ਬਕਾਏ ਦੀ ਅਦਾਇਗੀ ਲਈ ਮੇਅਰ ਨੂੰ ਮਿਲੇ ਮੁਲਾਜ਼ਮ
ਪੱਤਰ ਪ੍ਰੇਰਕ
ਚੰਡੀਗੜ੍ਹ, 2 ਅਪਰੈਲ
ਫੈਡਰੇਸ਼ਨ ਆਫ ਯੂਟੀ ਐਂਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਦੇ ਵਫ਼ਦ ਨੇ ਅੱਜ ਨਗਰ ਨਿਗਮ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਰਾਜਿੰਦਰ ਕਟੋਚ, ਹਰਕੇਸ਼ ਚੰਦ, ਤੋਪਲਨ, ਐਮ ਸੁਬਰਾਮਨੀਅਮ, ਗੁਰਮੀਤ ਸਿੰਘ, ਨਸੀਬ ਸਿੰਘ, ਤਰੁਣ ਜੈਸਵਾਲ, ਐਮ ਰਾਜੇਂਦਰਨ ਹਰਪਾਲ ਸਿੰਘ, ਪਾਨ ਸਿੰਘ, ਬੁੱਧ ਰਾਮ, ਹਰਜਿੰਦਰ ਸਿੰਘ, ਸੁਰਿੰਦਰ, ਹਰਦੀਪ ਸਿੰਘ, ਵਿਨੇ ਪ੍ਰਸਾਦ, ਸੁਰਜੀਤ ਸਿੰਘ, ਹਰਦੀਪ ਸ਼ਰਮਾ ਆਦਿ ਸ਼ਾਮਲ ਸਨ।
ਮੰਗ ਪੱਤਰ ਦੀਆਂ ਮੁੱਖ ਮੰਗਾਂ ਵਿੱਚ ਸੱਤਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਦੀ ਅਦਾਇਗੀ, ਬੋਨਸ ਅਤੇ ਡੀਏ ਦੇ ਬਕਾਏ ਦੀ ਅਦਾਇਗੀ, ਵਿਭਾਗਾਂ ਵਿੱਚ ਖਾਲੀ ਪਈਆਂ ਤਰੱਕੀਆਂ ਅਸਾਮੀਆਂ ਨੂੰ ਤੁਰੰਤ ਭਰਨਾ, ਭਰਤੀ ਅਤੇ ਤਰੱਕੀ ਦੇ ਨਿਯਮਾਂ ਵਿੱਚ ਸੋਧ, 13 ਮਾਰਚ 2015 ਦੀ ਨੀਤੀ ਵਿੱਚ ਸੋਧ ਅਤੇ ਵਿਭਾਗ ਵਿੱਚ ਸਾਲ 10 ਸਾਲ ਤੋਂ ਠੇਕੇ ਤੇ ਸੇਵਾ ਕਰ ਚੁੱਕੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਰੱਖੀ ਗਈ। ਇਸ ਤੋਂ ਇਲਾਵਾ ਅਤੇ ਮੰਗਾਂ ਵਿੱਚ ਮਹੀਨਿਆਂ ਤੋਂ ਬਕਾਇਆ ਤਨਖ਼ਾਹਾਂ ਦੀ ਅਦਾਇਗੀ, ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੇ ਆਧਾਰ ’ਤੇ ਡੀਸੀ ਰੇਟ ਤੈਅ ਕਰਨਾ, ਨਗਰ ਨਿਗਮ ਬਾਗ਼ਬਾਨੀ ਅਧੀਨ ਚੱਲ ਰਹੇ ਪਾਰਕਾਂ ਅਤੇ ਗਰੀਨ ਬੈਲਟਾਂ ਨੂੰ ਸੁਸਾਇਟੀਆਂ ਨੂੰ ਦੇਣ ਦੇ ਫੈਸਲੇ ਨੂੰ ਰੱਦ ਕਰਨਾ, ਕਰਮਚਾਰੀਆਂ ਦੀ ਛਾਂਟੀ ਬੰਦ ਕਰਨੀ, ਬਾਇਓਮੈਟ੍ਰਿਕਸ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ, ਵਰਦੀਆਂ ਦੀ ਅਦਾਇਗੀ, ਗਮ ਬੂਟ, ਕਰਮਚਾਰੀਆਂ ਨੂੰ ਤੇਲ ਦੀ ਅਦਾਇਗੀ ਆਦਿ ਵੀ ਸ਼ਾਮਲ ਹਨ। ਫੈਡਰੇਸ਼ਨ ਦੇ ਵਫ਼ਦ ਨੂੰ ਧਿਆਨ ਨਾਲ ਸੁਣਨ ਉਪਰੰਤ ਮੇਅਰ ਨੇ ਵਫ਼ਦ ਨੂੰ ਮੰਗ ਪੱਤਰ ਵਿੱਚ ਸ਼ਾਮਲ ਸਾਰੀਆਂ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ। ਬਾਅਦ ਵਿੱਚ ਫੈਡਰੇਸ਼ਨ ਦਾ ਵਫ਼ਦ ਨਗਰ ਨਿਗਮ ਕਮਿਸ਼ਨਰ ਨੂੰ ਵੀ ਮਿਲਿਆ।