਣੀ ਪ੍ਰੋਡਕਸ਼ਨ ਕੰਪਨੀ ‘ਏਬੀਸੀਐੱਲ ਲਿਮਿਟੇਡ’ ਦੇ ਘਾਟੇ ’ਚ ਜਾਣ ਕਾਰਨ ਉਸ ਨੂੰ ਕਰੋੜਾਂ ਦੇ ਘਾਟੇ ਦਾ ਸਾਹਮਣਾ ਕਰਨਾ ਪਿਆ ਸੀ। ਪਰ ਫਿਰ 2000 ’ਚ ਉਹ ਇੱਕ ਨਵੇਂ ਰੂਪ ਵਿੱਚ ਦਰਸ਼ਕਾਂ ਦੇ ਰੂ-ਬ-ਰੂ ਹੋਇਆ। ਚਾਂਦੀ ਰੰਗੀ ਫਰੈਂਚ ਦਾੜ੍ਹੀ ਤੇ ਆਪਣੀ ਗੰਭੀਰ ਕਿਸਮ ਦੀ ਭਾਰੀ ਆਵਾਜ਼ ਨਾਲ ਅਮਿਤਾਭ ਬੱਚਨ ਨੇ ਵੱਡੇ ਭਰਾ ਤੇ ਪਿਤਾ ਦੇ ਰੋਲ ਕਰਨੇ ਸ਼ੁਰੂ ਕਰ ਦਿੱਤੇ। ਆਮ ਜ਼ਿੰਦਗੀ ’ਚ ਵੀ ਉਹ ਵੱਡੀ ਉਮਰ ਦੇ ਸਟੇਟਸਮੈਨ ਵਜੋਂ ਵਿਚਰਨ ਲੱਗਿਆ। ਆਪਣੀ ਗੰਭੀਰ ਮੁਦਰਾ ’ਚ ਜਿੱਥੇ ਉਸ ਨੇ ਟੀਵੀ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਦੀ ਸ਼ਾਨਦਾਰ ਮੇਜ਼ਬਾਨੀ ਕੀਤੀ, ਉੱਥੇ ਉਸ ਨੇ ‘ਮੁਹੱਬਤੇਂ’ (2000), ‘ਕਭੀ ਖ਼ੁਸ਼ੀ ਕਭੀ ਗ਼ਮ’ (2001) ਅਤੇ ‘ਬਾਗ਼ਬਾਨ’ (2003) ’ਚ ਆਪਣੀ ਗੰਭੀਰ ਕਿਸਮ ਦੀ ਅਦਾਕਾਰੀ ਨਾਲ ਆਪਣੀ ਕਲਾ ਦਾ ਲੋਹਾ ਮਨਵਾਇਆ।
ਤਦ ਅਮਿਤਾਭ ਬੱਚਨ ਆਪਣੀ ਉਮਰ ਦੇ ਉਸੇ ਪੜਾਅ ’ਚੋਂ ਲੰਘ ਰਿਹਾ ਸੀ; ਜਿਸ ’ਚੋਂ ਇਸ ਵੇਲੇ ਆਮਿਰ, ਸ਼ਾਹਰੁਖ਼ ਅਤੇ ਸਲਮਾਨ ਭਾਵ ਤਿੰਨੇ ਖ਼ਾਨ ਅਦਾਕਾਰਾਂ ਦੀ ਤਿੱਕੜੀ ਲੰਘ ਰਹੀ ਹੈ। ਅਮਿਤਾਭ ਬੱਚਨ ਤਦ ਪਿਤਾ ਦੇ ਰੋਲ ਕਰਨ ਲੱਗ ਪਿਆ ਸੀ। 60 ਸਾਲ ਦੀ ਉਮਰ ਦੇ ਪੜਾਅ ’ਤੇ ਪੁੱਜਦਿਆਂ ਇਸ ਤਿੱਕੜੀ ਦੀ ਉਮਰ ਹੁਣ ਚਿਹਰੇ ਤੋਂ ਝਲਕਣ ਲੱਗ ਪਈ ਹੈ, ਪਰ ਉਹ ਸਕਰੀਨ ’ਤੇ ਖ਼ੁਦ ਨੂੰ ਹਾਲੇ ਵੀ ਜਵਾਨ ਵਿਖਾਉਣ ਤੇ ਦਰਸਾਉਣ ਦੀ ਜ਼ਿੱਦ ਫੜੀ ਬੈਠੇ ਹਨ। ਵੀਐੱਫਐਕਸ ਦੀ ਮਦਦ ਨਾਲ ਉਨ੍ਹਾਂ ਦੀ ਉਮਰ ਘੱਟ ਵਿਖਾ ਦਿੱਤੀ ਜਾਂਦੀ ਹੈ ਕਿ ਤਾਂ ਜੋ ਉਹ ਆਪਣੇ ਸਾਥੀ ਕਲਾਕਾਰਾਂ ਵਾਂਗ ਨੌਜਵਾਨ ਜਾਪਣ।
ਸਾਡੇ ਵਰਗੇ 1990ਵਿਆਂ ਦੌਰਾਨ ਪਰਿਪੱਕ ਹੋਣ ਵਾਲਿਆਂ ਲਈ ਇਹ ਤਿੰਨੇ ਖ਼ਾਨ ਮਹਿਜ਼ ਅਦਾਕਾਰ ਹੀ ਨਹੀਂ ਸਨ, ਉਹ ਬੌਲੀਵੁੱਡ ਦੀ ਜਿੰਦ-ਜਾਨ ਹੁੰਦੇ ਸਨ ਤੇ ਉਹ ਆਪਣਾ ਖ਼ੁਦ ਦਾ ਸੱਭਿਆਚਾਰ ਸਿਰਜਣ ਦੀ ਤਾਕਤ ਰੱਖਦੇ ਸਨ। ਉਸ ਵੇਲੇ ਉਹ ਸਕਰੀਨ ’ਤੇ ਹਰੇਕ ਰੋਲ ਮੁਤਾਬਕ ਢਲਦੇ ਦਿਸਦੇ ਸਨ। ਸਲਮਾਨ ਖ਼ਾਨ ਹੁਣ ਪੱਠੇਦਾਰ ਸਰੀਰ ਤੇ ਬਹਾਦਰੀ ਦਾ ਪ੍ਰਤੀਕ ਬਣ ਚੁੱਕਿਆ ਹੈ। 1990ਵਿਆਂ ਦੌਰਾਨ ਉਹ ‘ਮੈਂਨੇ ਪਿਆਰ ਕੀਆ’ (1989) ਅਤੇ ‘ਹਮ ਆਪਕੇ ਹੈਂ ਕੌਨ’ (1994) ਜਿਹੀਆਂ ਫਿਲਮਾਂ ’ਚ ਰੁਮਾਂਟਿਕ ਭੂਮਿਕਾਵਾਂ ਨਿਭਾਉਂਦਾ ਹੋਇਆ ਬਿਲਕੁਲ ਕਿਸੇ ਚੁਲਬੁਲੇ ਕਿਸਮ ਦੇ ਨੌਜਵਾਨ ਲੜਕੇ ਵਾਂਗ ਵਿਖਾਈ ਦਿੰਦਾ ਸੀ। ਆਮਿਰ ਖ਼ਾਨ ਨੇ ਫਿਲਮ ਉਦਯੋਗ ’ਚ ‘ਪਰਫੈਕਸ਼ਨਿਸਟ’ ਭਾਵ ਹਰ ਪੱਖੋਂ ਸੰਪੂਰਨ ਬਣਨ ਤੋਂ ਪਹਿਲਾਂ ਬਹੁਤ ਸੰਤੁਲਿਤ ਜਿਹੇ ਢੰਗ ਨਾਲ ‘ਦਿਲ ਹੈ ਕਿ ਮਾਨਤਾ ਨਹੀਂ’ (1991) ਅਤੇ ‘ਰੰਗੀਲਾ’ (1995) ਵਰਗੀਆਂ ਰੁਮਾਂਟਿਕ ਫਿਲਮਾਂ ਕੀਤੀਆਂ ਸਨ; ਜਿਨ੍ਹਾਂ ’ਚ ਉਹ ਸ਼ਹਿਰ ਦੇ ਇੱਕ ਆਮ ਵਿਅਕਤੀ ਵਾਂਗ ਵਿਚਰਦਾ ਵਿਖਾਈ ਦਿੰਦਾ ਹੈ। ਇਸੇ ਤਰ੍ਹਾਂ ਸ਼ਾਹਰੁਖ਼ ਖ਼ਾਨ ਨੇ ‘ਰੁਮਾਂਸ ਦਾ ਕਿੰਗ’ ਦਾ ਦਰਜਾ ਹਾਸਲ ਕਰਨ ਤੋਂ ਪਹਿਲਾਂ ਦੂਰਦਰਸ਼ਨ ਦੇ ਲੜੀਵਾਰ ਨਾਟਕਾਂ ਤੋਂ ਅਚਾਨਕ ਹੀ ਫਿਲਮਾਂ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਅਨੇਕ ਕਿਸਮ ਦੇ ਬੇਮੇਲ ਜਿਹੇ ਰੋਲ ਵੀ ਕੀਤੇ, ਪਰ ਉਹ ਸਭ ਨੂੰ ਜਚੇ। ‘ਕਭੀ ਹਾਂ ਕਭੀ ਨਾ’ ਅਤੇ ‘ਡੁਪਲੀਕੇਟ’ ਅਤੇ ਸਨਕੀ ਕਿਸਮ ਦੇ ਐਂਟੀ-ਹੀਰੋ ਵਾਲੇ ਰੋਲ (‘ਬਾਜ਼ੀਗਰ’ ਅਤੇ ‘ਡਰ’) ਇਸ ਦੀ ਮਿਸਾਲ ਹਨ।
21ਵੀਂ ਸਦੀ ਦੇ ਪਹਿਲੇ ਦਹਾਕੇ ਦੇ ਅਰੰਭ ’ਚ ਇਸ ਖ਼ਾਨ ਤਿੱਕੜੀ ਨੇ ਆਪਣੇ ਆਪ ਨੂੰ ਬੌਲੀਵੁੱਡ ’ਚ ਪੂਰੀ ਤਰ੍ਹਾਂ ਸਥਾਪਤ ਕਰ ਲਿਆ ਸੀ। ਸ਼ਾਹਰੁਖ਼ ਇੱਕ ਵਿਸ਼ਾਲ ਤੇ ਚੰਗੇ ਅਹਿਸਾਸ ਵਾਲੇ ਸਿਨੇਮਾ ਦਾ ਚਿਹਰਾ ਬਣ ਗਿਆ। ਉਸ ਨੇ ਯਸ਼ ਰਾਜ ਅਤੇ ਧਰਮਾ ਪ੍ਰੋਡਕਸ਼ਨਜ਼ ਦੇ ਬੈਨਰਾਂ ਹੇਠ ਵਧੇਰੇ ਫਿਲਮਾਂ ਕੀਤੀਆਂ। ਇਸ ਦੇ ਨਾਲ ਹੀ ਉਸ ਨੇ ਫਰਾਹ ਖ਼ਾਨ ਦੀਆਂ ‘ਮੈਂ ਹੂੰ ਨਾ’ (2004) ਅਤੇ ‘ਓਮ ਸ਼ਾਂਤੀ ਓਮ’ (2007) ਜਿਹੀਆਂ ਬੇਹੱਦ ਸਫ਼ਲ ਰਹੀਆਂ ਮਸਾਲਾ ਫਿਲਮਾਂ ਵੀ ਕੀਤੀਆਂ। ਆਮਿਰ ਖ਼ਾਨ ਨੇ ਬੌਲੀਵੁੱਡ ’ਚ ਆਪਣਾ ਇੱਕ ਚਿੰਤਕ, ਗੰਭੀਰ ਵਿਚਾਰਕ, ਸਮਾਜਿਕ ਤੌਰ ’ਤੇ ਜਾਗਰੂਕ, ਉਦੇਸ਼ਮੁਖੀ ਅਦਾਕਾਰ ਵਾਲਾ ਅਕਸ ਕਾਇਮ ਕੀਤਾ ਅਤੇ ‘ਲਗਾਨ’ (2001) ਅਤੇ ‘ਰੰਗ ਦੇ ਬਸੰਤੀ’ (2006) ਜਿਹੀਆਂ ਗ਼ੈਰ-ਰਵਾਇਤੀ ਫਿਲਮਾਂ ਨੂੰ ਵੀ ਕਾਮਯਾਬ ਬਣਾ ਕੇ ਵਿਖਾਇਆ। ਇਸੇ ਦੌਰਾਨ ਸਲਮਾਨ ਖ਼ਾਨ ਨੇ ਆਪਣਾ ਇੱਕ ਪ੍ਰੇਮੀ ਦਾ ਅਕਸ ਤਿਆਗ ਕੇ ਇੱਕ ਭਲੇ ਤੇ ਕਲਿਆਣਕਾਰੀ ‘ਬਦਮਾਸ਼’ ਭਾਵ ਮੁੰਬਈਆ ਬੋਲੀ ਅਨੁਸਾਰ ‘ਭਾਈ(ਜਾਨ)’ ਦੀਆਂ ਭੂਮਿਕਾਵਾਂ ਨਿਭਾਈਆਂ; ਜਿਨ੍ਹਾਂ ’ਚ ਲੜਾਈ-ਮਾਰਕੁੱਟ ਭਾਵ ਐਕਸ਼ਨ ਭਰਪੂਰ ਰੂਪ ਵਿੱਚ ਹੁੰਦਾ ਸੀ। ਇਸ ਲੜੀ ਵਿੱਚ ਉਸ ਦੀਆਂ ‘ਵਾਂਟੇਡ’ (2009) ਅਤੇ ‘ਦਬੰਗ’ (2010) ਜਿਹੀਆਂ ਫਿਲਮਾਂ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ।
2000ਵਿਆਂ ਦੌਰਾਨ ਬੌਲੀਵੁੱਡ ਕੁਝ ਵਧੇਰੇ ਹੀ ‘ਸਿਆਣਾ’ ਹੋ ਗਿਆ; ਜਿਸ ਕਾਰਨ ਉੱਥੇ ਕਾਰਪੋਰੇਟ ਸੱਭਿਆਚਾਰ ਭਾਰੂ ਹੋਣ ਲੱਗਾ। ਹੁਣ ਤੱਕ ਵੀ ਕਿਸੇ ਫਿਲਮ ਦਾ ਭਵਿੱਖ ਜ਼ਿਆਦਾਤਰ ਉਸ ਦੇ ਸਟਾਰ ਉਤੇ ਹੀ ਨਿਰਭਰ ਕਰਦਾ ਰਿਹਾ ਹੈ, ਘੱਟੋ-ਘੱਟ ਬਾਕਸ ਆਫ਼ਿਸ ਦੀ ਸ਼ੁਰੂਆਤ ’ਤੇ ਤਾਂ ਇਹੋ ਹੁੰਦਾ ਹੈ। ਹੀਰੋ ਹੀ ਮੁੱਖ ਤੌਰ ’ਤੇ ਕੇਂਦਰ ’ਚ ਬਣਿਆ ਰਹਿੰਦਾ ਹੈ, ਪਰ ਹੁਣ ਉਹ ਸਮੀਕਰਨ ਤਬਦੀਲ ਹੋਣੀ ਸ਼ੁਰੂ ਹੋ ਗਈ ਹੈ।
ਹੁਣ ਹਿੰਦੀ ਫਿਲਮ ਉਦਯੋਗ ’ਚ ਵੀ ਹੌਲੀਵੁੱਡ ਵਾਂਗ ਹੀ ਹੌਲੀ ਹੌਲੀ ਕੰਟੈਂਟ ਭਾਵ ਕਹਾਣੀ ਦਾ ਵਿਸ਼ਾ ਵਸਤੂ ਭਾਰੂ ਹੋਣ ਲੱਗ ਪਿਆ ਹੈ। ਇਸ ਨਵੇਂ ਰੁਝਾਨ ’ਚ ਕਿਸੇ ਫਿਲਮ ਦੀ ਸਫਲਤਾ ਕਿਸੇ ਖ਼ਾਸ ਸੁਪਰਸਟਾਰ ’ਤੇ ਨਹੀਂ, ਸਗੋਂ ਮੁੱਖ ਧਾਰਨਾਵਾਂ, ਫਰੈਂਚਾਈਜ਼ਸ ਤੇ ਬੌਧਿਕ ਸੰਪਤੀਆਂ ਉੱਤੇ ਨਿਰਭਰ ਕਰਦੀ ਹੈ। ‘ਪਠਾਨ’ ਅਤੇ ‘ਜਵਾਨ’ ਜਿਹੀਆਂ ਫਿਲਮਾਂ ਨੇ ਭਾਵੇਂ ਸ਼ਾਹਰੁਖ਼ ਲਈ ਵਿਸ਼ਾਲ ਭੀੜਾਂ ਖਿੱਚ ਲਈਆਂ ਸਨ, ਪਰ ‘ਗ਼ਦਰ 2’ ਅਤੇ ‘ਸਤ੍ਰੀ 2’ ਨੇ ਬਿਨਾਂ ਕਿਸੇ ਵਰਣਨਯੋਗ ਸਟਾਰ ਦੇ ਵਰਣਨਯੋਗ ਕਮਾਈ ਕਰ ਕੇ ਵਿਖਾਈ। ਹੁਣ ਦਰਸ਼ਕ ਪੋਸਟਰ ’ਤੇ ਕਿਸੇ ਸਟਾਰ ਦਾ ਚਿਹਰਾ ਵੇਖ ਕੇ ਫਿਲਮ ਵੇਖਣ ਲਈ ਨਹੀਂ ਜਾਂਦੇ; ਅਜਿਹੇ ਹਾਲਾਤ ’ਚ ਵੱਡੇ ਸਟਾਰ ਵੀ ਕਿਸੇ ਕਮਜ਼ੋਰ ਕੰਟੈਂਟ ਵਾਲੀ ਫਿਲਮ ਨੂੰ ਹਿੱਟ ਕਰਨ ਦੀ ਗਰੰਟੀ ਨਹੀਂ ਦੇ ਸਕਦੇ। ਹੁਣ ਫਿਲਮ ਦੀ ਕਾਮਯਾਬੀ ਲਈ ਮਜ਼ਬੂਤ ਕੰਟੈਂਟ ਦਾ ਹੋਣਾ ਬਹੁਤ ਜ਼ਰੂਰੀ ਹੋਣ ਲੱਗਾ ਹੈ।
ਅਜਿਹੀ ਤਬਦੀਲੀ ਕਈ ਕਾਰਨਾਂ ਕਰਕੇ ਹੋਣ ਲੱਗੀ ਹੈ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਮਹਾਨ ਸ਼ੁਹਰਤ ਖੱਟਣ ਵਾਲੇ ਸਿਤਾਰਿਆਂ ਨੂੰ ਆਮ ਲੋਕਾਂ ਦੇ ਨੇੜੇ ਲੈ ਆਂਦਾ ਹੈ। ਹੁਣ ਬਹੁਚਰਚਿਤ ਫਿਲਮੀ ਅਦਾਕਾਰਾਂ ਦੇ ਜੀਵਨ ਕੋਈ ਗੁੱਝਾ ਭੇਤ ਨਹੀਂ ਰਹੇ, ਸਗੋਂ ਉਨ੍ਹਾਂ ਬਾਰੇ ਹੁਣ ਸਾਰੇ ਸਭ ਕੁਝ ਜਾਣਦੇ ਹਨ। ਓਟੀਟੀ ਪਲੈਟਫਾਰਮਾਂ ਨੇ ਲੋਕਾਂ ਦੀਆਂ ਫਿਲਮਾਂ ਵੇਖਣ ਦਾ ਵਿਵਹਾਰ ਤੇ ਨਜ਼ਰੀਆ ਬਦਲ ਦਿੱਤਾ ਹੈ। ਉਹ ਹੁਣ ਸਿਨੇਮਾ ਘਰਾਂ ’ਚ ਜਾ ਕੇ ਫਿਲਮਾਂ ਦਾ ਆਨੰਦ ਮਾਣਨਾ ਬਹੁਤਾ ਪਸੰਦ ਨਹੀਂ ਕਰਦੇ। ਇਸੇ ਦੌਰਾਨ ਬੌਲੀਵੁੱਡ ਲਈ ਤਾਂ ਇਸ ਵੇਲੇ ਆਪਣੀ ਪਛਾਣ ਕਾਇਮ ਰੱਖਣ ਦਾ ਸੰਕਟ ਵੀ ਬਣਿਆ ਹੋਇਆ ਹੈ। ਹੁਣ ਕੋਈ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਯਕੀਨੀ ਤੌਰ ’ਤੇ ਇਹ ਨਹੀਂ ਆਖ ਸਕਦਾ ਕਿ ਦਰਸ਼ਕਾਂ ਨੂੰ ਇਸ ਵਾਰ ਕੀ ਪਸੰਦ ਆਉਣ ਵਾਲਾ ਹੈ। ਉੱਪਰੋਂ ਹੁਣ ਦੱਖਣੀ ਭਾਰਤ ਦੀਆਂ ਫਿਲਮਾਂ ਦਾ ਬੋਲਬਾਲਾ ਹੋਣ ਲੱਗਾ ਹੈ, ਜੋ ਆਮ ਦਰਸ਼ਕਾਂ ਦੇ ਹਿਰਦਿਆਂ ’ਚ ਡੂੰਘਾ ਹੁੰਦਾ ਜਾ ਰਿਹਾ ਹੈ। ਅਜਿਹੀਆਂ ਫਿਲਮਾਂ ਹੁਣ ਨਾ ਸਿਰਫ਼ ਬਾਕਸ ਆਫ਼ਿਸ ’ਤੇ ਰਾਜ ਕਰ ਰਹੀਆਂ ਹਨ, ਸਗੋਂ ਉਹ ਬੌਲੀਵੁੱਡ ਦੀ ਸਿਰਜਣਾਤਮਕ ਪਸੰਦ-ਨਾਪਸੰਦ ਨੂੰ ਇੱਕ ਨਵਾਂ ਰੂਪ ਵੀ ਦੇ ਰਹੀਆਂ ਹਨ।
ਆਪਣੀ ਖ਼ੁਦ ਦੀ ਸਿਨੇਮਾਈ ਆਵਾਜ਼ ਨੂੰ ਪਰਿਭਾਸ਼ਿਤ ਕਰਨ ਦੇ ਸੰਘਰਸ਼ ’ਚ ਹੁਣ ਫਿਲਮ ਉਦਯੋਗ ਵਰਤਮਾਨ ਰੁਝਾਨਾਂ ਦਾ ਪਿੱਛਾ ਕਰਦਾ ਹੀ ਦਿਸਦਾ ਹੈ; ਸੀਕੁਏਲ (ਇੱਕੋ ਜਿਹੇ ਵਿਸ਼ੇ ’ਤੇ ਲੜੀਵਾਰ) ਫਿਲਮਾਂ ਬਣਾ ਕੇ ਕਮਾਈ ਕਰਨ ਦਾ ਰੁਝਾਨ ਵਧ ਰਿਹਾ ਹੈ। ਇਸ ਤੋਂ ਇਲਾਵਾ ਕਿਸੇ ਕਾਮਯਾਬ ਫਿਲਮ ਦਾ ਸੀਕੁਏਲ ਹੁਣ ਕੁਝ ਇਸ ਢੰਗ ਨਾਲ ਬਣਾਇਆ ਜਾ ਰਿਹਾ ਹੈ ਕਿ ਉਹ ਆਪਣੀ ਪਿਛਲੀ ਫਿਲਮ ਦੇ ਮਾਹੌਲ ਵਰਗਾ ਤਾਂ ਹੁੰਦਾ ਹੈ, ਪਰ ਉਸ ਦੀ ਕਹਾਣੀ ਵੱਖਰੀ ਚੱਲਦੀ ਹੈ ਤੇ ਉਹ ਸੀਕੁਏਲ ਤੋਂ ਜ਼ਿਆਦਾ ਇੱਕ ਨਵੀਂ ਫਿਲਮ ਹੀ ਹੁੰਦੀ ਹੈ। ਹੁਣ ਆਪਸ ’ਚ ਜੁੜੇ ਬ੍ਰਹਿਮੰਡਾਂ ਦੀ ਗੱਲ ਹੋਣ ਲੱਗੀ ਹੈ। ਅਜਿਹੇ ਹਾਲਾਤ ’ਚ ਸ਼ਾਹਰੁਖ਼ ਖ਼ਾਨ ਅਤੇ ਸਲਮਾਨ ਖ਼ਾਨ- ਇੱਕ ਥਾਂ ਵਾਈਆਰਐੱਫ ਸਪਾਈ ਯੂਨੀਵਰਸ ’ਤੇ ਇਕੱਠੇ ਹੋਣ ਲੱਗੇ ਹਨ। ਇੰਝ ਪੁਰਾਣਾ ਸਟਾਰ ਯੁੱਗ ਹੁਣ ਆਪਣਾ ਇੱਕ ਨਿਵੇਕਲਾ ਰੂਪ ਵਟਾਉਂਦਾ ਜਾ ਰਿਹਾ ਹੈ।
ਬੌਲੀਵੁੱਡ ’ਤੇ ਇਸ ਵੇਲੇ ਵਿਚਾਰਧਾਰਾ ਦਾ ਸੰਕਟ ਵੀ ਚੱਲ ਰਿਹਾ ਹੈ। ਇਹ ਉਦਯੋਗ ਲੰਮੇ ਸਮੇਂ ਤੱਕ ਭਾਰਤ ਦੇ ਧਰਮ ਨਿਰਪੇਖ ਤਾਣੇ-ਬਾਣੇ ਨੂੰ ਸੰਭਾਲਦਾ ਰਿਹਾ ਹੈ, ਪਰ ਹੁਣ ਇਸ ਮਾਮਲੇ ’ਚ ਵੀ ਵੱਡੀ ਤਬਦੀਲੀ ਆ ਗਈ ਹੈ। ਖ਼ਾਨ ਤਿੱਕੜੀ ਦਹਾਕਿਆਂ ਤੱਕ ਬੌਲੀਵੁੱਡ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦਾ ਆਦਰਸ਼ ਹੀ ਅਪਣਾਉਂਦੀ ਰਹੀ ਹੈ, ਪਰ ਹੁਣ ਉਹ ਵੀ ਦੇਸ਼ ਦੀ ਬਹੁਗਿਣਤੀ ਦੇ ਪ੍ਰਚਾਰ, ਸੱਜੇ-ਪੱਖੀ ਅਤੇ ਹੱਦੋਂ ਵੱਧ ਰਾਸ਼ਟਰਵਾਦੀ ਬਿਰਤਾਂਤਾਂ ’ਚ ਕਿਤੇ ਗੁਆਚਦੇ ਅਤੇ ਅਲੱਗ-ਥਲੱਗ ਪੈਂਦੇ ਵਿਖਾਈ ਦੇ ਰਹੇ ਹਨ।
ਇਸ ਖ਼ਾਨ ਤਿੱਕੜੀ ਦੇ ਕਾਮਯਾਬੀ ਤੇ ਸ਼ੁਹਰਤ ਦਾ ਸਟਾਰਡਮ ਖੱਟਣ ਦੇ ਰਾਹ ਵਿੱਚ ਉਨ੍ਹਾਂ ਦਾ ਉਪ-ਨਾਮ (ਖ਼ਾਨ) ਕਦੇ ਵੀ ਅੜਿੱਕਾ ਨਹੀਂ ਬਣਿਆ। ਉਨ੍ਹਾਂ ਦਾ ਅਕਸ ਕੁਝ ਅਜਿਹਾ ਬਣਿਆ ਕਿ ਉਹ ਵਿਸ਼ਵਪੱਧਰੀ ਤੇ ਬਹੁ-ਸੱਭਿਆਚਾਰਕ ਪਿਛੋਕੜਾਂ ਤੋਂ ਆਏ ਹਨ। ਉਨ੍ਹਾਂ ਨੇ ਆਪਣੇ ਧਰਮ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਅਤੇ ਫ਼ਿਰਕੂ ਵੰਡੀਆਂ ਪਾਉਣ ਵਾਲਿਆਂ ਨੂੰ ਭਾਂਜ ਦਿੰਦੇ ਰਹੇ। ਉਨ੍ਹਾਂ ਨੇ ਦਹਾਕਿਆਂ ਬੱਧੀ ਕਰੀਅਰ ’ਚ ਮੁਸਲਿਮ ਕਿਰਦਾਰ ਨਾਂਮਾਤਰ ਫਿਲਮਾਂ ’ਚ ਹੀ ਨਿਭਾਏ -ਇਸੇ ਲਈ ਉਨ੍ਹਾਂ ਨੂੰ ਕਦੇ ਵੀ ਧਾਰਮਿਕ ਐਨਕ ਨਾਲ ਨਹੀਂ, ਸਗੋਂ ਹਮੇਸ਼ਾ ਵਿਸ਼ਾਲ ਪਰਿਪੇਖ ’ਚ ਹੀ ਵੇਖਿਆ ਗਿਆ, ਪਰ ਅੱਜ ਫਿਲਮ ਉਦਯੋਗ ਹੀ ਨਹੀਂ, ਸਗੋਂ ਸਮੁੱਚਾ ਦੇਸ਼ ਹੀ ਤਬਦੀਲ ਹੋ ਚੁੱਕਾ ਹੈ।
ਸਿਨੇਮਾ ਹੁਣ ਸੱਜੇ-ਪੱਖੀ ਤਾਕਤਾਂ ਦੇ ਸਿਆਸੀ ਪ੍ਰਚਾਰ ਦਾ ਵੱਡਾ ਔਜ਼ਾਰ ਬਣ ਚੁੱਕਾ ਹੈ। ਦਰਜਨਾਂ ਫਿਲਮਾਂ ਅਜਿਹੀਆਂ ਬਣ ਚੁੱਕੀਆਂ ਹਨ, ਜੋ ‘ਨਯਾ ਭਾਰਤ’ ਜਾਂ ‘ਨਵਭਾਰਤ’ (ਨਵਾਂ ਭਾਰਤ) ਦੀ ਗੱਲ ਕਰਦੀਆਂ ਹਨ ਤੇ ਉਨ੍ਹਾਂ ਫਿਲਮਾਂ ਦਾ ਮੂਲ ਵਿਸ਼ਾ ਹਰੇਕ ਘਟਨਾ ਪਿਛਲੀ ਸਾਜ਼ਿਸ਼ ਨੂੰ ਲੱਭਦਾ ਰਹਿੰਦਾ ਹੈ। ਅਜਿਹੀਆਂ ਬਹੁਤੀਆਂ ਫਿਲਮਾਂ ਭਾਵੇਂ ਫਲਾਪ ਭਾਵ ਨਾਕਾਮ ਹੀ ਹੋਈਆਂ ਹਨ; ਫਿਰ ਵੀ ‘ਉੜੀ’, ‘ਦਿ ਕਸ਼ਮੀਰ ਫਾਈਲਜ਼’, ‘ਦਿ ਕੇਰਲਾ ਸਟੋਰੀ’, ‘ਆਰਟੀਕਲ 370’ ਅਤੇ ਤਾਜ਼ਾ ਫਿਲਮ ‘ਛਾਵਾ’ ਜਿਹੀਆਂ ਕੁਝ ਫਿਲਮਾਂ ਬੇਹੱਦ ਕਾਮਯਾਬ ਵੀ ਰਹੀਆਂ ਹਨ ਤੇ ਉਨ੍ਹਾਂ ਨੇ ਆਪਣੀ ਡੂੰਘੇਰੀ ਛਾਪ ਵੀ ਛੱਡੀ ਹੈ। ਸਰਕਾਰ ਹੁਣ ਵ੍ਹਟਸਐਪ ’ਤੇ ਫਾਰਵਰਡ ਕਰਨ ਦੀ ਥਾਂ ਸਿਨੇਮਾ ਨੂੰ ਆਪਣਾ ‘ਧੂਤੂ’ ਬਣਾ ਕੇ ਵਰਤ ਰਹੀ ਹੈ। ਇਨ੍ਹਾਂ ਫਿਲਮਾਂ ’ਚ ਰੋਹ, ਤਾਕਤਵਰ ਰਾਸ਼ਟਰਵਾਦ ਤੇ ਹੁਣ ਤੱਕ ਪੀੜਤ ਹੋਣ ਦੀ ਭਾਵਨਾ ਨੂੰ ਮਜ਼ਬੂਤੀ ਨਾਲ ਦਰਸਾਇਆ ਗਿਆ ਹੈ-ਮਨੁੱਖੀ ਜਜ਼ਬਾਤ ਨੂੰ ਟੁੰਬਣ ਲਈ ਅਜਿਹੇ ਮਸਾਲਿਆਂ ਦਾ ਸੁਮੇਲ ਕਾਫ਼ੀ ਹੁੰਦਾ ਹੈ। ਜਨਤਾ ਨੂੰ ਫਿਲਮ ‘ਦਿ ਕਸ਼ਮੀਰ ਫਾਈਲਜ਼’ ਵੇਖਣ ਲਈ ਪ੍ਰਧਾਨ ਮੰਤਰੀ ਨੇ ਖ਼ੁਦ ਅਪੀਲਾਂ ਕੀਤੀਆਂ ਸਨ। ਹੁਣ ਜ਼ਿਆਦਾਤਰ ਫਿਲਮਾਂ ’ਚ ਨਾਇਕ ਹਿੰਦੂ ਰਾਜਾ ਵਿਖਾਇਆ ਜਾਂਦਾ ਹੈ, ਜਿਸ ਦਾ ਟਾਕਰਾ ਜ਼ਾਲਮ ਇਸਲਾਮਿਕ ਧਾੜਵੀ ਨਾਲ ਹੁੰਦਾ ਹੈ। ਹੁਣ ਅਜਿਹੀਆਂ ਫਿਲਮਾਂ ਵੀ ਬਣਨ ਲੱਗੀਆਂ ਹਨ, ਜੋ ਇਤਿਹਾਸ ਨੂੰ ਨਵੇਂ ਤਰੀਕਿਆਂ ਨਾਲ ਪੇਸ਼ ਕਰ ਰਹੀਆਂ ਹਨ, ਨਹਿਰੂ ਯੁੱਗ ਦੀ ਸਿਆਸਤ ਦਾ ਮਜ਼ਾਕ ਉਡਾਉਂਦੀਆਂ ਹਨ ਤੇ ਇਸਲਾਮ-ਵਿਰੋਧੀ ਬਿਰਤਾਂਤ ਵੱਡੇ ਪੱਧਰ ’ਤੇ ਸਿਰਜਦੀਆਂ ਦਿਸਦੀਆਂ ਹਨ।
ਖ਼ਾਨ ਤਿੱਕੜੀ ਨੇ ਕਦੇ ਵੀ ਆਪਣੀ ਪੀੜ੍ਹੀ ਦੇ ਹੋਰ ਸਿਤਾਰਿਆਂ ਵਾਂਗ ਕਦੇ ਵੀ ਖੁੱਲ੍ਹ ਕੇ ਕਿਸੇ ਸੱਤਾਧਾਰੀ ਪਾਰਟੀ ਨਾਲ ਹੱਥ ਨਹੀਂ ਮਿਲਾਇਆ ਜਾਂ ਇਹ ਆਖ ਲਈਏ ਕਿ ਉਨ੍ਹਾਂ ਇਸ ਨਵੇਂ ਸਿਨੇਮਾਈ ਭੂ-ਦ੍ਰਿਸ਼ ਦਾ ਸਾਥ ਨਹੀਂ ਦਿੱਤਾ। ਇੱਥੋਂ ਤੱਕ ਕਿ ਰਣਬੀਰ ਕਪੂਰ, ਵਿੱਕੀ ਕੌਸ਼ਲ ਤੇ ਰਣਵੀਰ ਸਿੰਘ ਜਿਹੇ ਪ੍ਰਗਤੀਸ਼ੀਲ ਤੇ ਨੌਜਵਾਨ ਅਦਾਕਾਰ ਵੀ ਕਦੇ ਵੱਧ ਤੇ ਕਦੀ ਘੱਟ, ਪਰ ਅਜਿਹੇ ਬਿਰਤਾਂਤਾਂ ਦਾ ਹਿੱਸਾ ਬਣੇ। ਉਹ ਰਾਸ਼ਟਰਵਾਦੀ, ਬਹੁ-ਗਿਣਤੀ ਪੱਖੀ ਜਾਂ ਜਾਤ ’ਤੇ ਮਾਣ ਕਰਨ ਦਾ ਦਿਖਾਵਾ ਕਰਨ ਵਾਲੀਆਂ ਫਿਲਮਾਂ ਆਸਾਨੀ ਨਾਲ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਹ ਪਰਵਾਹ ਨਹੀਂ ਹੈ ਕਿ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਕਿਹੜੇ ਨਤੀਜੇ ਭੁਗਤਣੇ ਪੈਣਗੇ। ਫਿਲਮ ‘ਐਨੀਮਲ’ ’ਚ ਰਣਬੀਰ ਕਪੂਰ ਗਊ ਦਾ ਮੂਤਰ ਇੱਕੋ ਸਾਹੇ ਪੀ ਜਾਂਦਾ ਦਿਸਦਾ ਹੈ। ਹੁਣ ਉਸ ਦੀ ਅਗਲੀ ਫਿਲਮ ‘ਰਾਮਾਇਣ’ ਹੋਵੇਗੀ। ਇਸੇ ਤਰ੍ਹਾਂ ਵਿੱਕੀ ਕੌਸ਼ਲ ਵੀ ‘ਛਾਵਾ’ ਰਾਹੀਂ ਕਾਮਯਾਬੀ ਦਾ ਸੁਆਦ ਚਖਦਾ ਹੈ। ਇਹ ਉਹੀ ਫਿਲਮ ਹੈ, ਜਿਸ ’ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪਿੱਛੇ ਜਿਹੇ ਦੋਸ਼ ਲਾਇਆ ਸੀ ਕਿ ਨਾਗਪੁਰ ’ਚ ਫ਼ਿਰਕੂ ਹਿੰਸਾ ਇਸ ਫਿਲਮ ਕਾਰਨ ਭੜਕੀ ਸੀ। ਬੌਲੀਵੁੱਡ ਲਈ ਇਹ ਸੱਚਮੁਚ ਬੇਹੱਦ ਔਖੀ ਸਥਿਤੀ ਹੈ ਕਿਉਂਕਿ ਇੱਕ ਪਾਸੇ ਤਾਂ ਉਸ ਨੂੰ ਹਥਿਆਰ ਬਣਾ ਕੇ ਵਰਤਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਆਪਣੀ ਸਹੂਲਤ ਮੁਤਾਬਕ ਉਸ ਨੂੰ ਬਲੀ ਦਾ ਬੱਕਰਾ ਵੀ ਬਣਾਇਆ ਜਾ ਰਿਹਾ ਹੈ।
ਅਜਿਹੇ ਹਾਲਾਤ ’ਚ ਖ਼ਾਨ ਤਿੱਕੜੀ ਵੱਖਰੀ ਖੜ੍ਹੀ ਵਿਖਾਈ ਦਿੰਦੀ ਹੈ। ਉਨ੍ਹਾਂ ਦੀਆਂ ਫਿਲਮਾਂ ਹਾਲੇ ਵੀ ਧਰਮ-ਨਿਰਪੇਖਤਾ ਤੇ ਨਵ-ਉਦਾਰਵਾਦ ਦਾ ਹੀ ਸੁਨੇਹਾ ਦਿੰਦੀਆਂ ਹਨ। ਹਾਂ, ਉਨ੍ਹਾਂ ਦੀ ਸੁਰ ਹੁਣ ਸ਼ਾਂਤ ਨਾਇਕ ਦੀ ਥਾਂ ਰੋਹ ਭਰਪੂਰ ਸੁਰ ਵਾਲੀ ਵਧੇਰੇ ਬਣ ਗਈ ਹੈ। ਇਸ ਮਾਮਲੇ ’ਚ ‘ਟਾਈਗਰ’ ਸ਼੍ਰੇਣੀ ਦੀਆਂ ਫਿਲਮਾਂ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਫਿਲਮ ‘ਜਵਾਨ’ ’ਚ ਸ਼ਾਹਰੁਖ਼ ਖ਼ਾਨ ਜ਼ਿੰਮੇਵਾਰੀ ਨਾਲ ਵੋਟ ਪਾਉਣ ਤੇ ਵਿਕਾਸ ਨੂੰ ਹੀ ਪਹਿਲ ਦੇਣ ਅਤੇ ਫ਼ਿਰਕੂ ਤੇ ਜਾਤ-ਪਾਤ ਦੇ ਆਧਾਰ ’ਤੇ ਵੰਡੀਆਂ ਪਾਉਣ ਵਾਲਿਆਂ ਨੂੰ ਹਰਾਉਣ ਦਾ ਸਿੱਧਾ ਸੱਦਾ ਦਿੰਦਾ ਹੈ। ਇਸੇ ਫਿਲਮ ਦਾ ਡਾਇਲਾਗ ‘ਬੇਟੇ ਕੋ ਹਾਥ ਲਗਾਨੇ ਸੇ ਪਹਿਲੇ ਬਾਪ ਸੇ ਬਾਤ ਕਰ’ ਬਹੁਤ ਪ੍ਰਸਿੱਧ ਹੋਇਆ ਸੀ; ਇਹ ਸਿੱਧੇ ਤੌਰ ’ਤੇ ਆਰਿਅਨ ਖ਼ਾਨ ਮਾਮਲੇ ਵੱਲ ਹੀ ਇਸ਼ਾਰਾ ਸੀ, ਪਰ ਅਜਿਹੀਆਂ ਗੱਲਾਂ ਆਮ ਤੌਰ ’ਤੇ ਗਲਪ ’ਚ ਹੀ ਦੱਬ ਕੇ ਰਹਿ ਜਾਂਦੀਆਂ ਹਨ।
ਆਮ ਜੀਵਨ ’ਚ ਵੀ ਇਸ ਖ਼ਾਨ ਤਿੱਕੜੀ ਨੂੰ ਬਹੁਤ ਸੰਭਲ ਕੇ ਹੀ ਚੱਲਣਾ ਪੈਂਦਾ ਹੈ ਕਿਉਂਕਿ ਹੁਣ ਸਿਆਸੀ ਬਿਆਨਬਾਜ਼ੀ ਕਰਨ, ਖੇਡ-ਖੇਡ ’ਚ ਸੱਤਾਧਾਰੀ ਧਿਰ ’ਤੇ ਕੋਈ ਟਿੱਪਣੀ ਕਰਨ ਜਾਂ ਅਚਾਨਕ ਹੀ ਕਿਸੇ ਦਾ ਅਪਮਾਨ ਕਰਨ ਦਾ ਦੌਰ ਲੰਘ ਚੁੱਕਾ ਹੈ। ਹੁਣ ਤਾਂ ਸਿਆਸੀ ਆਗੂਆਂ ਨਾਲ ਸੈਲਫੀਆਂ ਅਤੇ ਬਹੁਤ ਹੀ ਧਿਆਨਪੂਰਬਕ ਅਤੇ ਕੂਟਨੀਤੀ ਨਾਲ ਸੋਸ਼ਲ ਮੀਡੀਆ ਨੂੰ ਚਲਾਉਣ ਦਾ ਯੁੱਗ ਹੈ। ਆਮਿਰ ਖ਼ਾਨ ਦੇ ਮੂੰਹ ’ਚੋਂ ਇੱਕ ਵਾਰ ਕਿਤੇ ਨਿਕਲ ਗਿਆ ਸੀ ਕਿ ਹੁਣ ਦੇਸ਼ ’ਚ ਅਸਹਿਣਸ਼ੀਲਤਾ ਵਧਦੀ ਜਾ ਰਹੀ ਹੈ-ਇਸ ਦਾ ਸਿਆਸੀ ਪੱਧਰ ’ਤੇ ਕਾਫ਼ੀ ਜ਼ੋਰਦਾਰ ਵਿਰੋਧ ਹੋਇਆ ਸੀ। ‘ਦੰਗਲ’ ਫਿਲਮ ਤੋਂ ਬਾਅਦ ਅਜਿਹਾ ਵੇਲਾ ਆਇਆ ਸੀ। ਸ਼ਾਹਰੁਖ਼ ਖ਼ਾਨ ਨੂੰ ਜਦ ਤੋਂ ਆਪਣੇ ਪੁੱਤਰ ਕਾਰਨ ਕੁਝ ਕਾਨੂੰਨੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ, ਤਦ ਤੋਂ ਉਹ ਬਹੁਤ ਸਾਵਧਾਨੀ ਨਾਲ ਚੁੱਪ ਹੀ ਵੱਟ ਕੇ ਰੱਖਦਾ ਹੈ। ਉੱਧਰ ਸਲਮਾਨ ਖ਼ਾਨ ਨੇ ਭਾਵੇਂ ਆਪਣਾ ਅਕਸ ਇੱਕ ‘ਮਾੜੇ ਲੜਕੇ’ ਵਾਲਾ ਬਣਾਇਆ ਹੈ, ਪਰ ਉਹ ਇਸ ਮਾਮਲੇ ’ਚ ਖ਼ਾਨ ਤਿੱਕੜੀ ’ਚੋਂ ਸਭ ਤੋਂ ਵਧੀਆ ਰਿਹਾ ਹੈ ਕਿਉਂਕਿ ਉਹ ਕਦੇ ਵੀ ਕਿਸੇ ਸਿਆਸੀ ਵਿਵਾਦ ’ਚ ਨਹੀਂ ਪਿਆ। ਬਗ਼ਾਵਤ ਜੇ ਕਦੇ ਕਿਤੇ ਵਿਖਾਈ ਦਿੰਦੀ ਹੈ, ਤਾਂ ਬਹੁਤ ਚੁੱਪ ਕੀਤੀ ਹੀ ਰਹੀ ਹੈ।
ਬੇਸ਼ੱਕ ਇਹ ਤਿੰਨੇ ਖ਼ਾਨ ਅਦਾਕਾਰ ਆਪੋ-ਆਪਣੀ ਥਾਂ ਸੰਸਥਾਨ ਦਾ ਰੂਪ ਧਾਰ ਚੁੱਕੇ ਹਨ। ਉਨ੍ਹਾਂ ਹਿੰਦੀ ਸਿਨੇਮਾ ਦੇ ਆਪਣੇ ਯੁੱਗ ਨੂੰ ਨਵਾਂ ਰੂਪ ਦਿੱਤਾ ਤੇ ਪਰਿਭਾਸ਼ਤ ਵੀ ਕੀਤਾ। ਇੰਨੀ ਜ਼ਿਆਦਾ ਲੰਮੀ ਪਾਰੀ ਖੇਡ ਕੇ ਉਨ੍ਹਾਂ ਇਹ ਵੀ ਵਿਖਾਇਆ ਹੈ ਕਿ ਉਹ ਹਰ ਦੌਰ ਤੇ ਮਾਹੌਲ ਵਿੱਚ ਰਚ-ਮਿਚ ਸਕਣ ਦੀ ਸਮਰੱਥਾ ਰੱਖਦੇ ਹਨ, ਪਰ ਹੁਣ ਉਹ ਇੱਕ ਅਜਿਹੇ ਸੰਸਾਰ ’ਚ ਵਿਚਰ ਰਹੇ ਹਨ, ਜਿੱਥੇ ਕਿਸੇ ਇਕੱਲੇ ਸੁਪਰਸਟਾਰ ਦੀ ਇੱਛਾ ਮੁਤਾਬਕ ਹੀ ਕੁਝ ਨਹੀਂ ਵਾਪਰਦਾ।
ਸ਼ਾਹਰੁਖ਼ ਖ਼ਾਨ ਲੰਮੇ ਸਮੇਂ ਤੋਂ ਇੱਕ ਸਟਾਰ ਦੇ ਕਾਲਪਨਿਕ ਯੁੱਗ ਵਿੱਚ ਵਿਚਰਦਾ ਰਿਹਾ ਹੈ। ਇਹ ਗੱਲ ਉਸ ਨੇ ਵਾਈਆਰਐੱਫ–ਨੈੱਟਫਲਿਕਸ ਦੀ ਦਸਤਾਵੇਜ਼ੀ ਫਿਲਮ ‘ਦਿ ਰੋਮਾਂਟਿਕਸ’ ’ਚ ਵੀ ਕਬੂਲ ਕੀਤੀ ਹੈ। ‘ਪਠਾਨ’ ਅਤੇ ‘ਜਵਾਨ’ ਜਿਹੀਆਂ ਫਿਲਮਾਂ ਨੇ ਉਨ੍ਹਾਂ ਨੂੰ ਸਾਬਤ ਕੀਤਾ ਹੈ, ਪਰ ਦੂਜੇ ਪਾਸੇ ਫਿਲਮ ‘ਡੰਕੀ’ ਨੂੰ ਕੋਈ ਬਹੁਤਾ ਹੁੰਗਾਰਾ ਨਾ ਮਿਲ ਸਕਿਆ, ਜਿਸ ਕਾਰਨ ਉਹ ਹੁਣ ਬਹੁਤਾ ਜੋਖਮ ਮੁੱਲ ਲੈਣਾ ਨਹੀਂ ਚਾਹੇਗਾ। ਇਸ ਦੌਰਾਨ ਆਮਿਰ ਖ਼ਾਨ ਆਪਣੀ ਫਿਲਮ ‘ਲਾਲ ਸਿੰਘ ਚੱਢਾ’ ਤੋਂ ਬਾਅਦ ਕੁਝ ਵਧੇਰੇ ਹੀ ਚੌਕਸ ਹੋ ਗਿਆ ਹੈ ਕਿਉਂਕਿ ਉਸ ਦੀ ਇਸ ਫਿਲਮ ’ਚ ਭਾਵੇਂ ਕੋਈ ਤਿੱਖਾ ਸਿਆਸੀ ਹਵਾਲਾ ਨਹੀਂ ਦਿੱਤਾ ਗਿਆ ਸੀ, ਫਿਰ ਵੀ ਇਸ ਫਿਲਮ ਦਾ ਬਾਈਕਾਟ ਕਰਨ ਦੀਆਂ ਮੁਹਿੰਮਾਂ ਚੱਲੀਆਂ। ਉਂਝ ਉਸ ਦੀ ਫਿਲਮ ‘ਪੀਕੇ’ ਦਾ ਕਮਾਈ ਕਰਨ ਦੇ ਮਾਮਲੇ ’ਚ ਅੱਜ ਵੀ ਬੌਲੀਵੁੱਡ ’ਚ ਕਿਤੇ ਕੋਈ ਮੁਕਾਬਲਾ ਨਹੀਂ ਹੈ। ਸਲਮਾਨ ਖ਼ਾਨ ਹਾਲੇ ਵੀ ਆਪਣਾ ਇੱਕ ਮੁਕੰਮਲ ਮਰਦ (ਮਾਚੋ ਮੈਨ) ਵਾਲਾ ਅਕਸ ਹੋਰ ਵੀ ਵੱਡੇ ਪੱਧਰ ’ਤੇ ਲੈ ਕੇ ਚੱਲ ਰਿਹਾ ਹੈ, ਪਰ ਉਸ ਦੀਆਂ ਫਿਲਮਾਂ ਦਾ ਘਟਦਾ ਜਾ ਰਿਹਾ ਕਾਰੋਬਾਰ ਇਹੋ ਦਰਸਾਉਂਦਾ ਹੈ ਕਿ ਉਸ ਦਾ ਇਹ ਫਾਰਮੂਲਾ ਹਮੇਸ਼ਾਂ ਚੱਲਣ ਵਾਲਾ ਨਹੀਂ ਹੈ।
ਇਸ ਖ਼ਾਨ ਤਿੱਕੜੀ ਦੇ ਭਵਿੱਖ ਦੇ ਪ੍ਰਾਜੈਕਟਾਂ ਬਾਰੇ ਹਾਲੇ ਬਹੁਤਾ ਕੁਝ ਨਹੀਂ ਆਖਿਆ ਜਾ ਸਕਦਾ। ਆਮਿਰ ਖ਼ਾਨ ਦੀ ਅਗਲੀ ਫਿਲਮ ‘ਸਿਤਾਰੇ ਜ਼ਮੀਂ ਪਰ’ ਭਾਵੇਂ ਆਪਣੇ ਨਾਂਅ ਤੋਂ ਇੱਕ ਸੀਕੁਏਲ ਜਾਪ ਸਕਦੀ ਹੈ, ਪਰ ਅਸਲ ਵਿੱਚ ਇਹ ਸਪੈਨਿਸ਼ ਫਿਲਮ ‘ਚੈਂਪੀਅਨਜ਼’ ਉਤੇ ਆਧਾਰਿਤ ਹੋਵੇਗੀ; ਜਿਸ ਨੂੰ ਹੌਲੀਵੁੱਡ ’ਚ ਵੁੱਡੀ ਹਾਰੇਲਸਨ ਨੂੰ ਲੈ ਕੇ ਬਣਾਇਆ ਗਿਆ ਸੀ। ਸ਼ਾਹਰੁਖ਼ ਖ਼ਾਨ ਅਤੇ ਸਲਮਾਨ ਖ਼ਾਨ ਬੇਸ਼ੱਕ ਵਾਈਆਰਐੱਫ ਦੇ ਵਧਦੇ ਜਾ ਰਹੇ ‘ਸਪਾਈ ਯੂਨੀਵਰਸ’ ਲਈ ਆਪਣੀਆਂ ਭੂਮਿਕਾਵਾਂ ਨਿਭਾਉਣਗੇ।
ਇਸ ਵੇਲੇ ਸਭ ਦੀਆਂ ਨਜ਼ਰਾਂ ਸਲਮਾਨ ਖ਼ਾਨ ਦੀ ਨਵੀਂ ਰਿਲੀਜ਼ ਹੋਈ ਫਿਲਮ ‘ਸਿਕੰਦਰ’ ’ਤੇ ਹਨ। ਇਹ ਹਮੇਸ਼ਾ ਵਾਂਗ ਉਸ ਦੀ ਬਾਕਸ ਆਫ਼ਿਸ ’ਤੇ ਈਦ ਦੀਆਂ ਛੁੱਟੀਆਂ ਦਾ ਲਾਹਾ ਲੈਣ ਦੀ ਕੋਸ਼ਿਸ਼ ਸੀ। ਇਸੇ ਲਈ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੇ ਇੱਕ ਟਵੀਟ ਕੀਤਾ ਸੀ ਕਿ ‘ਹੁਣ ਇਸ ਈਦ ਮੌਕੇ ਸਿਨੇਮਾ ਘਰਾਂ ’ਚ ਮਿਲਾਂਗੇ।’ ਇਸ ਟਵੀਟ ਦੇ ਨਾਲ ਤਿੰਨ ਸੈਲਫ਼ੀਆਂ ਵੀ ਨੱਥੀ ਕੀਤੀਆਂ ਗਈਆਂ ਸਨ। ਇਨ੍ਹਾਂ ਤਸਵੀਰਾਂ ’ਚ ਉਸ ਦੀ ਪਛਾਣ ਬਣ ਚੁੱਕਾ ਫਿਰੋਜ਼ੀ-ਰੰਗਾ ਬ੍ਰੇਸਲੈੱਟ ਤਾਂ ਅੱਧਾ ਲੁਕਿਆ ਹੋਇਆ ਸੀ, ਪਰ ਉਸ ਵੱਲੋਂ ਬੰਨ੍ਹੇ ਸੰਤਰੀ ਰੰਗੇ ਫੀਤੇ ਤੇ ਸ਼ਾਨਦਾਰ ਡਾਇਲ ਵਾਲੀ ਘੜੀ ਨੇ ਵਧੇਰੇ ਧਿਆਨ ਖਿੱਚਿਆ ਸੀ। ਉਸ ਟਵੀਟ ਦੇ ਹੇਠਾਂ ਆਏ ਜਵਾਬਾਂ ਨੇ ਉਸ ਘੜੀ ਦਾ ਰਾਜ਼ ਵੀ ਖੋਲ੍ਹ ਦਿੱਤਾ ਸੀ। ਲਗਜ਼ਰੀ ਬ੍ਰਾਂਡ ਜੈਕਬ ਐਂਡ ਕੰਪਨੀ ਵੱਲੋਂ ਤਿਆਰ ਕੀਤੀ ਉਸ ਘੜੀ ਦੀ ਕੀਮਤ ਦਰਅਸਲ 34 ਲੱਖ ਰੁਪਏ ਹੈ ਤੇ ਉਸ ਦਾ ਨਾਂ ‘ਐਪਿਕ ਐਕਸ ਰਾਮ ਜਨਮਭੂਮੀ ਐਡੀਸ਼ਨ 2’ ਰੱਖਿਆ ਗਿਆ ਹੈ।
ਇੱਕ ਸੁਪਰਸਟਾਰ ਦੀ ਕਰੰਸੀ ਹੁਣ ਬਾਕਸ ਆਫ਼ਿਸ ਹੀ ਨਹੀਂ ਰਹਿ ਗਿਆ ਸਗੋਂ ਇਹ ਕਰੰਸੀ ਉਸ ਵੱਲੋਂ ਪਹਿਨੇ ਗਏ ਪ੍ਰਤੀਕਾਂ ਤੋਂ ਵੀ ਝਲਕਦੀ ਹੈ। ਯਕੀਨੀ ਤੌਰ ’ਤੇ ਇਸ ਖ਼ਾਨ ਤਿੱਕੜੀ ਨੂੰ ਇਹ ਭਲੀਭਾਂਤ ਪਤਾ ਹੈ ਕਿ ਅਜੋਕੇ ਭਾਰਤ ’ਚ ਹੁਣ ਕਿਹੋ ਜਿਹਾ ਵੇਲਾ ਚੱਲ ਰਿਹਾ ਹੈ।

Advertisement

Advertisement