ਪੱਤਰ ਪ੍ਰੇਰਕਮਾਛੀਵਾੜਾ, 3 ਦਸੰਬਰਕੁਹਾੜਾ ਰੋਡ ’ਤੇ ਸਥਿਤ ਇੱਕ ਧਾਗਾ ਫੈਕਟਰੀ ਅੰਦਰ ਬਣੇ ਕੁਆਰਟਰਾਂ ਵਿੱਚ ਮਿੱਲ ਦੇ ਕਾਮੇ ਅੰਕੁਸ਼ ਵਰਮਾ (20) ਵਾਸੀ ਯੂ.ਪੀ. ਨੇ ਖ਼ੁਦਕੁਸ਼ੀ ਕਰ ਲਈ ਜਿਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਅੰਕੁਸ਼ ਵਰਮਾ ਕਰੀਬ 1 ਸਾਲ ਪਹਿਲਾਂ ਹੀ ਫੈਕਟਰੀ ਵਿੱਚ ਕੰਮ ਕਰਨ ਲੱਗਾ ਸੀ ਜੋ ਮਿੱਲ ਅੰਦਰ ਬਣੇ ਕੁਆਰਟਰ ਵਿੱਚ ਆਪਣੇ ਸਾਥੀ ਨਮਨ ਕੁਮਾਰ ਨਾਲ ਰਹਿ ਰਿਹਾ ਸੀ। ਉਸਦਾ ਸਾਥੀ ਰਾਤ ਸਮੇਂ ਡਿਊਟੀ ਕਰਨ ਗਿਆ ਸੀ ਅਤੇ ਜਦੋਂ ਉਹ ਸਵੇਰੇ ਕਮਰੇ ਵਿੱਚ ਆਇਆ ਤਾਂ ਉਸਨੇ ਦੇਖਿਆ ਕਿ ਅੰਕੁਸ਼ ਵਰਮਾ ਨੇ ਗਲ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੋਈ ਸੀ। ਨਮਨ ਕੁਮਾਰ ਨੇ ਇਸ ਘਟਨਾ ਸਬੰਧੀ ਤੁਰੰਤ ਮਿੱਲ ਪ੍ਰਬੰਧਕਾਂ ਨੂੰ ਸੂਚਿਤ ਕੀਤਾ। ਮਿੱਲ ਵੱਲੋਂ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਜਿਸ ’ਤੇ ਥਾਣਾ ਮੁਖੀ ਪਵਿੱਤਰ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ। ਪੁਲੀਸ ਵੱਲੋਂ ਕਮਰੇ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਪਰ ਉਨ੍ਹਾਂ ਨੂੰ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਜਿਸ ਤੋਂ ਪਤਾ ਲੱਗ ਸਕੇ ਕਿ ਉਸਨੇ ਖੁਦਕੁਸ਼ੀ ਕਿਉਂ ਕੀਤੀ। ਸਾਥੀ ਨਮਨ ਕੁਮਾਰ ਨੇ ਦੱਸਿਆ ਕਿ ਉਸਦਾ ਕੋਈ ਵੀ ਲੜਾਈ ਝਗੜਾ ਨਹੀਂ ਸੀ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਮੋਬਾਈਲ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।