ਬਜ ਬਜ ਘਾਟ ਦਾ ਦੁਖਾਂਤ ‘ਗੁਰੂ ਨਾਨਕ ਜਹਾਜ਼’
ਰਜਵਿੰਦਰ ਪਾਲ ਸ਼ਰਮਾ
ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਵਿੱਚ ਆਈ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਦੀ ਫਿਲਮ ‘ਗੁਰੂ ਨਾਨਕ ਜਹਾਜ਼’ ਰਿਲੀਜ਼ ਹੋ ਗਈ ਹੈ। ਇਹ ਫਿਲਮ 1914 ਵਿੱਚ ਵਾਪਰੇ ਕੌਮਾਗਾਟਾ ਮਾਰੂ ਦੁਖਾਂਤ ਨੂੰ ਬਿਆਨ ਕਰਦੀ ਹੈ। ਜਦੋਂ 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਗੁਰੂ ਨਾਨਕ ਜਹਾਜ਼ (ਕੌਮਾਗਾਟਾ ਮਾਰੂ ਜਹਾਜ਼) ਵਿੱਚ 376 ਯਾਤਰੀਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿੱਖ ਸਨ, ਨੂੰ ਲੈ ਕੇ ਵੈਨਕੂਵਰ ਦੇ ਕੰਢੇ ਪਹੁੰਚ ਗਏ ਤਾਂ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਕੈਨੇਡਾ ਵਿੱਚ ਉਤਰਨ ਨਹੀਂ ਦਿੱਤਾ। ਇਸ ਘਟਨਾ ਤੋਂ ਬਾਅਦ ਉਪਜਿਆ ਰੋਹ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਅਤੇ ਨਸਲੀ ਵਿਤਕਰੇ ਵਿਰੁੱਧ ਵਿਰੋਧ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ, ਜਿਸ ਨੇ ਅੱਗੇ ਜਾ ਕੇ ਭਾਰਤੀ ਆਜ਼ਾਦੀ ਅੰਦੋਲਨ ਨੂੰ ਮਜ਼ਬੂਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।
‘ਗੁਰੂ ਨਾਨਕ ਜਹਾਜ਼’ ਫਿਲਮ ਵਿੱਚ ਪਹਿਲੀ ਵਾਰ ਸਮੁੰਦਰੀ ਜਹਾਜ਼ ਰਾਹੀਂ ਕੈਨੇਡਾ ਦੀ ਧਰਤੀ ’ਤੇ ਪਹੁੰਚੇ 28 ਗ਼ਦਰੀ ਬਾਬਿਆਂ ਨਾਲ ਉੱਥੇ ਕੀ ਅਤੇ ਕਿਵੇਂ ਘਟਨਾਕ੍ਰਮ ਵਾਪਰਿਆ, ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਮੇਵਾ ਸਿੰਘ ਸਮੇਤ ਉੱਤਰੀ ਅਮਰੀਕਾ ’ਚ ਵਸਦੇ ਸਾਰੇ ਗ਼ਦਰ ਪਾਰਟੀ ਸਮਰਥਕਾਂ ਅੰਦਰ ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ। ਵੈਨਕੂਵਰ ਦੇ ਸਿੱਖ ਭਾਈਚਾਰੇ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਅਗਵਾਈ ਅਧੀਨ ਇਨ੍ਹਾਂ ਮੁਸਾਫ਼ਰਾਂ ਨੂੰ ਕੈਨੇਡਾ ਵਿੱਚ ਉਤਾਰਨ ਲਈ ਸੰਘਰਸ਼ ਵਿੱਢਿਆ ਗਿਆ। ਇਸ ਸੰਘਰਸ਼ ਵਿੱਚ ਮੇਵਾ ਸਿੰਘ ਨੇ ਭਾਗ ਸਿੰਘ ਤੇ ਬਲਵੰਤ ਸਿੰਘ ਦੇ ਸਾਥੀ ਬਣ ਕੇ ਮੋਹਰੀ ਭੂਮਿਕਾ ਨਿਭਾਈ।
ਫਿਲਮ ਵਿੱਚ ਤਰਸੇਮ ਜੱਸੜ ਮੇਵਾ ਸਿੰਘ ਲੋਪੋਕੇ ਅਤੇ ਗੁਰਪ੍ਰੀਤ ਘੁੱਗੀ ਬਾਬਾ ਗੁਰਦਿੱਤ ਸਿੰਘ ਦੀ ਭੂਮਿਕਾ ਵਿੱਚ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ। ਫਿਲਮ ਰਾਹੀਂ ਪੰਜਾਬੀਆਂ ਨੂੰ ਉਨ੍ਹਾਂ ਦੇ ਵਡਮੁੱਲੇ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ। ਇਹ ਫਿਲਮ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਅਨਿਆਂ ਅਤੇ ਗੁਲਾਮੀ ਵਿਰੁੱਧ ਆਵਾਜ਼ ਬੁਲੰਦ ਕੀਤੀ।
ਜਿਵੇਂ ਹੁਣ ਪੰਜਾਬ ਦੇ ਨੌਜਵਾਨ ਕੈਨੇਡਾ ਜਾਣ ਲਈ ਵਹੀਰਾਂ ਘੱਤ ਰਹੇ ਹਨ, ਸੌ ਸਾਲ ਪਹਿਲਾਂ ਇਹ ਸੰਭਵ ਨਹੀਂ ਸੀ ਕਿਉਂਕਿ ਅੰਗਰੇਜ਼ ਹਕੂਮਤ ਭਾਰਤੀਆਂ ਨਾਲ ਨਸਲ ਅਤੇ ਰੰਗ ਕਾਰਨ ਭੇਦਭਾਵ ਕਰਦੀ ਸੀ। ਗਿਆਨੀ ਗੁਰਦਿੱਤ ਸਿੰਘ ਵੱਲੋਂ ਲੀਜ਼ ’ਤੇ ਲਿਆ ਗਿਆ ਜਹਾਜ਼ ਕੌਮਾਗਾਟਾ ਮਾਰੂ ਜਦੋਂ ਭਾਰਤੀ ਯਾਤਰੀਆਂ ਨੂੰ ਲੈ ਕੇ ਵੈਨਕੂਵਰ ਪਹੁੰਚਿਆ ਤਾਂ ਅੰਗਰੇਜ਼ ਹਕੂਮਤ ਨੇ ਕੁੱਝ ਯਾਤਰੀਆਂ ਨੂੰ ਇਜਾਜ਼ਤ ਦੇ ਕੇ ਬਾਕੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਜਿਸ ਦਾ ਕੈਨੇਡਾ ਦੇ ਨਾਲ ਨਾਲ ਪੂਰੇ ਦੇਸ਼ ਵਿੱਚ ਵਿਰੋਧ ਹੋਇਆ। ਵੈਨਕੂਵਰ ਤੋਂ ਮੁੜਿਆ ਇਹ ਜਹਾਜ਼ ਜਦੋਂ ਕਲਕੱਤਾ ਦੇ ਬਜ ਬਜ ਘਾਟ ’ਤੇ ਪਹੁੰਚਿਆ ਤਾਂ ਉੱਥੇ ਅੰਗਰੇਜ਼ ਹਕੂਮਤ ਨੇ ਨਿਰਦੋਸ਼ ਯਾਤਰੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਿਸ ਨੂੰ ਇਤਿਹਾਸ ਵਿੱਚ ਕੌਮਾਗਾਟਾ ਮਾਰੂ ਜਾਂ ਬਜ ਬਜ ਘਾਟ ਦੇ ਦੁਖਾਂਤ ਵਜੋਂ ਯਾਦ ਕੀਤਾ ਜਾਂਦਾ ਹੈ।
‘ਵਿਹਲੀ ਜਨਤਾ ਫਿਲਮਜ਼’ ਵੱਲੋਂ ਪੇਸ਼ ਕੀਤੀ ਇਸ ਫਿਲਮ ਦਾ ਨਿਰਮਾਣ ਮਨਪ੍ਰੀਤ ਜੌਹਲ ਵੱਲੋਂ ਕੀਤਾ ਗਿਆ ਹੈ, ਜਦੋਂਕਿ ਨਿਰਦੇਸ਼ਨ ਜ਼ਿੰਮੇਵਾਰੀਆਂ ਨੂੰ ਸ਼ਰਨ ਆਰਟ ਦੁਆਰਾ ਅੰਜ਼ਾਮ ਦਿੱਤਾ ਗਿਆ ਹੈੇ। ਫਿਲਮ ਨੂੰ ਲਿਖਿਆ ਹੈ ਹਰਨਵ ਬੀਰ ਸਿੰਘ ਅਤੇ ਸ਼ਰਨ ਆਰਟ ਨੇ। ਤਰਸੇਮ ਜੱਸੜ ਅਤੇ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਐਡਵਰਡ ਸੋਨੇਨਬਲਿਕ, ਮਾਰਕ ਬਿਨਿੰਗਟਨ, ਬਲਵਿੰਦਰ ਬੁਲਟ ਅਤੇ ਹਰਸ਼ਰਨ ਸਿੰਘ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦੇਖ ਕੇ ਪੰਜਾਬ ਦੇ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਜਿਸ ਨੂੰ ਸਮੇਂ ਦੀਆਂ ਸਰਕਾਰਾਂ ਨੇ ਬਹੁਤਾ ਮਾਣ ਸਨਮਾਨ ਨਹੀਂ ਦਿੱਤਾ। ਇਹ ਫਿਲਮ ਜਿੱਥੇ ਇਤਿਹਾਸ ਦੇ ਪੰਨਿਆਂ ’ਤੇ ਜੰਮੀ ਧੂੜ ਉਠਾ ਕੇ ਗਿਆਨ ਵਿੱਚ ਵਾਧਾ ਕਰਨ ਵਾਲੀ ਹੈ, ਉੱਥੇ ਪੰਜਾਬੀ ਫਿਲਮ ਇੰਡਸਟਰੀ ਲਈ ਇਤਿਹਾਸਕ ਫਿਲਮਾਂ ਬਣਾਉਣ ਦੀ ਕੜੀ ਵਿੱਚ ਇੱਕ ਹੋਰ ਅਹਿਮ ਕੜੀ ਜੁੜ ਗਈ ਹੈ।
ਸੰਪਰਕ: 70873-67969