ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਸਲੀ ਵਿਭਿੰਨਤਾ: ਫ਼ਸਲੀ ਗੇੜ ’ਚੋਂ ਕੱਢਣ ਵਾਲਾ ਬਜਟ ਸੁੰਗੜਿਆ

05:07 AM Mar 27, 2025 IST
featuredImage featuredImage

ਚਰਨਜੀਤ ਭੁੱਲਰ

Advertisement

ਚੰਡੀਗੜ੍ਹ, 26 ਮਾਰਚ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ 2025-26 ਦੇ ਬਜਟ ’ਚ ਖੇਤੀ ਪ੍ਰਧਾਨ ਸੂਬੇ ਨੂੰ ਫ਼ਸਲੀ ਗੇੜ ’ਚੋਂ ਕੱਢਣ ਲਈ ਕਿਸਾਨਾਂ ਨੂੰ ਕੋਈ ਠੁੰਮ੍ਹਣਾ ਨਹੀਂ ਮਿਲਿਆ। ਕਿਸਾਨੀ ਨੂੰ ਵੱਡੀ ਉਮੀਦ ਸੀ ਕਿ ਸੂਬਾ ਸਰਕਾਰ ਕਣਕ-ਝੋਨੇ ਦੇ ਗੇੜ ’ਚੋਂ ਕੱਢਣ ਲਈ ਕਿਸੇ ਵਿੱਤੀ ਲਾਭ ਦਾ ਐਲਾਨ ਕਰ ਸਕਦੀ ਹੈ ਅਤੇ ਫ਼ਸਲੀ ਵਿਭਿੰਨਤਾ ਲਈ ਬਜਟ ਵਧਾ ਸਕਦੀ ਹੈ। ਜੇ ਬਜਟ ’ਤੇ ਨਜ਼ਰ ਮਾਰੀਏ ਤਾਂ ਸਰਕਾਰ ਨੇ ਫ਼ਸਲੀ ਵਿਭਿੰਨਤਾ ਲਈ ਫ਼ੰਡ ਦੇਣ ਤੋਂ ਹੱਥ ਘੁੱਟਿਆ ਹੈ। ਹਾਲਾਂਕਿ ਜ਼ਮੀਨੀ ਪਾਣੀ ਦਾ ਡਿੱਗ ਰਿਹਾ ਪੱਧਰ ਸਰਕਾਰ ਦੇ ਏਜੰਡੇ ’ਤੇ ਹੈ। ਨਰਮਾ ਪੱਟੀ ’ਚ ਚਿੱਟੇ ਸੋਨੇ ਦੀ ਬਹਾਲੀ ਲਈ ਵੀ ਕੋਈ ਫ਼ੰਡ ਨਹੀਂ ਰੱਖੇ ਗਏ ਹਨ। ਖੇਤੀ ਅਤੇ ਸਹਿਯੋਗੀ ਖੇਤਰਾਂ ਲਈ 14,524 ਕਰੋੜ ਦਾ ਬਜਟ ਰੱਖਿਆ ਗਿਆ ਹੈ ਜੋ ਚਾਲੂ ਵਿੱਤੀ ਸਾਲ ’ਚ 13,784 ਕਰੋੜ ਰੁਪਏ ਸੀ। ਖੇਤੀ ਖੇਤਰ ਦੇ ਬਜਟ ’ਚ ਕਰੀਬ ਪੰਜ ਫ਼ੀਸਦੀ ਦਾ ਵਾਧਾ ਦੱਸਿਆ ਜਾ ਰਿਹਾ ਹੈ ਜਦੋਂ ਕਿ ਪਿਛਲੇ ਵਰ੍ਹੇ ਇਸ ਵਿੱਚ 9.3 ਫ਼ੀਸਦੀ ਦਾ ਵਾਧਾ ਹੋਇਆ ਸੀ। ਵੱਡੀ ਗੱਲ ਇਹ ਕਿ ਬਜਟ ’ਚ ਹੁਣ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਲਈ 115 ਕਰੋੜ ਦੇ ਫ਼ੰਡ ਰੱਖੇ ਗਏ ਹਨ ਜਦੋਂ ਕਿ ਸਾਲ 2024-25 ਦੇ ਬਜਟ ’ਚ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਲਈ 575 ਕਰੋੜ ਰੁਪਏ ਰੱਖੇ ਗਏ ਸਨ। ਉਸ ਤੋਂ ਪਹਿਲਾਂ ਸਾਲ 2023-24 ਦੇ ਬਜਟ ’ਚ ਫ਼ਸਲੀ ਵਿਭਿੰਨਤਾ ਦੇ ਪ੍ਰੋਗਰਾਮ ਲਈ ਇੱਕ ਹਜ਼ਾਰ ਕਰੋੜ ਰੁਪਏ ਰੱਖੇ ਗਏ ਸਨ। ਦੋ ਵਰ੍ਹਿਆਂ ’ਚ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਦਾ ਬਜਟ ਇੱਕ ਹਜ਼ਾਰ ਕਰੋੜ ਤੋਂ ਘਟ ਕੇ 115 ਕਰੋੜ ’ਤੇ ਆ ਗਿਆ ਹੈ। ਸਾਲ 2023-24 ਦੇ ਬਜਟ ਵਿੱਚ ਸਰਕਾਰ ਨੇ ਖੇਤੀ ਨੀਤੀ ਅਤੇ ਫ਼ਸਲੀ ਬੀਮਾ ਯੋਜਨਾ ਦੀ ਗੱਲ ਵੀ ਕੀਤੀ ਸੀ ਪ੍ਰੰਤੂ ਅੱਜ ਬਜਟ ਵਿੱਚ ਕਿਧਰੇ ਵੀ ਫ਼ਸਲੀ ਬੀਮਾ ਯੋਜਨਾ ਆਦਿ ਦਾ ਜ਼ਿਕਰ ਨਹੀਂ ਹੈ। ਖੇਤੀ ਤੇ ਸਹਿਯੋਗੀ ਖੇਤਰ ਦੇ ਕੁੱਲ ਬਜਟ ਦਾ 69 ਫ਼ੀਸਦੀ ਹਿੱਸਾ ਤਾਂ ਬਿਜਲੀ ਸਬਸਿਡੀ ਦਾ ਹੀ ਹੈ।
ਬਿਜਲੀ ਸਬਸਿਡੀ ਲਈ 9,992 ਕਰੋੜ ਰੁਪਏ ਰੱਖੇ ਗਏ ਹਨ। ਪੰਜਾਬ ਸਰਕਾਰ ਨੇ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17,500 ਰੁਪਏ ਦੀ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਬਠਿੰਡਾ, ਕਪੂਰਥਲਾ ਅਤੇ ਗੁਰਦਾਸਪੁਰ ਤੱਕ ਸੀਮਤ ਹੈ। ਇਸ ਸਬਸਿਡੀ ਲਈ 115 ਕਰੋੜ ਰੁਪਏ ਰੱਖੇ ਗਏ ਹਨ। ਫ਼ਸਲੀ ਰਹਿੰਦ-ਖੂੰਹਦ ਲਈ 500 ਕਰੋੜ ਰੁਪਏ ਰੱਖੇ ਗਏ ਹਨ ਜਦੋਂ ਕਿ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਕਰਨ ਲਈ 250 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ।
ਕੁੱਝ ਵਰ੍ਹੇ ਪਹਿਲਾਂ ਤੱਕ ਖੇਤੀ ਸੈਕਟਰ ਦੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀ ਵਿੱਤੀ ਮਦਦ ਲਈ ਬਜਟ ਰੱਖਿਆ ਜਾਂਦਾ ਸੀ ਪ੍ਰੰਤੂ ਉਸ ਨੂੰ ਹੁਣ ਵਿਸਾਰ ਦਿੱਤਾ ਗਿਆ ਹੈ। ਇੱਕ ਰਿਪੋਰਟ ਅਨੁਸਾਰ ਪੰਜਾਬ ਦੇ ਕਿਸਾਨਾਂ ਸਿਰ ਪ੍ਰਤੀ ਪਰਿਵਾਰ ਦੋ ਲੱਖ ਰੁਪਏ ਤੋਂ ਵੱਧ ਦਾ ਔਸਤਨ ਕਰਜ਼ਾ ਹੈ।

ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀ ਮਦਦ ਤੋਂ ਭੱਜੀ ਸਰਕਾਰ: ਜੇਠੂਕੇ
ਬੀਕੇਯੂ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਮਾਲਵਾ ਖ਼ਿੱਤੇ ’ਚ ਖ਼ੁਦਕੁਸ਼ੀਆਂ ਦਾ ਰੁਝਾਨ ਹਾਲੇ ਰੁਕਿਆ ਨਹੀਂ ਹੈ ਅਤੇ ਸਭ ਤੋਂ ਵੱਧ ਮਾਲਵਾ ਖ਼ਿੱਤਾ ਪੀੜਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਲਈ ਵਿੱਤੀ ਮਦਦ ਵਿਚ ਵਾਧਾ ਤਾਂ ਕੀ ਕਰਨਾ ਸੀ ਬਲਕਿ ਸਰਕਾਰਾਂ ਬਜਟ ਵਿੱਚ ਫ਼ੰਡਾਂ ਦੀ ਵਿਵਸਥਾ ਕਰਨ ਤੋਂ ਵੀ ਭੱਜ ਗਈਆਂ ਹਨ।

Advertisement

Advertisement