ਪੰਨੂ ਜਾਤ ਤੇ ਧਰਮ ਦੇ ਨਾਂ ’ਤੇ ਲੋਕਾਂ ਨੂੰ ਲੜਾਉਣਾ ਚਾਹੁੰਦੈ: ਗਿਆਸਪੁਰਾ
ਆਤਿਸ਼ ਗੁਪਤਾ
ਚੰਡੀਗੜ੍ਹ, 5 ਅਪਰੈਲ
ਆਮ ਆਦਮੀ ਪਾਰਟੀ ਪੰਜਾਬ ਨੇ ਖ਼ਾਲਿਸਤਾਨ ਸਮਰਥਕ ਗੁਰਪਤਵੰਤ ਪੰਨੂ ਵੱਲੋਂ ਵਿਦੇਸ਼ ਵਿੱਚ ਬੈਠ ਕੇ ਡਾ. ਭੀਮ ਰਾਓ ਅੰਬੇਡਕਰ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਦੀ ਨਿੰਦਾ ਕੀਤੀ ਹੈ। ਇਸ ਬਾਰੇ ‘ਆਪ’ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਫ਼ਰਤ ਦੀ ਗੱਲ ਕਰਨ ਵਾਲਾ ਵਿਅਕਤੀ ਸਿੱਖ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ,‘ਸਾਡੇ ਗੁਰੂਆਂ ਨੇ ਸਾਨੂੰ ਨਫ਼ਰਤ ਤੇ ਹਿੰਸਾ ਦੀ ਗੱਲ ਕਰਨੀ ਨਹੀਂ ਸਿਖਾਈ, ਸਾਨੂੰ ‘ਸਰਬੱਤ ਦਾ ਭਲਾ’ ਕਰਨ ਦਾ ਪਾਠ ਪੜ੍ਹਾਇਆ ਹੈ।’ ਉਨ੍ਹਾਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ, ਉਹ ਗੁਰੂਆਂ ਵੱਲੋਂ ਸਾਨੂੰ ਦਿੱਤੀਆਂ ਗਈਆਂ ਸਿੱਖਿਆਵਾਂ ’ਤੇ ਖਰਾ ਨਹੀਂ ਉਤਰਦਾ।
ਗਿਆਸਪੁਰਾ ਨੇ ਕਿਹਾ ਕਿ ਪੰਨੂ ਵਰਗੇ ਲੋਕ ਧਰਮ ਅਤੇ ਜਾਤ ਦੇ ਨਾਂ ’ਤੇ ਆਮ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਹਨ। ਪੰਜਾਬ ਦੇ ਵਾਸੀ ਅਜਿਹੇ ਲੋਕਾਂ ਨੂੰ ਕਦੇ ਵੀ ਪਸੰਦ ਨਹੀਂ ਕਰਨਗੇ। ਉਨ੍ਹਾਂ ਪੰਨੂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਵਿਦੇਸ਼ ਦੀ ਧਰਤੀ ’ਤੇ ਬੈਠ ਕੇ ਭੜਕਾਊ ਗੱਲਾਂ ਕਰਨ ਦੀ ਥਾਂ, ਪੰਜਾਬ ਆ ਕੇ ਗੱਲ ਕਰੇ। ਉਨ੍ਹਾਂ ਕਿਹਾ ਕਿ 14 ਅਪਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਸੂਬੇ ਭਰ ਵਿੱਚ ਧੂਮਧਾਮ ਮਨਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਦੇ ਬੁੱਤਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।