ਬਜ਼ੁਰਗ ਦੇ ਕਤਲ ਮਾਮਲੇ ਵਿੱਚ ਦੋ ਨੂੰ ਉਮਰ ਕੈਦ
ਐੱਸਏਐੱਸ ਨਗਰ (ਮੁਹਾਲੀ): ਮੁਹਾਲੀ ਅਦਾਲਤ ਨੇ ਕਰੀਬ ਛੇ ਸਾਲ ਪੁਰਾਣੇ ਹਾਈ ਕੋਰਟ ਦੇ ਕਰਮਚਾਰੀ ਦੇ ਕਤਲ ਮਾਮਲੇ ਦਾ ਨਿਬੇੜਾ ਕਰਦਿਆਂ ਦੋ ਦੋਸ਼ੀਆਂ ਇਸਤੇਕਾਰ ਖਾਨ ਵਾਸੀ ਪਿੰਡ ਰੋਹਾਨ (ਯੂਪੀ) ਅਤੇ ਸ਼ੁਭਮ ਗਰੋਵਰ ਵਾਸੀ ਪਿੰਡ ਬਿਟਾਣਾ (ਯੂਪੀ) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਵੇਂ ਦੋਸ਼ੀ ਪਿੰਡ ਖੁੱਡਾ ਅਲੀਸ਼ੇਰ (ਯੂਟੀ) ਵਿੱਚ ਰਹਿੰਦੇ ਸਨ। ਜ਼ਿਲ੍ਹਾ ਤੇ ਸੈਸ਼ਨ ਜੱਜ ਅਤੁਲ ਕਸਾਨਾ ਵੱਲੋਂ ਦੋਸ਼ੀਆਂ ਨੂੰ ਉਮਰ ਕੈਦ ਅਤੇ 20-20 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। -ਪੱਤਰ ਪ੍ਰੇਰਕ
ਸਕੂਲਾਂ ਦਾ ਸਮਾਂ ਬਦਲਣ ਦੀ ਮੰਗ
ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲਾਂ ਵਿੱਚ ਪੜ੍ਹਾਈ ਕਰਦੇ ਸਕੂਲੀ ਬੱਚਿਆਂ ਨੂੰ ਅਤਿ ਦੀ ਗਰਮੀ ਦੇ ਇਸ ਸੀਜ਼ਨ ਵਿੱਚ ਲੂ ਤੋਂ ਬਚਾਉਣ ਵਾਸਤੇ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ ਕੀਤੀ ਹੈ। ਵਾਤਾਵਰਨ ਪ੍ਰੇਮੀਆਂ ਵਿੱਚ ਸਮਿਤਾ ਕੌਰ, ਪਾਵਿਲਾ ਬਾਲੀ, ਅਮਨਦੀਪ ਸਿੰਘ, ਹਰਲੀਨ ਸੇਖੋਂ, ਆਲੀਸ਼ਾ ਬੰਸਲ, ਅਭਿਰਾਜ ਸਿੰਘ ਧਾਲੀਵਾਲ, ਗੁਰਮਨਜੀਤ ਸਿੰਘ ਮਾਂਗਟ, ਕੈਪਟਨ ਵਿਕਰਮ ਬਾਜਵਾ, ਡਾ. ਮਨਜੀਤ ਸਿੰਘ, ਜੈਸਮੀਨ ਗਿੱਲ ਅਤੇ ਸਵਰਨਜੀਤ ਕੌਰ ਨੇ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰਾਂ ਨੂੰ ਲਿਖਤੀ ਪੱਤਰ ਭੇਜ ਇਸ ਪਾਸੇ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ
ਜਬਰ-ਜਨਾਹ ਦਾ ਕੇਸ ਦਰਜ
ਐੱਸਏਐੱਸ ਨਗਰ (ਮੁਹਾਲੀ): ਮੁਹਾਲੀ ਪੁਲੀਸ ਨੇ 25 ਸਾਲਾ ਮੁਟਿਆਰ ਦੇ ਬਿਆਨਾਂ ਦੇ ਆਧਾਰ ’ਤੇ ਨਾਭਾ (ਪਟਿਆਲਾ) ਦੇ ਵਸਨੀਕ ਪ੍ਰਭਜੋਤ ਸਿੰਘ ਖ਼ਿਲਾਫ਼ ਫੇਜ਼-1 ਥਾਣੇ ਵਿੱਚ ਜਬਰ-ਜਨਾਹ ਦਾ ਕੇਸ ਦਰਜ ਕੀਤਾ ਹੈ। ਪ੍ਰਭਜੋਤ ਸਿੰਘ ਪਿਛਲੇ ਕਰੀਬ ਪੰਜ ਸਾਲ ਤੋਂ ਲੜਕੀ ਦੇ ਸੰਪਰਕ ਵਿੱਚ ਸੀ। ਇਸ ਦੌਰਾਨ ਉਸ ਨੇ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ ਅਤੇ ਬਾਅਦ ਵਿੱਚ ਵਿਆਹ ਕਰਵਾਉਣ ਤੋਂ ਮੁਕਰ ਗਿਆ। ਇਸ ਤਰ੍ਹਾਂ ਪੀੜਤ ਲੜਕੀ ਨੇ ਥਾਣੇ ਪਹੁੰਚ ਕੇ ਸ਼ਿਕਾਇਤ ਕਰਵਾਈ। ਮੁਲਜ਼ਮ ਫਰਾਰ ਹੈ। -ਪੱਤਰ ਪ੍ਰੇਰਕ
ਆਵਾਰਾ ਕੁੱਤਿਆਂ ਦਾ ਖੌਫ਼
ਖਰੜ: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਰਘਬੀਰ ਸਿੰਘ ਬੰਗੜ ਨੇ ਕਿਹਾ ਕਿ ਖਰੜ ਵਿੱਚ ਆਵਾਰਾ ਕੁੱਤੇ ਦੇ ਵੱਢਣ ਦੇ ਮਾਮਲੇ ਵਧਦੇ ਜਾ ਰਹੇ ਹਨ ਅੱਜ ਵੈਸਟਰਨ ਹੋਮ ਵਿੱਚ ਕੁੱਤਿਆਂ ਨੇ ਲਾਲ ਬਹਾਦੁਰ ਨਾਮ ਦੇ ਵਿਅਕਤੀ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। -ਪੱਤਰ ਪ੍ਰੇਰਕ