ਫਗਵਾੜਾ ਦਾ ਆਜ਼ਾਦ ਕੌਂਸਲਰ ਬਲਵੰਤ ਰਾਏ ਕਾਂਗਰਸ ’ਚ ਸ਼ਾਮਲ
ਫਗਵਾੜਾ (ਜਸਬੀਰ ਸਿੰਘ ਚਾਨਾ): ਬੰਗਾ ਦੇ ਅਨਮੋਲ ਪੈਲੇਸ ਵਿੱਚ ਹੋਏ ਸਮਾਗਮ ਦੌਰਾਨ ਸ਼ਹਿਰ ਦੇ ਵਾਰਡ ਨੰਬਰ-44 ਤੋਂ ਚੁਣੇ ਗਏ ਆਜ਼ਾਦ ਕੌਂਸਲਰ ਬਲਵੰਤ ਰਾਏ ਕੋਟਰਾਣੀ ਨੇ ਕਾਂਗਰਸ ’ਚ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸੂਬਾ ਜੁਆਇੰਟ ਸਕੱਤਰ ਰੁਪਿੰਦਰ ਕੌਰ ਹੋਠੀ ਵੀ ਕਾਂਗਰਸ ’ਚ ਸ਼ਾਮਲ ਹੋ ਗਈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਐੱਮਐੱਲਏ ਫਗਵਾੜਾ ਤੋਂ ਇਲਾਵਾ ਸੀਨੀਅਰ ਸੂਬਾਈ ਆਗੂਆਂ ਕੈਪਟਨ ਸੰਦੀਪ ਸੰਧੂ ਅਤੇ ਸੋਨੂੰ ਢੇਸੀ ਨੇ ਉਨ੍ਹਾਂ ਦਾ ਪਾਰਟੀ ’ਚ ਸਵਾਗਤ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਨਗਰ ਨਿਗਮ ਚੋਣਾਂ ’ਚ ‘ਆਪ’ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸੱਤਾਧਾਰੀ ‘ਆਪ’ ਦੇ ਕਈ ਹੋਰ ਕੌਂਸਲਰ ਅਤੇ ਵਰਕਰ ਵੀ ਕਾਂਗਰਸ ਪਾਰਟੀ ਦੇ ਸੰਪਰਕ ਵਿੱਚ ਹਨ। ਉਨ੍ਹਾਂ ਸੰਕੇਤ ਦਿੱਤਾ ਕਿ ਆਉਣ ਵਾਲੇ ਦਿਨਾਂ ’ਚ ‘ਆਪ’ ਪਾਰਟੀ ਵਿੱਚ ਹੋਰ ਵੀ ਕਈ ਧਮਾਕੇ ਹੋਣ ਵਾਲੇ ਹਨ। ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੇ ਕਿਹਾ ਕਿ ਫਗਵਾੜਾ ਨਗਰ ਨਿਗਮ ’ਤੇ ਕਬਜ਼ਾ ਕਰਨ ਦੇ ‘ਆਪ’ ਪਾਰਟੀ ਦੇ ਮਨਸੂਬਿਆਂ ਨੂੰ ਕਦੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜਲਦੀ ਹੀ ਕਾਂਗਰਸ ਪਾਰਟੀ ਹਾਊਸ ’ਚ ਆਪਣਾ ਬਹੁਮਤ ਸਾਬਤ ਕਰੇਗੀ।