ਫਿਲਮੀ ਹਸਤੀਆਂ ਦੀਆਂ ਫ਼ਰਜ਼ੀ ਵੀਡੀਓਜ਼ ਬਣਾਉਣ ਦਾ ਮੁੱਦਾ ਲੋਕ ਸਭਾ ’ਚ ਗੂੰਜਿਆ
ਨਵੀਂ ਦਿੱਲੀ: ਸੰਸਦ ਮੈਂਬਰ ਹੇਮਾ ਮਾਲਿਨੀ ਨੇ ਲੋਕ ਸਭਾ ਵਿੱਚ ਅੱਜ ਫ਼ਿਲਮੀ ਸ਼ਖ਼ਸੀਅਤਾਂ ਦੀਆਂ ਫ਼ਰਜ਼ੀ ਵੀਡੀਓਜ਼ ਬਣਾ ਕੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦਾ ਮੁੱਦਾ ਚੁੱਕਦੇ ਹੋਏ ਕਾਰਵਾਈ ਦੀ ਮੰਗ ਕੀਤੀ। ਹੇਮਾ ਮਾਲਿਨੀ ਨੇ ਸਿਫ਼ਰ ਕਾਲ ਵਿੱਚ ਕਿਹਾ ਕਿ ਏਆਈ ਤੇ ਡੀਪ ਫੇਕ ਜਿਹੀਆਂ ਤਕਨੀਕਾਂ ਰਾਹੀਂ ਫਿਲਮੀ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ, ਕਿਉਂਕਿ ਇਸ ਨਾਲ ਸਬੰਧਤ ਵਿਅਕਤੀ ਦੇ ਅਕਸ ਅਤੇ ਉਸ ਦੀ ਮਾਨਸਿਕ ਸਿਹਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਸੰਸਦ ਮੈਂਬਰ ਨੇ ਕਿਹਾ, ‘‘ਇਨ੍ਹਾਂ ਸ਼ਖ਼ਸੀਅਤਾਂ ਨੇ ਸਖ਼ਤ ਮਿਹਨਤ ਨਾਲ ਆਪਣਾ ਨਾਮ ਬਣਾਇਆ ਤੇ ਪ੍ਰਸਿੱਧੀ ਹਾਸਲ ਕੀਤੀ ਹੈ। ਸਾਡੇ ’ਚੋਂ ਕਈ ਜਣੇ ਫ਼ਰਜ਼ੀ ਵੀਡੀਓਜ਼ ਦਾ ਸ਼ਿਕਾਰ ਹੋਏ ਹਨ, ਜਿਨ੍ਹਾਂ ਦੇ ਅਕਸ ਅਤੇ ਮਾਨਸਿਕ ਸਿਹਤ ’ਤੇ ਪ੍ਰਭਾਵ ਪਿਆ ਹੈ।’’ ਇਸ ਦੌਰਾਨ ਹੇਮਾ ਮਾਲਿਨੀ ਨੇ ਮਸ਼ਹੂਰ ਹਸਤੀਆਂ ਦੇ ਨਿੱਜੀ ਜੀਵਨ ’ਤੇ ਟਿੱਪਣੀਆਂ ਕਰਨ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। -ਪੀਟੀਆਈ